16 ਮਾਰਚ 1846 (ਅੰਮ੍ਰਿਤਸਰ ਸੰਧੀ): ਜਦੋਂ ਲਾਹੌਰ ਦਰਬਾਰ ਤੋਂ ਜੰਮੂ ਕਸ਼ਮੀਰ ਖੁੱਸਿਆ

-ਬਲਦੀਪ ਸਿੰਘ ਰਾਮੂੰਵਾਲੀਆ

ਪਹਿਲੀ ਸਿੱਖ ਅੰਗਰੇਜ਼ ਜੰਗ ਵਿੱਚ ਰਾਜਾ ਗੁਲਾਬ ਸਿੰਘ ਡੋਗਰਾ ਨੂੰ, ਅੰਗਰੇਜ਼ਾਂ ਦੀ ਕੀਤੀ ਗਈ ਖਿਦਮਤ ਕਰਕੇ , 15 ਮਾਰਚ 1846 ਨੂੰ ‘ਮਹਾਰਾਜਾ’ ਦਾ ਖਿਤਾਬ ਦਿੱਤਾ ਗਿਆ। 16 ਮਾਰਚ 1846 ਨੂੰ ਅੰਗਰੇਜ਼ਾਂ ਤੇ ਗੁਲਾਬ ਸਿੰਘ ਵਿਚਕਾਰ ਅੰਮ੍ਰਿਤਸਰ ਦਾ ਅਹਿਦਨਾਮਾ ਹੋਇਆ ਤਾਂ ਗੋਰਿਆਂ ਨੇ ਉਸਨੂੰ ਲਾਹੌਰ ਦਰਬਾਰ ਨਾਲ ਕੀਤੀ ਗ਼ਦਾਰੀ ਤੇ ਇੰਗਲਸਤਾਨ ਦੀ ਵਫ਼ਾਦਾਰੀ ਬਦਲੇ ‘ਜੰਮੂ ਕਸ਼ਮੀਰ’ ਦਾ ਇਲਾਕਾ ਕੌਡੀਆਂ ਦੇ ਭਾਅ (75 ਲੱਖ) ਦੇ ਕੇ ਨਿਵਾਜ਼ਿਆ।

ਗੁਲਾਬ ਸਿੰਘ

” ਅਸੀਂ (ਅੰਗਰੇਜ਼ਾਂ) ਜੰਮੂ ਤੇ ਕਸ਼ਮੀਰ ਦਾ ਪਹਾੜੀ ਇਲਾਕਾ ਡੋਗਰੇ ਰਾਜਪੂਤ ਗੁਲਾਬ ਸਿੰਘ ਨੂੰ ਦੇ ਦਿੱਤਾ ਜਿਸ ਨੇ ਸਾਨੂੰ ਇਕ ਦਮ ਨਕਦ ਰਕਮ ਤਾਰ ਦਿੱਤੀ ਜੋ ਉਸਨੇ ਲਾਹੌਰ ਤੋਂ ਚੋਰੀ ਕੀਤੀ ਹੋਈ ਸੀ। ਓਹ (ਗੁਲਾਬ ਸਿੰਘ) ਇਕ ਬੇ-ਅਸੂਲਾ ਦੁਸ਼ਟ ਸੀ, ਪਰ ਨਿਪੁੰਨ ਹਾਕਮ ਸੀ ਅਤੇ ਖਾਲਸਿਆਂ ਦੇ ਗੁੱਸੇ ਦੇ ਉਬਾਲ ਨੂੰ ਰੋਕਣ ਲਈ ਸਾਡੀ ਸਹਾਇਤਾ ਕਰਨ ਲਈ ਸਾਡੀ ਮਰਜ਼ੀ ਅਨੁਸਾਰ ਚਲਣ ਵਾਲਾ ਬੰਦਾ ਸੀ।” (ਲਾਰਡ ਲਾਰੰਸ ਦਾ ਕਰਤਾ)

ਐਚ ਹਾਰਡਿੰਗ

” ਇਹ ਕਾਰਵਾਈ ਅੰਗਰੇਜ਼ੀ ਇੱਜ਼ਤ ਤੇ ਸ਼ਾਨ ਦੇ ਲਾਇਕ ਨਹੀਂ ਸੀ ਅਤੇ ਇਹ ਹੋਰ ਭੀ ਜਿਆਦਾ ਇਤਰਾਜ਼ ਯੋਗ ਹੋ ਜਾਂਦੀ ਹੈ ਜਦ ਇਹ ਖਿਆਲ ਕੀਤਾ ਜਾਂਦਾ ਹੈ ਕਿ ਲੜਾਈ ਲੱਗਣ ਤੋਂ ਪਹਿਲਾਂ ਗੁਲਾਬ ਸਿੰਘ ਨੇ ਆਪਣੇ ਮਹਾਰਾਜੇ (ਲਾਹੌਰ ਦਰਬਾਰ) ਨੂੰ 68 ਲੱਖ ਰੁਪਿਆ ਦੇਣਾ ਮੰਨ ਲਿਆ ਸੀ। ਪੂਰਬ ਤੇ ਪੱਛਮ ਦੇ ਚਲੇ ਆ ਰਹੇ ਰਵਾਜ ਅਨੁਸਾਰ ਜਾਗੀਰਦਾਰ ਦਾ ਫਰਜ਼ ਹੈ ਕਿ ਬਾਹਰਲੀ ਲੜਾਈ ਜਾਂ ਘਰੇਲੂ ਝਗੜੇ ਵੇਲੇ ਆਪਣੀ ਸਰਕਾਰ ਦੀ ਸਹਾਇਤਾ ਕਰੇ। ਇਸ ਲਈ ਗੁਲਾਬ ਸਿੰਘ ਨੂੰ ਆਜ਼ਾਦ ਰਾਜਾ ਦੀ ਹੈਸੀਅਤ ਵਿੱਚ ਲਾਹੌਰ ਰਾਜ ਦੇ ਸੂਬਿਆਂ ਦਾ ਕਬਜਾ ਦੇਣ ਦੀ ਥਾਂ , ਘਟਦਾ ਦਸ ਲੱਖ ਉਸ ਪਾਸੋਂ ਲਾਹੌਰ ਦੀ ਪਰਜਾ ਦੀ ਹੈਸੀਅਤ ਵਿਚ ਲੈ ਲੈਣਾ ਚਾਹੀਦਾ ਸੀ ।” (ਕਨਿੰਘਮ)

ਐਚ ਐਮ ਲਾਰੰਸ

ਜਦ ਲਾਰਡ ਐਲਨਬਰਾ ਨੇ ਗੁਲਾਬ ਸਿੰਘ ਨਾਲ ਸੰਧੀ ਦਾ ਵਿਰੋਧ ਕੀਤਾ ਤਾਂ ਉਸਨੂੰ ਹਾਰਡਿੰਗ ਨੇ ਕਿਹਾ ; “ਜਦ ਹੱਲਾ ਹੋਇਆ ਤਾਂ ਓਹ ਜੰਮੂ ਹੀ ਰਿਹਾ ਅਤੇ ਸਾਡੇ ਵਿਰੁੱਧ ਕੋਈ ਹਿੱਸਾ ਨਹੀਂ ਲਿਆ ਅਤੇ ਉਸ ਨੇ ਸਾਡੀ ਈਨ ਇਸ ਸ਼ਰਤ ਤੇ ਮੰਨੀ ਸੀ ਕਿ ਉਸਨੂੰ ਉਸ ਦਿਆਂ ਇਲਾਕਿਆਂ ਦਾ ਪੱਕਾ ਕਬਜਾ ਦੇ ਦਿੱਤਾ ਜਾਵੇਗਾ।

ਕੀ ਅਸੀਂ ਉਹ ਕੁਝ ਕਰਨ ਤੋਂ ਮੁਕਰ ਜਾਂਦੇ ….ਜਿਸ ਦਾ ਫੈਸਲਾ ਹੋਇਆ , ਹੋਇਆ ਸੀ।”

ਐਫ ਕਰੀ

ਗੁਲਾਬ ਸਿੰਘ ਡੋਗਰਾ ਸਿਰਫ ਆਪਣੇ ਹਿੱਤ ਵੇਖਦਾ ਸੀ , ਕੰਵਰ ਨੌ ਨਿਹਾਲ ਤੇ ਮਹਾਰਾਜਾ ਖੜਕ ਸਿੰਘ ਵਿਚਕਾਰ ਜਾਅਲੀ ਚਿੱਠੀਆਂ ਦੁਆਰਾ ਇਕਤਲਾਫ ਪੈਦਾ ਕਰਨ ਵਿੱਚ ਇਸਦਾ ਵੱਡਾ ਹੱਥ ਸੀ। ਮਹਾਰਾਣੀ ਚੰਦ ਕੌਰ ਤੇ ਮਹਾਰਾਜਾ ਸ਼ੇਰ ਸਿੰਘ ਵਿਚਕਾਰ ਰਿਸ਼ਤਾ ਨ ਗੰਢਿਆਂ ਜਾਵੇ , ਇਸ ਪਿੱਛੇ ਇਸ ਦੀ ਕੁਟਲਨੀਤੀ ਸੀ। ਮਹਾਰਾਣੀ ਚੰਦ ਕੌਰ ਦਾ ਸਾਰਾ ਖਜ਼ਾਨਾ ਇਸਨੇ ਹੜਪਿਆ ਸੀ, ਇਸੇ ਪੈਸੇ ਨਾਲ ਇਸਨੇ ਜੰਮੂ ਕਸ਼ਮੀਰ ਖ਼ਰੀਦਿਆ ਸੀ। ਪਹਿਲੀ ਸਿੱਖ ਅੰਗਰੇਜ਼ ਜੰਗ ਵਿਚ ਇਸਨੇ ਅੰਗਰੇਜ਼ਾਂ ਦੀ ਹਰ ਤਰ੍ਹਾਂ ਖਿਦਮਤ ਕੀਤੀ ਸੀ। ਇਸੇ ਖਿਦਮਾਤ ਦੇ ਜ਼ਰੀਏ ਇਹ ਡੋਗਰਾ ਰਾਜ ਦਾ ਸੰਸਥਾਪਕ ਬਣਿਆ।

ਅੰਮ੍ਰਿਤਸਰ ਦੀ ਸੰਧੀ – ਮਾਰਚ 16, 1846

ਬਰਤਾਨੀਆਂ ਸਰਕਾਰ ਇਕ ਧਿਰ ਤੇ ਜੰਮੂ ਦੇ ਮਹਾਰਾਜਾ ਗੁਲਾਬ ਸਿੰਘ ਨੇ ਦੂਜੀ ਧਿਰ ਵਜੋਂ ਸੰਧੀ ਕੀਤੀ। ਬਰਤਾਨਵੀ ਸਰਕਾਰ ਵਲੋਂ ਫਰੈਡਰਿਕ ਕਰੀ ਅਤੇ ਮੇਜਰ ਹੈਨਰੀ ਮੋਂਟਗੁਮਰੀ ਲਾਰੰਸ, ਸਰ ਹੈਨਰੀ ਹਾਰਡਿੰਗ ਵਲੋਂ ਨਾਮਜ਼ਦ ਮੈਂਬਰ ਹਨ। ਸਰ ਹੈਨਰੀ ਬਰਤਾਨਵੀ ਮਲਿਕਾ ਦੇ ਪੂਰਨ ਸਨਮਾਨਯੋਗ ਪ੍ਰਿਵੀ ਕੌਂਸਲ, ਈਸਟ ਇੰਡੀਆ ਕੰਪਨੀ ਦੇ ਗਵਰਨਰ ਜਨਰਲ, ਕੰਪਨੀ ਦੀ ਜਾਇਦਾਦ ਦੇ ਪ੍ਰਬੰਧਕ ਹਨ, ਉਹ ਈਸਟ ਇੰਡੀਆ ਕੰਪਨੀ ਦੇ ਸਾਰੇ ਮਾਮਲੇ ਨਜਿਠਣ ਦੇ ਹਕਦਾਰ ਹਨ। ਸਰ ਹੈਨਰੀ ਹਾਰਡਿੰਗ ਵਲੋਂ ਉਕਤ ਦੋਵੇਂ ਨੁਮਾਇੰਦੇ ਅਤੇ ਮਹਾਰਾਜਾ ਗੁਲਾਬ ਸਿੰਘ ਬਜ਼ਾਤਿ ਖੁਦ ਪੇਸ਼ ਹੋਏ, ਸਾਲ 1846.

ਧਾਰਾ 1: ਬਰਿਟਿਸ਼ ਸਰਕਾਰ ਸਿੰਧ ਦਰਿਆ ਦੇ ਪੂਰਬ ਵੱਲ ਦੀਆਂ ਅਤੇ ਰਾਵੀ ਦੇ ਪੱਛਮ ਵੱਲ ਦੀਆਂ ਸਾਰੀਆਂ ਪਹਾੜੀਆਂ ਅਤੇ ਰਿਆਸਤਾਂ, ਚੰਬੇ ਸਮੇਤ ਸਦਾ ਵਾਸਤੇ ਮਹਾਰਾਜਾ ਗੁਲਾਬ ਸਿੰਘ ਅਤੇ ਉਸਦੇ ਨਰ ਵਾਰਸਾਂ ਨੂੰ ਸੁਤੰਤਰ ਮਾਲਕੀ ਵਜੋਂ ਸੌਂਪਦੀ ਹੈ। ਇਸ ਵਿਚ ਲਾਹੌਰ ਸ਼ਾਮਲ ਨਹੀਂ ਹੈ। ਇਹ ਇਲਾਕੇ ਬਰਿਟਿਸ਼ ਸਰਕਾਰ ਨੇ ਲਾਹੌਰ ਸਟੇਟ ਪਾਸੋਂ ਲਾਹੌਰ ਸੰਧੀ ਦੀ ਧਾਰਾ ਚਾਰ ਰਾਹੀਂ 9 ਮਾਰਚ 1846 ਨੂੰ ਆਪਣੇ ਅਧੀਨ ਕੀਤੇ ਸਨ।
ਧਾਰਾ 2: ਉਕਤ ਧਾਰਾ ਰਾਹੀਂ ਮਹਾਰਾਜਾ ਗੁਲਾਬ ਸਿੰਘ ਨੂੰ ਸੌਂਪੇ ਗਏ ਇਲਾਕੇ ਦੀ ਪੂਰਬੀ ਹੱਦਬੰਦੀ ਦਾ ਫੈਸਲਾ ਬਰਿਟਿਸ਼ ਸਰਕਾਰ ਅਤੇ ਮਹਾਰਾਜਾ ਗੁਲਾਬ ਸਿੰਘ ਦੇ ਨੁਮਾਇੰਦੇ ਕਰਨਗੇ। ਸਰਵੇਖਣ ਕਰਨ ਉਪਰੰਤ ਇਸ ਨੂੰ ਪਰਿਭਾਸ਼ਿਤ ਕੀਤਾ ਜਾਵੇਗਾ।

ਧਾਰਾ 3: ਉਨ੍ਹਾਂ ਨੂੰ ਅਤੇ ਉਨ੍ਹਾ ਦੇ ਉਤਰਾਧਿਕਾਰੀਆਂ ਨੂੰ ਉਕਤ ਪਹਾੜੀ ਇਲਾਕੇ ਸੌਂਪਣ ਬਦਲੇ ਮਹਾਰਾਜਾ ਗੁਲਾਬ ਸਿੰਘ ਬਰਿਟਿਸ਼ ਸਰਕਾਰ ਨੂੰ ਨਾਨਕਸ਼ਾਹੀ ਪਝੱਤਰ ਲੱਖ ਰੁਪਏ ਅਦਾ ਕਰਨਗੇ ਜਿਸ ਵਿਚੋਂ ਪੰਜਾਹ ਲੱਖ ਇਕ ਅਕਤੂਬਰ 1846 ਤੱਕ ਜਾਂ ਉਸ ਤੋਂ ਪਹਿਲਾ ਦੇਣੇ ਹਨ।

ਧਾਰਾ 4: ਮਹਾਰਾਜਾ ਗੁਲਾਬ ਸਿੰਘ ਆਪਣੇ ਇਲਾਕਿਆਂ ਦੀ ਹੱਦਬੰਦੀ ਵਿਚ ਬਰਿਟਿਸ਼ ਸਰਕਾਰ ਦੀ ਮਰਜ਼ੀ ਬਗੈਰ ਵਾਧਾ ਘਾਟਾ ਨਹੀਂ ਕਰਨਗੇ।

ਧਾਰਾ 5: ਉਨ੍ਹਾਂ ਅਤੇ ਬਰਿਟਿਸ਼ ਸਰਕਾਰ ਜਾਂ ਗਵਾਂਢੀ ਰਿਆਸਤਾਂ ਵਿਚ ਕੋਈ ਝਗੜਾ ਹੋਣ ਦੀ ਸੂਰਤ ਵਿਚ ਮਹਾਰਾਜਾ ਗੁਲਾਬ ਸਿੰਘ ਬਰਿਟਿਸ਼ ਸਰਕਾਰ ਦੀ ਸਾਲਸੀ ਮੰਨਣਗੇ ਤੇ ਬਰਿਟਿਸ਼ ਫੈਸਲੇ ਉਪਰ ਕਾਇਮ ਰਹਿਣ ਦੇ ਪਾਬੰਦ ਹੋਣਗੇ।

ਧਾਰਾ 6: ਮਹਾਰਾਜਾ ਗੁਲਾਬ ਸਿੰਘ ਅਤੇ ਉਸਦੇ ਵਾਰਸ ਲੋੜ ਪੈਣ ਤੇ ਬਰਿਟਿਸ਼ ਫੌਜਾਂ ਨੂੰ ਸਮਰਥਨ ਦੇਣਗੇ।

ਧਾਰਾ 7: ਬਰਿਟਿਸ਼ ਸਰਕਾਰ ਦੀ ਸਹਿਮਤੀ ਬਗੈਰ ਮਹਾਰਾਜਾ ਗੁਲਾਬ ਸਿੰਘ ਕਿਸੇ ਅੰਗਰੇਜ਼, ਯੋਰਪੀਨ ਜਾਂ ਅਮਰੀਕਣ ਨਾਗਰਿਕ ਨੂੰ ਨੌਕਰੀ ਨਹੀਂ ਦੇਣਗੇ।

ਧਾਰਾ 8: ਬਰਿਟਿਸ਼ ਸਰਕਾਰ ਦੀ ਲਾਹੌਰ ਦਰਬਾਰ ਨਾਲ 11 ਮਾਰਚ, 1846 ਨੂੰ ਜੋ ਸੰਧੀ ਹੋਈ, ਮਹਾਰਾਜਾ ਗੁਲਾਬ ਸਿੰਘ ਸੌਂਪੇ ਗਏ ਇਲਾਕਿਆਂ ਬਾਰੇ ਉਸ ਦੀਆਂ ਧਾਰਾਵਾਂ ਪੰਜ, ਛੇ ਅਤੇ ਸੱਤ ਦਾ ਸਨਮਾਨ ਕਰਨਗੇ।
ਧਾਰਾ 9: ਬਾਹਰੀ ਹਮਲਿਆਂ ਤੋਂ ਖਤਰੇ ਦੀ ਸੂਰਤ ਵਿਚ ਬਰਿਟਿਸ਼ ਸਰਕਾਰ ਮਹਾਰਾਜ ਗੁਲਾਬ ਸਿੰਘ ਦੀ ਸਹਾਇਤਾ ਕਰੇਗੀ।

ਧਾਰਾ 10: ਮਹਾਰਾਜਾ ਗੁਲਾਬ ਸਿੰਘ ਬਰਿਟਿਸ਼ ਪ੍ਰਭੂਸੱਤਾ ਨੂੰ ਮਾਹਾਨਤਾ ਦੇਣਗੇ ਤੇ ਇਸ ਮਾਨਤਾ ਦੀ ਨਿਸ਼ਾਨੀ ਵੱਜੋਂ ਹਰ ਸਾਲ ਇੱਕ ਘੋੜਾ, ਬਾਰਾਂ ਭੇਡਾਂ ਪ੍ਰਵਾਵਿਤ ਨਸਲ ਦੀਆਂ(ਛੇ ਨਰ ਛੇ ਮਾਦਾ) ਅਤੇ ਕਸ਼ਮੀਰੀ ਸ਼ਾਲਾਂ ਦੇ ਤਿੰਨ ਜੋੜੇ ਬਤੌਰ ਨਜ਼ਰਾਨਾ ਦਿਆ ਕਰਨਗੇ।

ਦਸ ਧਾਰਾਵਾਂ ਦੀ ਸੰਧੀ ਉਪਰ ਇਸ ਦਿਨ ਫਰੈਡਰਿਕ ਕਰੀ, ਮੇਜਰ ਹੈਨਰੀ ਮੋਂਟਗੁਮਰੀ ਲਾਰੰਸ, ਬਰਿਟਿਸ਼ ਰਾਜ ਦੇ ਗਵਰਨਰ ਜਨਰਲ ਸਰ ਹੈਨਰੀ ਹਾਰਡਿੰਗ ਦੇ ਨੁਮਾਇੰਦਿਆਂ ਵਜੋਂ ਅਤੇ ਮਹਾਰਾਜਾ ਗੁਲਾਬ ਸਿੰਘ ਦੇ ਹਸਤਾਖਰਾਂ ਰਾਹੀਂ ਪ੍ਰਵਾਨ ਚੜ੍ਹੀ, ਗਵਰਨਰ ਜਨਰਲ ਸਰ ਹੈਨਰੀ ਹਾਰਡਿੰਗ ਦੇ ਹਸਤਾਖਰਾਂ ਅਤੇ ਮੁਹਰ ਨਾਲ ਮਨਜੂਰ ਹੋਈ।

ਮਾਰਚ 16, 1846 ਈਸਵੀ ਦਾ ਦਿਨ; ਰੂਬੀ-ਉਲ-ਅੱਵਲ ਮਹੀਨੇ ਦੀ 17 ਤਰੀਕ, 1262 ਹਿਜਰੀ।
ਸਹੀ/- ਅਤੇ ਮੁਹਰ ਸਹੀ/- ਸਹੀ/-
ਹੈਨਰੀ ਹਾਰਡਿੰਗ ਫ. ਕਰੀ ਹੈ. ਲਾਰੰਸ

  •  
  •  
  •  
  •  
  •