ਖੇਤੀ ਕਾਨੂੰਨਾਂ ਖਿਲਾਫ਼ ਸੰਯੁਕਤ ਕਿਸਾਨ ਮੋਰਚੇ ਨੇ ਸੰਯੁਕਤ ਰਾਸ਼ਟਰ ‘ਚ ਕੀਤੀ ਪਹੁੰਚ

ਸੰਯੁਕਤ ਕਿਸਾਨ ਮੋਰਚੇ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਸੰਘਰਸ਼ ਦੀ ਅਵਾਜ਼ ਨੂੰ ਸੰਯੁਕਤ ਰਾਸ਼ਟਰ ਵਿਚ ਉਠਾਇਆ ਹੈ। ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਕੋਆਰਡੀਨੇਟਰ ਡਾਕਟਰ ਦਰਸ਼ਨਪਾਲ ਨੇ ਹਿਊਮਨ ਰਾਇਟਸ ਕਾਉਂਸਲ ਦੀ 46ਵੀਂ ਔਨਲਾਇਨ ਬੈਠਕ ਵਿਚ ਆਪਣੀ ਗੱਲ ਰੱਖੀ।

ਸੰਯੁਕਤ ਮੋਰਚੇ ਵਲੋਂ ਜਾਰੀ ਵੀਡੀਓ ਵਿਚ ਦਰਸ਼ਨਪਾਲ ਨੇ ਕਿਹਾ ਕਿ ਉਹ ਸੰਸਾਰ ਵਿਚ ਛੋਟੇ ਕਿਸਾਨਾਂ ਦੀ ਰੱਖਿਆ ਲਈ ਯੂਐਨ ਵਲੋਂ ਕਿਸਾਨੀ ਹੱਕਾਂ ਨੂੰ ਮਾਨਤਾ ਦੇਣ ਲਈ ਧੰਨਵਾਦੀ ਹਨ। ਦਰਸ਼ਨਪਾਲ ਨੇ ਕਿਹਾ, ”ਸਾਡੇ ਦੇਸ਼ ਨੇ ਯੂਐਨਓ ਦੇ ਮਨੁੱਖੀ ਅਧਿਕਾਰਾਂ ਬਾਰੇ ਐਲਾਨ-ਨਾਮੇ ਉੱਤੇ ਦਸਤਖ਼ਤ ਕੀਤੇ ਹਨ । ਕਾਫ਼ੀ ਸਾਲਾਂ ਲਈ ਕਿਸਾਨੀ ਹਿੱਤਾਂ ਦੀ ਰਾਖੀ ਵੀ ਹੁੰਦੀ ਰਹੀ। ਜਿਸ ਨੇ ਕਿਸਾਨਾਂ ਦੀ ਜ਼ਿੰਦਗੀ ਨੂੰ ਕੁਝ ਅਸਾਨ ਬਣਾਇਆ, ਉਸ ਨੂੰ ਘੱਟੋ ਘੱਟ ਸਮਰਥਨ ਮੁੱਲ ਕਹਿੰਦੇ ਹਨ।”

ਦਰਸ਼ਨਪਾਲ ਦਾ ਕਹਿਣਾ ਸੀ ਕਿ ਯੂਐਨ ਦਾ ਐਲਾਨ-ਨਾਮਾ ਇਸ ਗੱਲ ਉੱਤੇ ਜ਼ੋਰ ਦਿੰਦਾ ਹੈ ਕਿ ਮੁਲਕ ਖੇਤੀ ਕਾਨੂੰਨ ਅਤੇ ਨੀਤੀਆਂ ਘੜਨ ਤੋਂ ਪਹਿਲਾਂ ਕਿਸਾਨਾਂ ਨਾਲ ਸਲਾਹ ਮਸ਼ਵਰਾ ਕਰਨ। ”ਅਸੀਂ ਯੂਐਨਓ ਨੂੰ ਅਪੀਲ ਕਰਦੇ ਹਾਂ ਕਿ ਉਹ ਸਾਡੀ ਸਰਕਾਰ ਨੂੰ ਆਪਣੇ ਐਲਾਨ-ਨਾਮੇ ਦੇ ਪਾਬੰਦ ਕਰੇ। ਕਾਨੂੰਨ ਰੱਦ ਕੀਤੇ ਜਾਣ ਅਤੇ ਕਿਸਾਨ ਪੱਖੀ ਏਜੰਡੇ ਦੀ ਕਵਾਇਤ ਸ਼ੁਰੂ ਕੀਤੀ ਜਾਵੇ। ਕਿਸਾਨਾਂ ਦੇ ਹੱਕਾਂ ਦੀ ਰਾਖੀ ਲਈ ਚੰਗਾ ਮਾਹੌਲ ਸਿਰਜਿਆ ਜਾਣਾ ਚਾਹੀਦਾ ਹੈ।”

  • 1.9K
  •  
  •  
  •  
  •