ਸਿੱਖ ਨੌਜਵਾਨ ਨੂੰ ਝੂਠੇ ਕੇਸ ਵਿਚ ਫਸਾਉਣ ਕਰਕੇ ਸਰਕਾਰ ਨੂੰ ਦੇਣਾ ਪਵੇਗਾ 15 ਲੱਖ ਮੁਆਵਜ਼ਾ

ਸਾਲ 1992 ਅਤੇ 1998 ‘ਚ ਪੁਲਿਸ ਵੱਲੋਂ ਸਰਬਜੀਤ ਸਿੰਘ ਵੇਰਕਾ ਅਤੇ ਹੋਰਨਾਂ ਖ਼ਿਲਾਫ਼ ਖਾੜਕੂਵਾਦ ਨਾਲ ਸਬੰਧਿਤ ਕੇਸ ਦਰਜ ਕਰਨ ਤੋਂ ਬਾਅਦ ਅਦਾਲਤ ਵੱਲੋਂ ਬਰੀ ਹੋਣ ਤੋਂ ਬਾਅਦ ਇਸ ਨਿੱਡਰ ਨੌਜਵਾਨ ਨੇ ਅਦਾਲਤ ‘ਚ ਪਾਏ ਮਾਣਹਾਨੀ ਦੇ ਕੇਸ ‘ਤੇ ਅਦਾਲਤ ਵਲੋਂ ਫ਼ੈਸਲਾ ਸੁਣਾਉਂਦਿਆਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ 14 ਲੱਖ 85 ਹਜ਼ਾਰ ਰੁਪਏ ਦੀ ਰਕਮ ਪੀੜਤ ਵਿਅਕਤੀ ਦੇ ਖਾਤੇ ‘ਚ ਜਮ੍ਹਾਂ ਕਰਵਾਉਣ ਦਾ ਹੁਕਮ ਸੁਣਾਇਆ ਹੈ।
ਐਡਵੋਕੇਟ ਸਰਬਜੀਤ ਸਿੰਘ ਵੇਰਕਾ ਅਨੁਸਾਰ ਪੁਲਿਸ ਵੱਲੋਂ ਉਨ੍ਹਾਂ ਖ਼ਿਲਾਫ਼ 1992 ‘ਚ ਖਾੜਕੂਵਾਦ ਨਾਲ ਸਬੰਧਿਤ ਕੇਸ ਦਰਜ ਕੀਤੇ ਗਏ। 25 ਜੁਲਾਈ 1998 ‘ਚ ਸੀ.ਬੀ.ਆਈ. ਦੇ ਕੇਸ ‘ਚ ਅਹਿਮ ਗਵਾਹੀ ਹੋਣ ਤੋਂ ਪਹਿਲਾਂ ਹੀ 15 ਜੁਲਾਈ 1998 ਨੂੰ ਉਨ੍ਹਾਂ ਤੋਂ ਇਲਾਵਾ ਖਾਲੜਾ ਕੇਸ ਦੇ ਗਵਾਹ ਰਾਜੀਵ ਰੰਧਾਵਾ ਤੋਂ ਇਲਾਵਾ ਹੋਰਨਾਂ ਅਕਲਜੀਤ ਸਿੰਘ, ਭੁਪਿੰਦਰ ਸਿੰਘ, ਪਦਾਰਥ ਸਿੰਘ, ਉਪਕਾਰ ਸਿੰਘ ਅਤੇ ਰਸ਼ਪਾਲ ਸਿੰਘ ਪੱਤਰਕਾਰ ਦੇ ਖ਼ਿਲਾਫ਼ ਟਾਈਗਰਜ਼ ਆਫ਼ ਸਿੱਖ ਲੈਂਡ ਨਾਮਕ ਜਥੇਬੰਦੀ ਬਣਾਉਣ ਅਤੇ ਖਾੜਕੂਵਾਦ ਨਾਲ ਸਬੰਧਿਤ ਮਾਮਲਾ ਦਰਜ ਕਰ ਦਿੱਤਾ ਗਿਆ।

ਸਾਲ 2009 ‘ਚ ਐਡਵੋਕੇਟ ਸਰਬਜੀਤ ਸਿੰਘ ਵੇਰਕਾ ਨੇ ਆਪਣੇ ‘ਤੇ ਦਰਜ ਕੇਸਾਂ ‘ਚੋਂ ਬਾਇੱਜ਼ਤ ਬਰੀ ਹੋਣ ਤੋਂ ਬਾਅਦ ਆਪਣੀ ਛਵੀ ਨੂੰ ਖ਼ਰਾਬ ਕਰਨ ‘ਤੇ ਦੀਵਾਨੀ ਅਦਾਲਤ ‘ਚ 50 ਲੱਖ ਰੁਪਏ ਦੇ ਮੁਆਵਜ਼ੇ ਲਈ ਪੰਜਾਬ ਸਰਕਾਰ ਅਤੇ ਪੁਲਿਸ ਖ਼ਿਲਾਫ਼ ਕੇਸ ਪਾ ਦਿੱਤਾ ਸੀ। ਉਨ੍ਹਾਂ ਅਨੁਸਾਰ 15 ਜਨਵਰੀ 2013 ਨੂੰ ਪੀ.ਐੱਸ. ਰਾਏ ਦੀ ਅਦਾਲਤ ਵਲੋਂ ਸਰਕਾਰ ਨੂੰ ਹੁਕਮ ਜਾਰੀ ਕੀਤਾ ਕਿ ਪੀੜਤ ਸਰਬਜੀਤ ਸਿੰਘ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ। ਇਹ ਰਾਸ਼ੀ ਇਸ ਕੇਸ ਨਾਲ ਸਬੰਧਿਤ ਪੁਲਿਸ ਅਧਿਕਾਰੀਆਂ ਦੀਆਂ ਤਨਖ਼ਾਹਾਂ ‘ਚੋਂ ਕੱਟਣ ਦੇ ਹੁਕਮ ਦਿੱਤੇ ਸਨ ਪਰ ਸਰਕਾਰ ਵਲੋਂ ਇਹ ਰਕਮ ਨਾ ਦਿੱਤੀ ਗਈ।

ਸਰਬਜੀਤ ਸਿੰਘ ਅਨੁਸਾਰ ਉਨ੍ਹਾਂ ਦੀ ਅਰਜ਼ੀ ‘ਤੇ ਅਦਾਲਤ ਵੱਲੋਂ ਹੁਣ ਡੀ.ਜੀ.ਪੀ. ਪੰਜਾਬ, ਪੁਲਿਸ ਕਮਿਸ਼ਨਰ ਅੰਮ੍ਰਿਤਸਰ, ਡਿਪਟੀ ਕਮਿਸ਼ਨਰ ਅੰਮ੍ਰਿਤਸਰਦੀਆਂ ਕਾਰਾਂ ਅਤੇ ਕਾਰਪੋਰੇਸ਼ਨ ਹਾਊਸ ਅਤੇ ਪੁਲਿਸ ਹਾਊਸ ਦੀ ਕੋਠੀ ਨੂੰ ਇਸ ਕੇਸ ਨਾਲ ਨੱਥੀ ਕਰਨ ਦੇ ਹੁਕਮ ਕਰ ਦਿੱਤੇ ਸੀ। ਅਦਾਲਤ ਵਲੋਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਖਾਤਾ ਨੰਬਰ, ਜਿਸ ‘ਚ ਪੰਜਾਬ ਸਰਕਾਰ ਦੀਆਂ ਤਨਖ਼ਾਹਾਂ ਆਉਂਦੀਆਂ ਹਨ, ‘ਚੋਂ 14 ਲੱਖ 85 ਹਜ਼ਾਰ ਕੱਟਣ ਦੇ ਹੁਕਮ ਜਾਰੀ ਕੀਤੇ ਹਨ ਜੋ ਕਿ ਇਹ ਰਾਸ਼ੀ ਅਦਾਲਤ ‘ਚ ਆ ਗਈ, ਜਿਸ ਤੋਂ ਬਾਅਦ ਪੁਲਿਸ ਦੀ ਦਰਖਾਸਤ ‘ਤੇ ਪੁਲਿਸ ਅਫ਼ਸਰਾਂ ਦੀਆਂ ਕਾਰਾਂ ਅਤੇ ਸਰਕਾਰੀ ਇਮਾਰਤਾਂ ਨੂੰ ਛੱਡ ਦਿੱਤਾ ਗਿਆ ਅਤੇ 14 ਲੱਖ 85 ਹਜ਼ਾਰ ਦੀ ਮੁਆਵਜ਼ਾ ਰਕਮ ਪੀੜਤ ਸਰਬਜੀਤ ਸਿੰਘ ਵੇਰਕਾ ਦੇ ਬੈਂਕ ਖਾਤੇ ‘ਚ ਪਾਉਣ ਦੇ ਹੁਕਮ ਜਾਰੀ ਕੀਤੇ ਗਏ।

ਪਰ ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਵੱਲੋਂ ਇਹ ਰਕਮ ਅਦਾਲਤ ਲਈ ਕੱਟਣ ਦੇ ਬਾਵਜੂਦ ਪੀੜਤ ਸਰਬਜੀਤ ਸਿੰਘ ਦੇ ਖਾਤੇ ‘ਚ ਪਾਉਣ ਤੋਂ ਆਨਾਕਾਨੀ ਕੀਤੀ ਜਾ ਰਹੀ ਸੀ, ਜਿਸ ‘ਤੇ ਅਦਾਲਤ ਨੇ ਪਿਛਲੇ ਦਿਨੀਂ ਮੁਆਵਜ਼ੇ ਦੀ ਰਕਮ ਡਿਗਰੀ ਹੋਲਡਰ ਦੇ ਖਾਤੇ ‘ਚ ਪਾਉਣ ਅਤੇ ਅਜਿਹਾ ਨਾ ਕਰਨ ਦੀ ਸੂਰਤ ‘ਚ ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਨੂੰ ਨਿੱਜੀ ਤੌਰ ‘ਤੇ 31 ਮਾਰਚ ਨੂੰ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਹਨ, ਜਿਸ ਤੋਂ ਬਾਅਦ ਪੀੜਤ ਨੂੰ ਇਹ ਮੁਆਵਜ਼ਾ ਮਿਲਣ ਦੀ ਆਸ ਬੱਝੀ ਹੈ।

  •  
  •  
  •  
  •  
  •