ਨਿਊਜ਼ੀਲੈਂਡ ’ਚ ਸਿੱਖਾਂ ਖਿਲਾਫ਼ ਨਫ਼ਰਤ ਫੈਲਾਉਣ ਵਾਲੇ ਭਾਰਤੀ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਸਿੱਖਾਂ ਵਿਰੁੱਧ ਨਫ਼ਰਤ ਫੈਲਾਉਣ ਵਾਲੇ ਭਾਰਤੀ ਮੂਲ ਦੇ ਇੱਕ ਵਿਅਕਤੀ ਨੂੰ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਸ ਨੇ ਫ਼ੇਸਬੁੱਕ ਉੱਤੇ ਇੱਕ ਸਿੱਖ ਨੌਜਵਾਨ ਨੂੰ ‘ਖ਼ਾਲਿਸਤਾਨੀ ਦਹਿਸ਼ਤਗਰਦ’ ਲਿਖਿਆ ਸੀ। ਇਸ ਤੋਂ ਇਲਾਵਾ ਉਸ ਨੇ ਸਿੱਖਾਂ ਵਿਰੁੱਧ ਅਪਮਾਨਜਨਕ ਟਿੱਪਣੀਆਂ ਵੀ ਕੀਤੀਆਂ ਸਨ। ਦੋਸ਼ੀ ਨੇ ਕੁਝ ਹੋਰ ਲੋਕਾਂ ਨਾਲ ਬਦਸਲੂਕੀ ਵੀ ਕੀਤੀ।

ਮੁਲਜ਼ਮ ਪ੍ਰਵਾਸੀ ਭਾਰਤੀ ਨੇ ਇੰਡੀਅਨਜ਼ ਇਨ ਨਿਊਜ਼ੀਲੈਂਡ’ ਨਾਂ ਦੇ ਇੱਕ ਫ਼ੇਸਬੁੱਕ ਪੇਜ ਉੱਤੇ ਸਿੱਖਾਂ ਵਿਰੁੱਧ ਅਜਿਹੀਆਂ ਘਿਨਾਉਣੀਆਂ ਟਿੱਪਣੀਆਂ ਕੀਤੀਆਂ ਹਨ। ਟਾਈਮਜ਼ ਆਫ ਇੰਡੀਆ ਦੇ ਅਨੁਸਾਰ ਮੁਲਜ਼ਮ ਨੇ ਨੌਜਵਾਨ ਨੂੰ ਇਹ ਵੀ ਕਿਹਾ ਕਿ ਉਹ ਉਸ ਨੂੰ ਸਬਕ ਸਿਖਾਉਣ ਲਈ ਉਸ ਦੇ ਘਰ ਆਵੇਗਾ। ਪੁਲਿਸ ਨੇ ਨੌਜਵਾਨ ਦੀ ਸ਼ਿਕਾਇਤ ਦੇ ਅਧਾਰ ‘ਤੇ ਉਕਤ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ। ਉਹ ਨਫ਼ਰਤ ਭਰੀਆਂ ਟਿੱਪਣੀਆਂ ਕਰਨ ਵਿਚ ਕੁਝ ਹੋਰ ਲੋਕਾਂ ਦੀ ਭੂਮਿਕਾ ਦੀ ਵੀ ਜਾਂਚ ਕਰਨ ਦੀ ਸੰਭਾਵਨਾ ਹੈ।

ਦਿ ਗਾਰਡੀਅਨ ਦੇ ਅਨੁਸਾਰ, ਆਸਟਰੇਲੀਆ ਵਿੱਚ ਸਿੱਖ ਭਾਈਚਾਰੇ ਦੇ ਆਗੂਆਂ ਨੇ ਵੀ ਭਾਰਤੀ-ਆਸਟਰੇਲੀਆਈ ਭਾਈਚਾਰੇ ਵਿੱਚ ਵਧ ਰਹੇ ਪਾੜੇ ਨੂੰ ਨੋਟ ਕੀਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਫੇਸਬੁੱਕ ਅਤੇ ਵਟਸਐਪ ਦੀ ਵਰਤੋਂ ਭਾਰਤ ਵਿਚ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਧਾਰਮਿਕ ਘੱਟ ਗਿਣਤੀ ਸਮੂਹਾਂ ਖ਼ਿਲਾਫ਼ ਬਿਆਨਬਾਜ਼ੀ ਕਰਨ ਲਈ ਕੀਤੀ ਜਾ ਰਹੀ ਹੈ। ਪਿਛਲੇ ਮਹੀਨੇ ਸਿਡਨੀ ਵਿਚ ਹਥਿਆਰਬੰਦ ਵਿਅਕਤੀਆਂ ਨੇ ਚਾਰ ਸਿੱਖ ਨੌਜਵਾਨਾਂ ‘ਤੇ ਹਮਲਾ ਕੀਤਾ ਸੀ।

ਦਰਅਸਲ, ਨਿਊਜ਼ੀਲੈਂਡ ’ਚ ਵਸਦੇ ਭਾਰਤੀਆਂ ਉੱਤੇ ਵੀ ਭਾਰਤ ਦੀ ਰਾਜਧਾਨੀ ਦਿੱਲੀ ਦੀਆਂ ਸੀਮਾਵਾਂ ਉੱਤੇ ਚੱਲ ਰਹੇ ਕਿਸਾਨ ਅੰਦੋਲਨ ਦਾ ਅਸਰ ਪਿਆ ਹੈ। ਬਹੁਤੇ ਭਾਰਤੀ ਤਾਂ ਕਿਸਾਨਾਂ ਦੇ ਹੱਕ ਵਿੱਚ ਹਨ ਪਰ ਕੁਝ ਪ੍ਰਵਾਸੀ ਭਾਰਤੀ ਇਸ ਵੇਲੇ ਭਾਰਤ ਸਰਕਾਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਦੇ ਹੱਕ ਵਿੱਚ ਖੜ੍ਹੇ ਦਿਸਦੇ ਹਨ। ਇਸ ਕਾਰਨ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਵਸਦੇ ਪ੍ਰਵਾਸੀ ਭਾਰਤੀਆਂ ’ਚ ਆਪਸੀ ਤਣਾਅ ਪਾਇਆ ਜਾ ਰਿਹਾ ਹੈ।

  • 1.1K
  •  
  •  
  •  
  •