ਸਕਾਟਲੈਂਡ ਸਰਕਾਰ ਨੇ ਭਾਰਤ ਕੋਲ ਕਿਸਾਨੀ ਮੁੱਦਾ ਉਠਾਉਣ ਦਾ ਦਿੱਤਾ ਭਰੋਸਾ

ਜਿੱਥੇ ਭਾਰਤ ਦੇ ਵਿਚ ਲੋਕ ਕਿਸਾਨੀ ਸੰਘਰਸ਼ ਲਈ ਆਪਣਾ ਸਾਰਾ ਜ਼ੋਰ ਲਗਾ ਰਹੇ ਹਨ, ਉੱਥੇ ਹੀ ਵਿਦੇਸ਼ੀ ਸਿੱਖ ਵੀ ਸਥਾਨਕ ਸਰਕਾਰਾਂ ਤੱਕ ਇਸ ਮਸਲੇ ਲਈ ਪਹੁੰਚ ਬਣਾ ਰਹੇ ਹਨ। ਹੁਣ ਸਿੱਖ ਨੁਮਾਇੰਦਿਆਂ ਸਕਾਟਲੈਂਡ ਸਰਕਾਰ ਦੇ ਅਧਿਕਾਰੀਆਂ ਨਾਲ ਇਸ ਮੁੱਦ ‘ਤੇ ਆਨਲਾਈਨ ਮੀਟਿੰਗ ਕੀਤੀ। ਉਨ੍ਹਾਂ ਨੇ ਕਿਹਾ ਕਿ ਸਕਾਟਲੈਂਡ ਦੇ ਸਿੱਖ ਭਾਈਚਾਰੇ ਲਈ ਇਹ ਬਹੁਤ ਪ੍ਰੇਸ਼ਾਨੀ ਦਾ ਸਮਾਂ ਹੈ ਕਿਉਂਕਿ ਭਾਰਤ ਵਿਚ ਕਿਸਾਨੀ ਖ਼ਤਰੇ ‘ਚ ਹੈ ਅਤੇ ਮਜ਼ਦੂਰ ਦੀ ਲੁੱਟ ਹੋ ਰਹੀ ਹੈ। ਅਸੀਂ ਚਿੰਤਤ ਹਾਂ ਕਿ ਨਵੇਂ ਕਾਨੂੰਨਾਂ ਦੇ ਕਿਸਾਨੀ ਅਤੇ ਮਜ਼ਦੂਰਾਂ ਉੱਤੇ ਲੰਮੇ ਸਮੇਂ ਦੇ ਪ੍ਰਭਾਵ ਪੈਣਗੇ।

ਉਨ੍ਹਾਂ ਸਕਾਟਲੈਂਡ ਸਰਕਾਰ ਕੋਲੋਂ ਮੰਗ ਕੀਤੀ ਕਿ ਭਾਰਤ ਸਰਕਾਰ ਨੂੰ ਕਿਸਾਨਾਂ ਦੀ ਸੁਣਨ ਅਤੇ ਕਾਨੂੰਨਾਂ ਨੂੰ ਰੱਦ ਕਰਨ ਦੀ ਅਪੀਲ ਕਰੇ। ਅਸੀਂ ਸ਼ਾਂਤਮਈ ਪ੍ਰਦਰਸ਼ਨਕਾਰੀਆਂ ਵਿਰੁੱਧ ਸੁਰੱਖਿਆ ਬਲਾਂ ਦੀ ਹਿੰਸਾ, ਪੱਤਰਕਾਰਾਂ ਨੂੰ ਜ਼ਬਰਦਸਤੀ ਕੈਦ ਕਰਨ ਅਤੇ ਇੰਟਰਨੈਟ ਸੇਵਾਵਾਂ ਬੰਦ ਕਰਨ ‘ਤੇ ਗੰਭੀਰ ਤੌਰ ‘ਤੇ ਚਿੰਤਤ ਹਾਂ। ਇਹ ਲੋਕਤੰਤਰ ਦੀ ਵਿਸ਼ੇਸ਼ਤਾ ਨਹੀਂ ਹੈ ਅਤੇ ਭਾਰਤ ਸਰਕਾਰ ਨੂੰ ਸਾਰਿਆਂ ਲਈ ਲੋਕਤੰਤਰੀ ਅਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਦਾ ਸਨਮਾਨ ਕਰਨ ਦੀ ਅਪੀਲ ਕਰਦੇ ਹਨ ।

ਇਸ ਤੋਂ ਇਲਾਵਾ ਸਕਾਟਲੈਂਡ ਨਿਵਾਸੀ ਜਗਤਾਰ ਸਿੰਘ ਜੱਗੀ ਜੌਹਲ ਨੂੰ ਬਿਨਾਂ ਕਿਸੇ ਦੋਸ਼ ਦੇ 1230 ਦਿਨਾਂ ਦੇ ਵੱਧ ਸਮੇਂ ਤੋਂ ਭਾਰਤ ਦੀ ਜੇਲ੍ਹ ਵਿੱਚ ਬੰਦ ਕੀਤੇ ਜਾਣ ਦਾ ਮੁੱਦਾ ਵੀ ਉਠਾਇਆ ਅਤੇ ਭਾਰਤ ਸਰਕਾਰ ਵਲੋਂ ਸਾਲ 2020 ਵਿੱਚ 109 ਇੰਟਰਨੈੱਟ ਸੇਵਾਵਾਂ ਬੰਦ ਕਰਨ ਦੀਆਂ ਉਦਾਹਰਨਾਂ ਦਿੱਤੀਆਂ ਤਾਂ ਜੋ ਲੋਕਾਂ ਦੀ ਅਵਾਜ ਨੂੰ ਦਬਾਇਆ ਜਾ ਸਕੇ। ਸਕਾਟਿਸ਼ ਸਿੱਖ ਸੰਸਥਾ ਦੇ ਜਨਰਲ ਸਕੱਤਰ ਚਰਨਦੀਪ ਸਿੰਘ ਨੇ ਸਕਾਟਲੈਂਡ ਸਰਕਾਰ ਕੋਲੋਂ ਅਪੀਲ ਕੀਤੀ ਕਿ ਸਕਾਟਲੈਂਡ ਸਰਕਾਰ ਆਪਣੇ ਅੰਤਰਰਾਸ਼ਟਰੀ ਪ੍ਰਭਾਵ ਦੀ ਵਰਤੋਂ ਨਾਲ ਭਾਰਤ ਸਰਕਾਰ ਨੂੰ ਕਿਸਾਨਾਂ ਨਾਲ ਗੱਲਬਾਤ ਕਰਕੇ ਇਸ ਗੰਭੀਰ ਮੁੱਦੇ ਦਾ ਹੱਲ ਕੱਢਣ ਦੀ ਅਪੀਲ ਕਰੇ।

ਸਕਾਟਲੈਂਡ ਦੀ ਪਹਿਲੀ ਮੰਤਰੀ ਨਿਕੋਲਾ ਸਟਰਜਨ ਨੇ ਪੱਤਰ ਲਿਖ ਕੇ ਕਿਹਾ ਕਿ ਭਾਰਤ ਵਿੱਚ ਸ਼ਾਂਤੀਪੂਰਣ ਕਿਸਾਨ ਅੰਦੋਲਨ ‘ਤੇ ਸੁਰੱਖਿਆ ਬਲਾਂ ਵਲੋਂ ਹਿੰਸਾ ਦੀਆਂ ਰਿਪੋਰਟਾਂ ਆਈਆਂ ਹਨ। ਉਨ੍ਹਾਂ ਵਿਸ਼ਵਾਸ ਦੁਆਇਆ ਕਿ ਉਹ ਭਾਰਤ ਸਰਕਾਰ ਨੂੰ ਅਪੀਲ ਕਰਨਗੇ ਕਿ ਪ੍ਰਦਰਸ਼ਨਕਾਰੀਆਂ ਨੂੰ ਕਿਸੇ ਹਿੰਸਾ ਤੇ ਜਬਰ ਦੇ ਡਰ ਤੋਂ ਬਿਨਾ ਆਪਣਾ ਰੋਸ ਪ੍ਰਗਟ ਕਰਨ ਦੀ ਅਜ਼ਾਦੀ ਦਿੱਤੀ ਜਾਵੇ ਅਤੇ ਕਿਸਾਨਾਂ ਨਾਲ ਗੱਲ-ਬਾਤ ਕਰਕੇ ਮਸਲੇ ਦਾ ਹੱਲ ਕੱਢਿਆ ਜਾਵੇ। ਉਹਨਾਂ ਕਿਹਾ ਕਿ ਇਹ ਮੁੱਦਾ ਸਿੱਧੇ ਜਾਂ ਅਸਿੱਧੇ ਤੌਰ ‘ਤੇ ਬਹੁਤ ਸਾਰੇ ਸਕਾਟਲੈਂਡ ਦੇ ਸਿੱਖਾਂ ਨਾਲ ਜੁੜਿਆ ਹੋਇਆਂ ਹੈ ਅਤੇ ਉਹ ਇਸ ਪ੍ਰਤੀ ਗੰਭੀਰ ਤੇ ਚਿੰਤਤ ਪ੍ਰਤੀਤ ਹੁੰਦੇ ਹਨ।

  • 1.3K
  •  
  •  
  •  
  •