ਅਮਰੀਕੀ ਸੰਸਦ ਮੈਂਬਰਾਂ ਨੇ ਵਿਦੇਸ਼ ਮੰਤਰੀ ਬਲਿੰਕਨ ਨੂੰ ਭਾਰਤ ਕੋਲ ਕਿਸਾਨੀ ਮੁੱਦਾ ਚੁੱਕਣ ਦੀ ਕੀਤੀ ਅਪੀਲ

ਅਮਰੀਕਾ ਵਿੱਚ ਡੈਮੋਕਰੇਟਿਕ ਪਾਰਟੀ ਦੇ ਦੋ ਪ੍ਰਭਾਵਸ਼ਾਲੀ ਸੰਸਦ ਮੈਂਬਰਾਂ ਨੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੂੰ ਬੇਨਤੀ ਕੀਤੀ ਹੈ ਕਿ ਉਹ ਭਾਰਤ ਵਿੱਚ ਖੇਤੀ ਕਾਨੂੰਨਾਂ ਖ਼ਿਲਾਫ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਅਤੇ ਪੱਤਰਕਾਰਾਂ ਨਾਲ ਕੀਤੇ ਜਾ ਰਹੇ ਵਿਵਹਾਰ ਦੇ ਮਸਲੇ ਨੂੰ ਚੁੱਕਣ।

ਬਲਿੰਕਨ ਨੂੰ ਭੇਜੇ ਪੱਤਰ ਵਿੱਚ ਸੈਨੇਟ ਦੀ ਵਿਦੇਸ਼ੀ ਮਾਮਲਿਆਂ ਨਾਲ ਸਬੰਧਤ ਕਮੇਟੀ ਦੇ ਚੇਅਰਮੈਨ ਬੌਬ ਮੈਨੇਂਡੇਜ਼ ਅਤੇ ਸੈਨੇਟ ਦੇ ਬਹੁਗਿਣਤੀ ਨੇਤਾ ਚੱਕ ਸ਼ੂਮਰ ਨੇ ਵੀਰਵਾਰ ਨੂੰ ਬਾਇਡਨ ਪ੍ਰਸ਼ਾਸਨ ਨੂੰ ਭਾਰਤ ਵਿੱਚ ਕਿਸਾਨਾਂ ਨਾਲ ਹੋ ਰਹੇ ਵਿਵਹਾਰ ਦੇ ਮਸਲੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨਾਲ ਗੱਲਬਾਤ ਕਰਨ। ਉਨ੍ਹਾਂ ਕਿਹਾ ਕਿ ਇਹ ਕਿਸਾਨ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਹਨ।

ਦੋਵਾਂ ਨੇ ਬਲਿੰਕਨ ਨੂੰ ਸਾਂਝੇ ਪੱਤਰ ਵਿਚ ਕਿਹਾ, “ਭਾਰਤ ਅਮਰੀਕਾ ਦਾ ਲੰਮੇ ਸਮੇਂ ਤੋਂ ਰਣਨੀਤਿਕ ਭਾਈਵਾਲ ਹੈ। ਇਨ੍ਹਾਂ ਮਜ਼ਬੂਤ ​​ਸਬੰਧਾਂ ਕਾਰਨ ਅਸੀਂ ਭਾਰਤ ਸਰਕਾਰ ਵੱਲੋਂ ਕਿਸਾਨੀ ਮੁਜ਼ਾਹਰਿਆਂ ਪ੍ਰਤੀ ਅਪਣਾਏ ਜਾ ਰਹੇ ਰਵੱਈਏ ਤੋਂ ਚਿੰਤਤ ਹਾਂ। ਅਮਰੀਕੀ ਰਾਸ਼ਟਰਪਤੀ ਆਪਣੇ ਭਾਰਤੀ ਨੇਤਾਵਾਂ ਨਾਲ ਗੱਲਬਾਤ ਦੌਰਾਨ ਬੋਲਣ ਦੀ ਆਜ਼ਾਦੀ ਤੇ ਸ਼ਾਂਤਮਈ ਪ੍ਰਦਰਸ਼ਨ ਦੇ ਅਧਿਕਾਰ ਦੀ ਮਹੱਤਤਾ ਦਾ ਮਸਲਾ ਚੁੱਕਣ ਤੇ ਇਹ ਯਕੀਨੀ ਬਣਾਉਣ ਕਿ ਦੇਸ਼ ਦਾ ਵਿਦੇਸ਼ ਮੰਤਰਾਲਾ ਵੀ ਇਹ ਮਸਲਾ ਚੁੱਕੇ।

ਦੋਵਾਂ ਨੇ ਕਿਹਾ ਕਿ ਭਾਰਤ ਦੀ ਸਰਕਾਰ ਨੇ ਪ੍ਰਦਰਸ਼ਨ ਵਾਲੇ ਸਥਾਨਾਂ ’ਤੇ ਇੰਟਰਨੈੱਟ, ਪਾਣੀ ਤੇ ਬਿਜਲੀ ਬੰਦ ਕਰਨ ਦੇ ਹੁਕਮ ਦਿੱਤੇ ਤੇ ਪ੍ਰਦਰਸ਼ਨ ਬਾਰੇ ਰਿਪੋਰਟਿੰਗ ਕਰਨ ਵਾਲੇ ਪੱਤਰਕਾਰਾਂ ਦੇ ਕੰਮ ਵਿੱਚ ਅੜਿੱਕੇ ਪਾਏ।” ਸੈਨੇਟਰ ਨੇ ਕਿਹਾ ਕਿ ਭਾਰਤ ਦੇ ਨਾਗਰਿਕ ਅਤੇ ਸਰਕਾਰ ਇਹ ਤੈਅ ਕਰਨਗੇ ਕਿ ਇਹਨਾਂ ਕਾਨੂੰਨਾਂ ‘ਤੇ ਅੱਗੇ ਦਾ ਰਸਤਾ ਕਿਵੇਂ ਤੈਅ ਕਰਨਾ ਹੈ ਅਤੇ ਇਹ ਫ਼ੈਸਲਾ ਸ਼ਾਂਤੀਪੂਰਨ ਗੱਲਬਾਤ ਅਤੇ ਸਾਰਿਆਂ ਦੇ ਵਿਚਾਰਾਂ ਦਾ ਸਨਮਾਨ ਕਰਦਿਆਂ ਲਿਆ ਜਾਣਾ ਚਾਹੀਦਾ ਹੈ।

  • 163
  •  
  •  
  •  
  •