ਇਸ ਵਾਰ ਕਿਸਾਨਾਂ ਵੱਲੋਂ ਪੂਰੇ 12 ਘੰਟੇ ਕੀਤਾ ਜਾਵੇਗਾ ਭਾਰਤ ਬੰਦ

ਰੇਲਾਂ ਤੇ ਸੜਕੀ ਆਵਾਜਾਈ ਰਹੇਗੀ ਪੂਰੀ ਤਰ੍ਹਾਂ ਠੱਪ


ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਮਾਰਚ ਦੇ ਭਾਰਤ ਬੰਦ ਨੂੰ ਲੈ ਕੇ ਜ਼ਿਲ੍ਹਾ ਪੱਧਰ ’ਤੇ ਤਿਆਰੀਆਂ ਵੱਡੀ ਪੱਧਰ ’ਤੇ ਕੀਤੀਆਂ ਜਾ ਰਹੀਆਂ ਹਨ।  ਕਿਸਾਨ ਆਗੂਆਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਸ ਵਾਰ ਭਾਰਤ ਬੰਦ ਪਹਿਲਾਂ ਕੀਤੇ ਬੰਦ ਤੋਂ ਬਿਲਕੁਲ ਵੱਖਰਾ ਹੋਵੇਗਾ।
ਪਹਿਲਾਂ ਕੁੱਝ ਘੰਟਿਆਂ ਦਾ ਐਕਸ਼ਨ ਹੁੰਦਾ ਸੀ ਜਾਂ ਪੂਰੀਆਂ ਸੇਵਾਵਾਂ ਬੰਦ ਨੇ ਸ਼ਾਮਲ ਨਹੀਂ ਸਨ ਹੁੰਦੀਆਂ ਹਨ ਪਰ ਇਸ ਵਾਰ ਪੂਰੇ 12 ਘੰਟੇ ਦਾ ਭਾਰਤ ਬੰਦ ਹੋਵੇਗਾ ਜੋ ਸਵੇਰੇ 6 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 6 ਵਜੇ ਤਕ ਹੋਵੇਗਾ। ਇਸ ਵਿਚ ਸਭ ਤਰ੍ਹਾਂ ਦੇ ਕਾਰੋਬਾਰ, ਦੁਕਾਨਾਂ ਤੇ ਸੰਸਥਾਨ ਪੂਰੀ ਤਰ੍ਹਾਂ ਬੰਦ ਰੱਖਣ ਤੋਂ ਇਲਾਵਾ ਰੇਲ ਤੇ ਸੜਕ ਆਵਾਜਾਈ ਵੀ ਪੂਰਾ ਦਿਨ ਮੁਕੰਮਲ ਤੌਰ ’ਤੇ ਠੱਪ ਰੱਖਣ ਨਾਲ ਸਿਰਫ਼ ਕੁੱਝ ਐਮਰਜੈਂਸੀ ਸੇਵਾਵਾਂ ਨੂੰ ਛੱਡ ਰਾਸ਼ਨ ਤੇ ਹੋਰ ਹਰ ਤਰ੍ਹਾਂ ਦੀ ਸਪਲਾਈ ਵੀ ਬੰਦ ਰੱਖੀ ਜਾਵੇਗੀ।
ਭਾਰਤ ਬੰਦ ਤੋਂ ਇਲਾਵਾ ਇਸ ਤੋਂ ਪਹਿਲਾਂ ਨਿਰਧਾਰਿਤ ਮੋਰਚੇ ਦੇ ਹੋਰ ਐਕਸ਼ਨ ਦਾ ਵੀ ਕਿਸਾਨ ਆਗੂਆਂ ਨੇ ਇਕ ਮੀਟਿੰਗ ਕਰ ਕੇ ਜਾਇਜ਼ਾ ਲਿਆ ਹੈ। 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੇ ਸ਼ਹੀਦੀ ਦਿਹਾੜੇ ਮੌਕੇ ਦੇਸ਼ ਭਰ ਵਿਚੋਂ ਨੌਜਵਾਨਾਂ ਦੇ ਵੱਡੇ ਕਾਫ਼ਲੇ ਦਿੱਲੀ ਦੇ ਕਿਸਾਨ ਮੋਰਚਿਆਂ ਵਿਚ ਪਹੁੰਚਣਗੇ। 26 ਮਾਰਚ ਦੇ ਬੰਦ ਤੋਂ ਬਾਅਦ ਵੀ ਕਿਸਾਨ ਮੋਰਚੇ ਦੇ ਅਗਲੇ ਕੁੱਝ ਪ੍ਰੋਗਰਾਮ ਤੈਅ ਹੋ ਚੁੱਕੇ ਹਨ। 28 ਮਾਰਚ ਨੂੰ ਦੇਸ਼ ਭਰ ਵਿਚ ਤਿੰਨ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ ਅਤੇ 5 ਅਪ੍ਰੈਲ ਨੂੰ ਐਫ਼ਸੀਆਈ ਦੇ ਦਫ਼ਤਰ ਘੇਰੇ ਜਾਣਗੇ। 

  • 115
  •  
  •  
  •  
  •