ਭਾਈ ਹਰਦੀਪ ਸਿੰਘ ਡਿਬਡਿਬਾ ਵੱਲੋਂ ਨੌਜਵਾਨਾਂ ਨੂੰ ਇੱਕਜੁੱਟ ਹੋਣ ਦਾ ਸੱਦਾ

ਦਿੱਲੀ ਦੀਆਂ ਬਰੂਹਾਂ ਉੱਤੇ ਚੱਲ ਰਹੇ ਕਿਸਾਨ ਅੰਦੋਲਨ ਦੀ ਮਜਬੂਤੀ ਲਈ 25 ਮਾਰਚ ਨੂੰ ਪੰਜਾਬ ਅਤੇ ਹਰਿਆਣੇ ਵਿੱਚੋਂ ਨੌਜਵਾਨਾਂ ਦਾ ਮਹਾਂ-ਕਾਫਿਲਾ ਕਿਸਾਨੀ ਸੰਘਰਸ਼ ਦੇ ਸਿੰਘੂ ਮੋਰਚੇ ਵਿਖੇ ਪਹੁੰਚ ਕੇ ‘ਨੌਜਵਾਨ-ਕਿਸਾਨ ਮੋਰਚਾ ਇੱਕਜੁੱਟਤਾ’ ਦਾ ਸੁਨੇਹਾ ਦੇਵੇਗਾ। 26 ਜਨਵਰੀ ਦੀ ਕਿਸਾਨ ਪਰੇਡ ਦੌਰਾਨ ਗੋਲੀ ਲੱਗਣ ਕਾਰਨ ਸ਼ਹੀਦ ਹੋਣ ਵਾਲੇ ਨੌਜਵਾਨ ਨਵਰੀਤ ਸਿੰਘ ਦੇ ਦਾਦਾ ਜੀ ਭਾਈ ਹਰਦੀਪ ਸਿੰਘ ਡਿਬਡਿਬਾ ਨੇ ਕਿਸਾਨ ਅੰਦੋਲਨ ਦੀ ਮਜਬੂਤੀ ਲਈ ਨੌਜਵਾਨਾਂ ਨੂੰ 25 ਮਾਰਚ ਨੂੰ ‘ਸ਼ਹੀਦ ਨਵਰੀਤ ਸਿੰਘ ਨੌਜਵਾਨ-ਕਿਸਾਨ ਮੋਰਚਾ ਇੱਕਜੁਟਤਾ ਮਾਰਚ’ ਕਰਕੇ ਹਜ਼ਾਰਾਂ ਦੀ ਗਿਣਤੀ ਵਿੱਚ ਸਿੰਘੂ ਬਾਰਡਰ ਵਾਲੇ ਮੋਰਚੇ ਵਿੱਚ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਹੈ। ਉਹਨਾ ਪੰਜਾਬ ਅਤੇ ਹਰਿਆਣੇ ਦੇ ਨੌਜਵਾਨਾਂ ਨੂੰ ਸੱਦਾ ਦਿੱਤਾ ਹੈ।

ਕੇਂਦਰੀ ਸ੍ਰੀ ਗੁਰੂ ਸਿੰਘ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਪੂ ਹਰਦੀਪ ਸਿੰਘ ਡਿਬਡਿਬਾ ਨੇ ਕਿਹਾ ਕਿ ਉਹ ਇਹ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦੇ ਪੋਤਰੇ ਨਵਰੀਤ ਸਿੰਘ ਦੀ ਸ਼ਹਾਦਤ ਨਾਲ ਕਿਸਾਨੀ ਅੰਦੋਲਨ ਪ੍ਰਤੀ ਉਹਨਾਂ ਦੀ ਜਿੰਮੇਵਾਰੀ ਹੋਰ ਵੀ ਵਧ ਗਈ ਹੈ। ਉਹਨਾਂ ਕਿਹਾ ਅੱਜ ਕਿਸਾਨੀ ਸੰਘਰਸ਼ ਜਿਸ ਪੜਾਅ ਉੱਤੇ ਪੁੱਜ ਚੁੱਕਾ ਹੈ ਓਥੇ ਇਹ ਜਰੂਰੀ ਹੋ ਗਿਆ ਹੈ ਕਿ ਇਸ ਸੰਘਰਸ਼ ਨਾਲ ਜੁੜਿਆ ਹਰ ਵਰਗ ਅਤੇ ਹਿੱਸਾ ਇੱਕਜੁਟਤਾ ਨਾਲ ਇਸ ਦੀ ਕਾਮਯਾਬੀ ਲਈ ਆਪਣਾ ਤਾਣ ਲਾਵੇ।

ਉਹਨਾਂ ਕਿਹਾ ਕਿ ਨੌਜਵਾਨਾਂ ਦੀ ਉਤਸ਼ਾਹ ਭਰਪੂਰ ਸ਼ਮੂਲੀਅਤ ਮੌਜੂਦਾ ਕਿਸਾਨੀ ਅੰਦੋਲਨ ਦੀ ਮਜਬੂਤੀ ਦਾ ਅਧਾਰ ਹੈ ਅਤੇ ਉਹਨਾਂ ਨੂੰ ਵਿਸ਼ਵਾਸ਼ ਹੈ ਕਿ ਨੌਜਵਾਨ ਆਪਣੀ ਬਣਦੀ ਭੂਮਿਕਾ ਨਿਭਾਉਣ ਲਈ ਪਹਿਲਾਂ ਨਾਲੋਂ ਵੀ ਵਧੇਰੇ ਉਤਸ਼ਾਹ ਵਿਖਾਉਣਗੇ। ਬਾਪੂ ਹਰਦੀਪ ਸਿੰਘ ਡਿਬਡਿਬਾ ਨੇ ਪੰਜਾਬ ਅਤੇ ਹਰਿਆਣੇ ਦੇ ਨੌਜਵਾਨਾਂ ਦੇ ਨਾਂ ਸੁਨੇਹਾ ਦਿੰਦਿਆਂ ਕਿਹਾ ਕਿ ਨੌਜਵਾਨ ਅੱਜ ਤੋਂ ਹੀ ਆਪਣੇ-ਆਪਣੇ ਇਲਾਕੇ ਵਿੱਚ ਇਸ ਇੱਕਜੁਟਤਾ ਮਾਰਚ ਲਈ ਲਾਮਬੰਦੀ ਸ਼ੁਰੂ ਕਰ ਦੇਣ ਅਤੇ 25 ਮਾਰਚ ਨੂੰ ਵੱਖ-ਵੱਖ ਕਾਫਿਲੇ ਕਿਸਾਨੀ ਸੰਘਰਸ਼ ਦੀ ਚੜ੍ਹਦੀਕਲਾ ਲਈ ਅਰਦਾਸ ਕਰਕੇ ਸਿੰਘੂ ਬਾਰਡਰ ਦੇ ਮੋਰਚੇ ਵੱਲ ਰਵਾਨਗੀ ਪਾਉਣਗੇ।

ਉਹਨਾਂ ਕਿਹਾ ਕਿ ਜਿੱਥੇ ਇਸ ਇੱਕਜੁਟਤਾ ਮਾਰਚ ਨਾਲ ਕਿਸਾਨੀ ਸੰਘਰਸ਼ ਵਿੱਚ ਉਤਸ਼ਾਹ ਅਤੇ ਚੜ੍ਹਦੀਕਲਾ ਵਾਲਾ ਮਹੌਲ ਉਤਸ਼ਾਹਿਤ ਹੋਵੇਗਾ ਓਥੇ ਇਹ ਸੁਨੇਹਾ ਵੀ ਜਾਵੇਗਾ ਕਿ ਇਸ ਅੰਦਲੋਨ ਦੀ ਕਾਮਯਾਬੀ ਲਈ ਨੌਜਵਾਨ ਅਤੇ ਕਿਸਾਨ ਮੋਰਚਾ ਇੱਕਜੁੱਟ ਹਨ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਹਨਾਂ ਕਿਹਾ ਕਿ ਇੱਕਜੁਟਤਾ ਮਾਰਚ ਦੀ ਤਿਆਰੀ ਲਈ ਉਹ ਆਉਂਦੇ ਦਿਨਾਂ ਵਿੱਚ ਪੰਜਾਬ ਵਿੱਚ ਹੋਣ ਵਾਲੀਆਂ ਇਕੱਤਰਤਾਵਾਂ ਵਿੱਚ ਵੀ ਸ਼ਮੂਲੀਅਤ ਕਰਨਗੇ। ਉਹਨਾਂ ਆਸ ਪ੍ਰਗਟਾਈ ਕਿ ਨੌਜਵਾਨ ਆਪਣੇ-ਆਪ ਵੀ ਇਸ ਮਾਰਚ ਦੀ ਤਿਆਰੀ ਲਈ ਹੁਣ ਤੋਂ ਹੀ ਜੁਟ ਜਾਣਗੇ ਅਤੇ 25 ਤਰੀਕ ਨੂੰ ਹੋਣ ਵਾਲੇ ਮਾਰਚ ਵਿੱਚ ਨੌਜਵਾਨਾਂ ਦੀ ਸ਼ਮੂਲੀਅਤ ਉਤਸ਼ਾਹ ਭਰਪੂਰ ਹੋਵੇਗੀ।

  • 176
  •  
  •  
  •  
  •