ਕਿਸਾਨ ਅੰਦੋਲਨ ਮਾਮਲੇ ‘ਤੇ ਸਤਿਆਪਾਲ ਮਲਿਕ ਨੇ ਫਿਰ ਘੇਰੀ ਕੇਂਦਰ ਸਰਕਾਰ

ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਦੇ ਰਾਹ ਪਏ ਕਿਸਾਨਾਂ ਦੀ ਹਮਾਇਤ ਵਿੱਚ ਨਿੱਤਰਦਿਆਂ ਮੇਘਾਲਿਆ ਦੇ ਰਾਜਪਾਲ ਸੱਤਿਆ ਪਾਲ ਮਲਿਕ ਨੇ ਕਿਹਾ ਕਿ ਸਰਕਾਰ ਵੱਲੋਂ ‘ਅਹੁਦੇ ਤੋਂ ਲਾਂਭੇ ਕਰਨ ਦੇ ਬਾਵਜੂਦ ਉਹ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦੇ ਰਹਿਣਗੇ।’

ਰਾਜਸਥਾਨ ਪਹੁੰਚੇ ਰਾਜਪਾਲ ਨੇ ਝੁੰਝੁਨੂੰ ’ਚ ਇਕ ਨਿਜੀ ਸਮਾਗਮ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨ ਅੰਦੋਲਨ ਦਾ ਲੰਮਾ ਸਮਾਂ ਕਿਸੇ ਦੇ ਹਿਤ ਵਿਚ ਨਹੀਂ ਹੈ। ਉਨ੍ਹਾਂ ਕਿਹਾ ਕਿ ‘ਜਦੋਂ ਇਕ ਕੁੱਤੇ ਦੀ ਮੌਤ ਹੁੰਦੀ ਹੈ ਤਾਂ ਅਫ਼ਸੋਸ ਕੀਤਾ ਜਾਂਦਾ ਹੈ, ਪਰ ਕਿਸਾਨ ਅੰਦੋਲਨ ਦੌਰਾਨ ਹੁਣ ਤੱਕ 250 ਕਿਸਾਨਾਂ ਦੀ ਜਾਨ ਜਾਂਦੀ ਰਹੀ ਹੈ, ਪਰ ਅਜੇ ਤੱਕ ਕਿਸੇ ਨੇ ਹਮਦਰਦੀ ਦਾ ਇਕ ਬੋਲ ਨਹੀਂ ਬੋਲਿਆ।’ ਉਨ੍ਹਾਂ ਕਿਹਾ, ‘ਜੇ ਕਿਸਾਨਾਂ ਦਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੱਛਮੀ ਯੂਪੀ, ਰਾਜਸਥਾਨ ਤੇ ਹਰਿਆਣਾ ਵਿੱਚ ਭਾਜਪਾ ਆਪਣਾ ਆਧਾਰ ਗੁਆ ਬੈਠੇਗੀ।’

ਰਾਜਪਾਲ ਨੇ ਦਾਅਵਾ ਕੀਤਾ ਕਿ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕਿਸਾਨਾਂ ਦੇ ਪ੍ਰਦਰਸ਼ਨ ਬਾਰੇ ਗੱਲਬਾਤ ਕੀਤੀ ਸੀ। ਉਨ੍ਹਾਂ ਕਿਹਾ, ‘ਕਿਸਾਨਾਂ ਨੂੰ ਖਾਲੀ ਹੱਥ ਨਾ ਮੋੜਿਆ ਜਾਵੇ। ਸਰਕਾਰ ਨੂੰ ਜਲਦੀ ਹੀ ਉਨ੍ਹਾਂ ਨਾਲ ਗੱਲਬਾਤ ਦਾ ਰਾਹ ਖੋਲ੍ਹਣਾ ਚਾਹੀਦਾ ਹੈ।’ ਆਪਣੇ ਵਿਵਾਦਿਤ ਬਿਆਨ ਬਾਰੇ ਕੋਈ ਫ਼ਿਕਰ ਹੋਣ ਬਾਰੇ ਪੁੱਛੇ ਜਾਣ ’ਤੇ ਮਲਿਕ ਨੇ ਕਿਹਾ, ‘ਜੇ ਸਰਕਾਰ ਨੂੰ ਲੱਗਦਾ ਹੈ ਕਿ ਮੈਂ ਉਨ੍ਹਾਂ ਨੂੰ ਨੁਕਸਾਨ ਪਹੁੰਚਾ ਰਿਹਾਂ ਤਾਂ ਫਿਰ ਮੈਂ (ਅਹੁਦੇ ਤੋਂ) ਲਾਂਭੇ ਹੋ ਜਾਵਾਂਗਾ। ਪਰ ਇਸ ਦੇ ਬਾਵਜੂਦ ਵੀ ਮੈਂ ਬੋਲਾਂਗਾ।’

  • 662
  •  
  •  
  •  
  •