ਭਵਿੱਖ ’ਚ ਲੋਕ ਨਰਿੰਦਰ ਮੋਦੀ ਨੂੰ ਭਗਵਾਨ ਰਾਮ ਤੇ ਕ੍ਰਿਸ਼ਨ ਦਾ ਅਵਤਾਰ ਮੰਨਣਗੇ: ਤੀਰਥ ਸਿੰਘ ਰਾਵਤ

ਉਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਕਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਗਵਾਨ ਰਾਮ ਅਤੇ ਕ੍ਰਿਸ਼ਨ ਦਾ ਅਵਤਾਰ ਮੰਨਿਆ ਜਾਵੇਗਾ। ਰਾਵਤ ਨੇ ਕਿਹਾ, ” ਜਿਸ ਤਰੀਕੇ ਨਾਲ ਲੋਕ ਦੁਆਪਰ ਅਤੇ ਤ੍ਰੇਤਾ ਯੁੱਗ ਵਿਚ ਭਗਵਾਨ ਰਾਮ ਅਤੇ ਕ੍ਰਿਸ਼ਨ ਨੂੰ ਉਨ੍ਹਾਂ ਦੇ ਕੰਮਾਂ ਕਰਕੇ ਰੱਬ ਮੰਨਣ ਲੱਗੇ ਸਨ, ਉਸੇ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਉਣ ਵਾਲੇ ਸਮੇਂ ਵਿੱਚ ਭਗਵਾਨ ਰਾਮ ਅਤੇ ਕ੍ਰਿਸ਼ਨ ਦਾ ਅਵਤਾਰ ਮੰਨਿਆ ਜਾਵੇਗਾ।” ਉਨ੍ਹਾਂ ਕਿਹਾ ਕਿ ਪਹਿਲਾਂ ਦੁਨੀਆਂ ਨੇ ਸ੍ਰੀ ਮੋਦੀ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਪਰ ਹੁਣ ਸੰਸਾਰ ਦੇ ਵੱਡੇ ਤੋਂ ਵੱਡੇ ਨੇਤਾ ਸ੍ਰੀ ਮੋਦੀ ਨਾਲ ਫੋਟੋ ਖਿਚਵਾਉਣ ਲਈ ਪੱਬਾਂ ਭਾਰ ਹੋ ਰਹੇ ਹਨ।

ਵਿਰੋਧੀ ਪਾਰਟੀਆਂ ਨੇ ਉਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਦੇ ਇਸ ਬਿਆਨ ‘ਤੇ ਤਿੱਖੀ ਪ੍ਰਤੀਕ੍ਰਿਆ ਦਿੱਤੀ ਹੈ। ਕਾਂਗਰਸ ਦੇ ਨੇਤਾ ਅਤੇ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ “ਮੈਂ ਸਮਝ ਸਕਦਾ ਹਾਂ ਕਿ ਮੁੱਖ ਮੰਤਰੀ (ਤੀਰਥ ਰਾਵਤ) ਨੂੰ ਹੁਣੇ ਹੀ ਨਵੀਂ ਨੌਕਰੀ ਮਿਲੀ ਹੈ ਅਤੇ ਉਹ ਉਤਸ਼ਾਹਿਤ ਦਿਖਾਈ ਦਿੰਦੇ ਹਨ। ਪਰ ਕਿਸੇ ਵੀ ਤਰਾਂ ਅਸੀਂ ਮਨੁੱਖ ਨੂੰ ਰੱਬ ਦੇ ਬਰਾਬਰ ਨਹੀਂ ਕਰ ਸਕਦੇ। ਮੁੱਖ ਮੰਤਰੀ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਉਹ ਇੱਕ ਅਜਿਹੇ ਰਾਜ ਦੀ ਪ੍ਰਤੀਨਿਧਤਾ ਕਰਦੇ ਹਨ ਜਿਸ ਨੂੰ ‘ਦੇਵਭੂਮੀ’ (ਦੇਵਤਿਆਂ ਦਾ ਘਰ) ਕਿਹਾ ਜਾਂਦਾ ਹੈ। ” ਉੱਤਰ ਪ੍ਰਦੇਸ਼ ਦੀ ਸਮਾਜਵਾਦੀ ਪਾਰਟੀ ਨੇ ਵੀ ਪ੍ਰਧਾਨਮੰਤਰੀ ਨੂੰ ਭਗਵਾਨ ਰਾਮ ਨਾਲ ਬਰਾਬਰੀ ਕਰਨ ਲਈ ਤੀਰਥ ਅਤੇ ਭਾਜਪਾ ਦੀ ਨਿੰਦਾ ਕੀਤੀ ਹੈ।

  • 130
  •  
  •  
  •  
  •