ਅੱਜ ‘ਤੇ ਵਿਸ਼ੇਸ਼: ਸਿੱਖ ਰਾਜ ਦਾ ਥੰਮ੍ਹ ਅਕਾਲੀ ਫੂਲਾ ਸਿੰਘ

-ਹਰਦੀਪ ਸਿੰਘ ਝੱਜ

ਹਰ ਦੇਸ਼ ਅਤੇ ਕੌਮ ਲਈ ਉਸ ਦੇ ਵੱਡੇ-ਵਡੇਰਿਆਂ ਦੇ ਜੀਵਨ ਬ੍ਰਿਤਾਂਤ ਅਨਮੋਲ ਖਜ਼ਾਨਾ ਹੁੰਦੇ ਹਨ। ਅਕਾਲੀ ਫੂਲਾ ਸਿੰਘ ਵੀ ਉਨ੍ਹਾਂ ਯੋਧਿਆਂ ’ਚੋਂ ਇੱਕ ਹਨ, ਜਿਨ੍ਹਾਂ ਨੇ ਆਪਣੇ ਸਿੱਖੀ ਜੀਵਨ, ਸਦਾਚਾਰਕ ਉੱਚਤਾ ਅਤੇ ਲਾਸਾਨੀ ਕੁਰਬਾਨੀ ਰਾਹੀਂ ਸਿੱਖ ਇਤਿਹਾਸ ਦੇ ਸੁਨਿਹਰੀ ਪੰਨਿਆਂ ’ਤੇ ਅਜਿਹੀ ਗਹਿਰੀ ਛਾਪ ਛੱਡੀ ਕਿ ਸਿੱਖ ਕੌਮ ਉਨ੍ਹਾਂ ਦੁਆਰਾ ਪਾਈਆਂ ਪੈੜਾਂ ਤੋਂ ਅਗਵਾਈ ਲੈਂਦੀ ਰਹੇਗੀ। ਇਸ ਸੂਰਮੇ ਦਾ ਜਨਮ ਨਿਸ਼ਾਨਵਾਲੀਆ ਮਿਸਲ ਨਾਲ ਸਬੰਧਿਤ ਸਰਦਾਰਾਂ ’ਚੋਂ ਪਿੰਡ ਸ਼ੀਹਾਂ (ਜ਼ਿਲ੍ਹਾ ਬਾਂਗਰ) ਵਿਚ ਈਸ਼ਰ ਸਿੰਘ ਦੇ ਘਰ 14 ਜਨਵਰੀ, 1761 ਈ: (1818 ਬ੍ਰਿਕਮੀ) ਨੂੰ ਹੋਇਆ। ਇਸ ਪਿੰਡ ਦਾ ਅਜੋਕਾ ਨਾਂ ਪਿੰਡ ਦੇਹਲਾ ਹੈ, ਜੋ ਕਿ ਤਹਿਸੀਲ ਸੁਨਾਮ, ਜ਼ਿਲ੍ਹਾ ਸੰਗਰੂਰ ਵਿਚ ਸਥਿਤ ਹੈ। ਅਕਾਲੀ ਫੂਲਾ ਸਿੰਘ ਇੱਕ ਸਾਲ ਦੇ ਹੀ ਸਨ, ਜਦੋਂ ਪਿਤਾ ਈਸ਼ਰ ਸਿੰਘ 5 ਫਰਵਰੀ, 1762ਈ. ਦੇ ਵੱਡੇ ਘੱਲੂਘਾਰੇ ਵਿਚ ਸ਼ਹੀਦ ਹੋ ਗਏ। ਮਗਰੋਂ ਸ਼ਹੀਦ ਮਿਸਲ ਦੇ ਬਾਬਾ ਨਰੈਣ ਸਿੰਘ (ਨੈਣਾ) ਬਾਲਕ ਫੂਲਾ ਸਿੰਘ ਨੂੰ ਆਨੰਦਪੁਰ ਸਾਹਿਬ ਆਪਣੇ ਡੇਰੇ ਵਿਚ ਲੈ ਗਏ। ਉਨ੍ਹਾਂ ਨੇ ਹੀ ਫੂਲਾ ਸਿੰਘ ਨੂੰ 10-12 ਸਾਲ ਦੀ ਉਮਰ ਵਿੱਚ ਅੰਮ੍ਰਿਤ ਛਕਾਇਆ ਤੇ ਨਿਤਨੇਮ ਦੀ ਬਾਣੀ, ਨੇਜ਼ਾਬਾਜੀ, ਘੋੜਾਸਵਾਰੀ ਤੇ ਸ਼ਸਤਰ ਵਿੱਦਿਆ ਵਿਚ ਨਿਪੁੰਨ ਕੀਤਾ, ਜਿਸ ਕਾਰਨ ਉਹ ਯੁੱਧ-ਕਲਾ ਵਿਚ ਸਦਾ ਜੇਤੂ ਰਿਹਾ। ਉਹ ਬਾਬਾ ਨਰੈਣ ਸਿੰਘ ਦੇ ਅਕਾਲ ਚਲਾਣੇ ਪਿੱਛੋਂ ਸ਼ਹੀਦ ਮਿਸਲ ਦੇ ਜਥੇਦਾਰ ਬਣੇ।

ਅਕਾਲੀ ਫੂਲਾ ਸਿੰਘ ਦਾ 19ਵੀਂ ਸਦੀ ਦੀ ਪਹਿਲੀ ਚੌਥਾਈ ਵਿੱਚ ਖ਼ਾਲਸਾ ਰਾਜ ਨੂੰ ਸਥਾਪਿਤ ਅਤੇ ਵਿਸਥਾਰ ਕਰਨ ਵਿਚ ਵਡਮੁੱਲਾ ਯੋਗਦਾਨ ਰਿਹਾ। ਉਹ ਮਹਾਰਾਜਾ ਰਣਜੀਤ ਸਿੰਘ ਦੇ ਜਰਨੈਲਾਂ ’ਚੋਂ ਇੱਕ ਸਨ, ਜਿਨ੍ਹਾਂ ਨੇ ਕਸੂਰ (1807), ਮੁਲਤਾਨ (1818) ਅਤੇ ਕਸ਼ਮੀਰ (1819) ਵਰਗੇ ਸ਼ਕਤੀਸ਼ਾਲੀ ਅਫ਼ਗਾਨ ਪ੍ਰਾਂਤਾ ਨੂੰ ਜਿੱਤ ਕੇ ਖ਼ਾਲਸੇ ਦੀ ਸ਼ਕਤੀ ਨੂੰ ਦੂਰ-ਦੂਰ ਤੱਕ ਸਥਾਪਿਤ ਕੀਤਾ। ਉਸ ਨੇ 1800 ਈ: ਵਿਚ ਅੰਮ੍ਰਿਤਸਰ ਨੂੰ ਆਪਣਾ ਕੇਂਦਰ ਬਣਾ ਕੇ ਅਕਾਲ ਤਖ਼ਤ ਸਾਹਿਬ ਤੇ ਹੋਰ ਗੁਰਦੁਆਰਿਆਂ ’ਚੋਂ ਮਹੰਤਾਂ ਵੱਲੋਂ ਸ਼ੁਰੂ ਕੀਤੀ ਬ੍ਰਾਹਮਣੀ-ਮਰਿਆਦਾ ਦਾ ਖਾਤਮਾ ਕਰਕੇ ਅੰਮ੍ਰਿਤ ਸਰੋਵਰ ਦੀ ਕਾਰ ਸੇਵਾ ਕਰਵਾਈ।

ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦਾ ਵਾਕਿਆ ਨਵੀਸ (ਰੋਜ਼ਨਾਮਚਾ) ਸੋਹਣ ਲਾਲ ਸੂਰੀ ਲਿਖਦਾ ਹੈ ਕਿ 1805 ਈ: ਵਿਚ ਰਣਜੀਤ ਸਿੰਘ ਨੇ ਅੰਮ੍ਰਿਤਸਰ ਸ਼ਹਿਰ ’ਤੇ ਹਮਲਾ ਕਰਕੇ ਕਬਜ਼ਾ ਕਰ ਲਿਆ, ਜਿਹੜਾ ਗੁਲਾਬ ਸਿੰਘ ਭੰਗੀ ਦੀ ਵਿਧਵਾ ਮਾਈ ਸੁੱਖਾਂ ਦੇ ਅਧੀਨ ਸੀ। ਇਸ ਜਿੱਤ ਮਗਰੋਂ ਅੰਮ੍ਰਿਤਸਰ ਦਾ ਨੇਤਾ ਅਕਾਲੀ ਫੂਲਾ ਸਿੰਘ ਆਪਣੇ ਦੋ-ਤਿੰਨ ਹਜ਼ਾਰ ਨਿਹੰਗਾਂ ਸਮੇਤ ਮਹਾਰਾਜੇ ਦੀ ਸੈਨਾ ਵਿੱਚ ਸ਼ਾਮਲ ਹੋ ਗਿਆ। ਕਿਹਾ ਜਾਂਦਾ ਹੈ, ਕਿ ਅਕਾਲੀ ਫੂਲਾ ਸਿੰਘ ਦੀ ਸਲਾਹ ’ਤੇ ਮਹਾਰਾਜੇ ਨੇ ਭੰਗੀ ਸਰਦਾਰ ਦੀ ਵਿਧਵਾ ਮਾਈ ਸੁੱਖਾਂ ਤੇ ਉਸ ਦੇ ਪੁੱਤਰ ਗੁਰਦਿੱਤ ਨੂੰ ਜਾਗੀਰ ਦੇ ਦਿੱਤੀ। ਅਕਾਲੀ ਫੂਲਾ ਸਿੰਘ ਨੂੰ ਮਹਾਰਾਜੇ ਦੀ ਸੈਨਾ ਵਿੱਚ ਅਕਾਲੀ ਫੌਜ ਦਾ ਮੁਖੀ ਬਣਾਇਆ ਗਿਆ। ਉਹ ਮਹਾਰਾਜੇ ਦੇ ਫ਼ੌਜੀਆਂ ’ਚੋਂ ਸਭ ਤੋਂ ਦਲੇਰ ਸੀ, ਉਸ ਦੇ ਜਥੇ ਵਿਚ 1200 ਸਵਾਰ ਤੇ 1800 ਸੈਨਿਕ ਸਨ। ਉਹ ਪੱਕਾ ਸਿੱਖ ਸ਼ਰਧਾਲੂ, ਨਿਰਭੈਅ ਤੇ ਨਿਧੜਕ ਜਰਨੈਲ ਸੀ। ਨਿਧੜਕ ਹੋਣ ਕਰਕੇ ਹੀ ਉਸ ਨੇ ਸਿੱਖ ਮਰਿਆਦਾ ਭੰਗ ਕਰਨ ’ਤੇ ਮਹਾਰਾਜਾ ਰਣਜੀਤ ਸਿੰਘ ਨੂੰ ਤਨਖਾਹ ਲਾਈ ਸੀ।

ਸੰਨ 1816 ਈ: ਵਿਚ ਅਕਾਲੀ ਫੂਲਾ ਸਿੰਘ ਨੇ ਪੱਛਮੀ ਤੇ ਦੱਖਣੀ ਪੰਜਾਬ ਵਿਚ ਮੁਲਤਾਨ ਤੇ ਬਹਾਵਲਪੁਰ ਦੇ ਨਵਾਬਾਂ ਵਿਰੁੱਧ ਕਰ ਅਦਾ ਨਾ ਕਰਨ ’ਤੇ ਫੌਜ ਦੀ ਅਗਵਾਈ ਕੀਤੀ। 1817 ਈ. ਵਿਚ ਅਕਾਲੀ ਫੂਲਾ ਸਿੰਘ ਨੂੰ ਕਰ ਉਗਰਾਹੁਣ ਲਈ ਹਜ਼ਾਰਾ ਭੇਜਿਆ ਗਿਆ। ਉੱਥੋਂ ਦੇ ਪ੍ਰਬੰਧਕ ਨੇ ਬਕਾਇਆ ਕਰ ਦੇ ਦਿੱਤਾ ਤੇ ਉਸ ਨੂੰ ਪਹਿਲਾਂ ਵਾਂਗ ਹੀ ਪਦਵੀ ’ਤੇ ਰਹਿਣ ਦਿੱਤਾ ਗਿਆ। 1816 ਈ: ਦੀ ਮੁਲਤਾਨ ਜਿੱਤ ਵਿੱਚ ਅਕਾਲੀ ਫੂਲਾ ਸਿੰਘ ਨੇ ਜਿਹੜੀ ਬੀਰਤਾ ਵਿਖਾਈ, ਉਸ ਦਾ ਦਸੰਬਰ 1846 ਈ: ਦਾ ਕਲਕੱਤਾ ਰੀਵਿਊ (ਜਿਲਦ 6 ਪੰਨਾ. 279) ਇੰਝ ਦੱਸਦਾ ਹੈ ‘‘ਜੇਕਰ ਅਕਾਲੀ ਫੂਲਾ ਸਿੰਘ ਲੋਹੇ ਵਰਗਾ ਹੌਂਸਲਾ ਕਰਕੇ ਮੋਰਚੇ ’ਚੋਂ ਆਪਣਾ ਜਥਾ ਲੈ ਕੇ ਹਨੇਰੀ ਵਾਂਗ ਅੰਦਰ ਨਾ ਜਾਂਦਾ ਤਾਂ ਰਣਜੀਤ ਸਿੰਘ ਦੀ ਸਾਰੀ ਸੈਨਾ ਮੁਲਤਾਨ ਤੋਂ ਪਿੱਛੇ ਧੱਕੀ ਜਾਣੀ ਸੀ।’’ ਇਹੀ ਕਾਰਨ ਸੀ ਕਿ ਮੁਲਤਾਨ ਦੀ ਜਿੱਤ ਮਗਰੋਂ ਮਹਾਰਾਜਾ ਨੇ ਅਕਾਲੀ ਫੂਲਾ ਸਿੰਘ ਨੂੰ ‘ਖਾਲਸਾ ਰਾਜ ਦਾ ਰਾਖਾ’ ਆਖ ਕੇ ਸਨਮਾਨਿਆ ਸੀ।

15 ਅਕਤੂਬਰ, 1818 ਨੁੰ ਰਣਜੀਤ ਸਿੰਘ ਨੇ ਸੈਨਾ ਸਮੇਤ ਲਾਹੌਰ ਤੋਂ ਪਿਸ਼ਾਵਰ ਵੱਲ ਕੂਚ ਕੀਤਾ। ਉਸ ਦੇ ਨਾਲ ਦੋ ਜਰਨੈਲ ਅਕਾਲੀ ਫੂਲਾ ਸਿੰਘ ਤੇ ਸਰਦਾਰ ਹਰੀ ਸਿੰਘ ਨਲਵਾ ਵੀ ਸਨ। ਪਠਾਣਾਂ ਨੇ ਸਿੱਖ ਫ਼ੌਜ ਦੇ ਰਸਤੇ ਬੰਦ ਕਰਕੇ ਸੈਂਕੜੇ ਸਿੱਖ ਸੈਨਿਕ ਸ਼ਹੀਦ ਕਰ ਦਿੱਤੇ। ਇਸ ਸਮੇਂ ਰਣਜੀਤ ਸਿੰਘ ਨੇ ਅਕਾਲੀ ਫੂਲਾ ਸਿੰਘ ਤੋਂ ਸਹਾਇਤਾ ਮੰਗੀ। ਅਕਾਲੀ ਫੂਲਾ ਸਿੰਘ ਦੀ ਅਗਵਾਈ ਹੇਠ ਅਕਾਲੀ ਪਠਾਣਾਂ ’ਤੇ ਟੁੱਟ ਪਏ। ਇਨ੍ਹਾਂ ਦੀਆਂ ਤੇਗ਼ਾਂ ਅੱਗੇ ਪਠਾਣ ਖੜ੍ਹ ਨਾ ਸਕੇ। 20 ਨਵੰਬਰ, 1818 ਨੂੰ ਲਾਹੌਰ ਦਰਬਾਰ ਦੀਆਂ ਫ਼ੌਜਾਂ ਦਾ ਪਿਸ਼ਾਵਰ ’ਤੇ ਕਬਜ਼ਾ ਹੋ ਗਿਆ। ਅਗਲੀ ਮੁਹਿੰਮ ਜਿਸ ਵਿੱਚ ਅਕਾਲੀ ਫੂਲਾ ਸਿੰਘ ਨੇ ਹਿੱਸਾ ਲਿਆ, ਉਹ 1819 ਈ: ਵਿਚ ਕਸ਼ਮੀਰ ਦੀ ਸੀ। ਇਸ ਸਮੇਂ ਦੌਰਾਨ ਕਸ਼ਮੀਰ ਦਾ ਕਾਰਜਕਾਰੀ ਸੂਬੇਦਾਰ ਜੱਬਾਰ ਖਾਂ ਆਪਣੇ ਕਿਲ੍ਹੇ ਵਿਚ ਆਕੀ ਹੋਇਆ ਬੈਠਾ ਸੀ। ਅਕਾਲੀ ਫੂਲਾ ਸਿੰਘ ਨੇ ਉਸ ਨੂੰ ਕਿਲ੍ਹੇ ’ਚੋਂ ਕੱਢ ਕੇ ਉਸ ਦੇ ਪੁੱਤਰਾਂ ਸਮੇਤ ਕੈਦੀ ਬਣਾ ਲਿਆ। ਇਸ ਜਿੱਤ ’ਤੇ ਮਹਾਰਾਜਾ ਨੇ ਲਾਹੌਰ ਵਿੱਚ ਦੀਪ-ਮਾਲਾ ਕੀਤੀ ਤੇ ਅਕਾਲੀ ਫੂਲਾ ਸਿੰਘ ਨੂੰ ‘ਮਹਾਂਬਲੀ’ ਦੀ ਉਪਾਧੀ ਦਿੱਤੀ।

ਆਖ਼ਰ ਮਹੁੰਮਦ ਆਜ਼ਿਮ ਖਾਂ ਦੇ ਕਰੀਬ 20,000 ਸੈਨਿਕਾਂ ਵਿਰੁੱਧ 14 ਮਾਰਚ, 1823 (1 ਚੇਤ ਸੰਮਤ 1879) ਨੂੰ ਅਕਾਲੀ ਫੂਲਾ ਸਿੰਘ ਨੇ ਲੜਾਈ ਵਿਚ ਲੜਦਿਆਂ ਹੋਇਆਂ ਨੌਸ਼ਹਿਰੇ (ਟਿੱਬਾ-ਟੇਹਰੀ) ਦੇ ਅਸਥਾਨ ’ਤੇ ਆਪਣੇ 500 ਸਾਥੀਆਂ ਸਮੇਤ ਅਦੁੱਤੀ ਦਲੇਰੀ ਤੇ ਬਹਾਦਰੀ ਦਾ ਸਬੂਤ ਦਿੰਦੇ ਹੋਏ ਵੀਰਗਤੀ ਪ੍ਰਾਪਤ ਕੀਤੀ। ਗਣੇਸ਼ ਦਾਸ ਵਡਹੇਰਾ ਲਿਖਦਾ ਹੈ ਕਿ ਅਕਾਲੀ ਫੂਲਾ ਸਿੰਘ ਦੀ ਸ਼ਹੀਦੀ ਦੀ ਖ਼ਬਰ ਸੁਣਦਿਆਂ ਹੀ ਰਣਜੀਤ ਸਿੰਘ ਦੀਆਂ ਅੱਖਾਂ ਭਰ ਆਈਆਂ ਤੇ ਉਹ ਆਖਣ ਲੱਗੇ:

ਫੂਲਾ ਸਿੰਘ ਜਬ ਮਾਰਿਓ ਸੁਣੀ ਸਾਰ ਸਰਕਾਰ,
ਐਸੋ ਸਿੰਘ ਮਹਾਂਬਲੀ, ਵਿਰਲਾ ਹਮ ਦਰਬਾਰ

ਅਕਾਲੀ ਫੂਲਾ ਸਿੰਘ ਦਾ ਸਸਕਾਰ, ਨੌਸ਼ਹਿਰਾ ਤੋਂ 6 ਕਿਲੋਮੀਟਰ ਪੂਰਬ ਵਿਚ ਪੀਰਸਬਾਕ ਦੇ ਸਥਾਨ ’ਤੇ ਕੀਤਾ ਗਿਆ।

-ਸੰਪਰਕ: 94633-64992

  • 155
  •  
  •  
  •  
  •