1974 ਦੇ ਸਮਝੌਤੇ ਕਾਰਨ ਸਿੱਖ ਜਥਾ ਪਾਕਿਸਤਾਨ ਨਹੀਂ ਭੇਜਿਆ: ਕੇਂਦਰੀ ਗ੍ਰਹਿ ਰਾਜ ਮੰਤਰੀ

ਕੇਂਦਰ ਸਰਕਾਰ ਨੇ ਸਿੱਖ ਜੱਥੇ ਦੀ ਪਾਕਿਸਤਾਨ ਫੇਰੀ ‘ਤੇ ਰੋਕ ਬਾਰੇ ਆਪਣੀ ਸਫਾਈ ਦਿੱਤੀ ਹੈ। ਕੇਂਦਰੀ ਗ੍ਰਹਿ ਰਾਜ ਮੰਤਰੀ ਜੀ. ਕਿਸ਼ਨ ਰੈੱਡੀ ਨੇ ਲੋਕ ਸਭਾ ਵਿਚ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਮਝੌਤੇ ਤਹਿਤ ਹਰ ਸਾਲ ਚਾਰ ਮੌਕਿਆਂ ਵਿਸਾਖੀ, ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ, ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਅਤੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ’ਤੇ ਪਾਕਿਸਤਾਨ ਜਾ ਸਕਦੇ ਹਨ।

ਮੰਤਰੀ ਨੇ ਕਿਹਾ ਕਿ 18 ਫਰਵਰੀ ਨੂੰ ਪਾਕਿਸਤਾਨ ਵਿਚ ਨਨਕਾਣਾ ਸਾਹਿਬ ਲਈ ਪ੍ਰਸਤਾਵਿਤ ਜਥਾ 1974 ਵਿਚ ਹੋਏ ਸਮਝੌਤੇ ਅਧੀਨ ਨਹੀਂ ਹੈ। ਇਸ ਤੋਂ ਇਲਾਵਾ ਸਰਕਾਰ ਕੋਲ ਜਿਹੜੀ ਜਾਣਕਾਰੀ ਹੈ ਉਸ ਮੁਤਾਬਕ ਇਸ ਤੋਂ ਪਹਿਲਾਂ ਅਜਿਹੇ ਮੌਕੇ ’ਤੇ ਕੋਈ ਵੀ’ ਜਥਾ ਪਾਕਿਸਤਾਨ ਨਹੀਂ ਗਿਆ ਸੀ।

ਰੈੱਡੀ ਨੇ ਲਿਖਤੀ ਸਵਾਲ ਦਾ ਜਵਾਬ ਦਿੰਦਿਆਂ ਕਿਹਾ, ਪਾਕਿਸਤਾਨ ਵਿੱਚ ਕੋਵਿਡ-19 ਕੇਸਾਂ ਦੀ ਵਧਦੀ ਗਿਣਤੀ, ਫੇਰੀ ਦੌਰਾਨ ਵੱਡੀ ਗਿਣਤੀ ਭਾਰਤੀ ਨਾਗਰਿਕਾਂ ਦੀ ਰੱਖਿਆ ਤੇ ਸੁਰੱਖਿਆ ਨੂੰ ਦਰਪੇਸ਼ ਖ਼ਤਰੇ ਤੇ ਕੋਵਿਡ-19 ਮਹਾਮਾਰੀ ਕਰਕੇ ਸਰਹੱਦ ਪਾਰੋਂ ਆਵਾਜਾਈ ’ਤੇ ਲੱਗੀ ਰੋਕ ਦੇ ਮੱਦੇਨਜ਼ਰ ਜੱਥੇ ਨੂੰ ਇਜਾਜ਼ਤ ਨਹੀਂ ਦਿੱਤੀ ਗਈ।

ਦੱਸ ਦਈਏ ਕੇਂਦਰ ਸਰਕਾਰ ਨੇ ਐਨ ਮੌਕੇ ‘ਤੇ ਸਿੱਖ ਜਥੇ ਨੂੰ ਰੋਕ ਦਿੱਤਾ ਸੀ ਜਿਸ ਦਾ ਕਾਫੀ ਵਿਰੋਧ ਹੋਇਆ ਸੀ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਣੇ ਹੋਰ ਸਿੱਖ ਸ਼ਖਸੀਅਤਾਂ ਨੇ ਇਲਜ਼ਾਮ ਲਾਇਆ ਸੀ ਕਿ ਕੇਂਦਰ ਸਰਕਾਰ ਸਿੱਖਾਂ ਨਾਲ ਵਿਤਕਰੇ ‘ਤੇ ਉੱਤਰ ਆਈ ਹੈ।

  • 166
  •  
  •  
  •  
  •