ਕੋਰੋਨਾ ਕਾਲ ਦੌਰਾਨ ਲੋਕਾਂ ‘ਤੇ ਕਰਜ਼ਾ ਵਧਿਆ, ਬੱਚਤ ਘਟੀ ਤੇ ਬੇਰੁਜ਼ਗਾਰੀ ਵਧੀ -ਰਿਜ਼ਰਵ ਬੈਂਕ
ਕੋਰੋਨਾ ਵਾਇਰਸ ਮਹਾਂਮਾਰੀ ਦੇ ਇਕ ਸਾਲ ਦੌਰਾਨ ਭਾਰਤੀ ਪਰਿਵਾਰਾਂ ‘ਤੇ ਕਰਜ਼ੇ ਦਾ ਬੋਝ ਵਧਿਆ ਹੈ | ਭਾਰਤੀ ਰਿਜ਼ਰਵ ਬੈਂਕ ਦੇ ਤਾਜ਼ਾ ਅੰਕੜਿਆਂ ਅਨੁਸਾਰ ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ ‘ਚ ਪਰਿਵਾਰਾਂ ‘ਤੇ ਕਰਜ਼ਾ ਵਧ ਕੇ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਦਾ 37.1 ਫੀਸਦੀ ‘ਤੇ ਪਹੰੁਚ ਗਿਆ ਹੈ ਜਦਕਿ ਇਸੇ ਦੌਰਾਨ ਪਰਿਵਾਰਾਂ ਦੀ ਬਚਤ ਘਟ ਕੇ 10.4 ਫੀਸਦੀ ਦੇ ਹੇਠਲੇ ਪੱਧਰ ‘ਤੇ ਆ ਗਈ ਹੈ | ਮਹਾਂਮਾਰੀ ਕਾਰਨ ਲੱਖਾਂ ਲੋਕ ਬੇਰੁਜ਼ਗਾਰ ਹੋਏ ਹਨ ਜਦਕਿ ਵੱਡੀ ਗਿਣਤੀ ‘ਚ ਲੋਕਾਂ ਦੀ ਆਮਦਨ (ਤਨਖਾਹ) ਘਟੀ ਹੈ, ਜਿਸ ਕਾਰਨ ਲੋਕਾਂ ਨੂੰ ਵੱਧ ਕਰਜ਼ਾ ਲੈਣਾ ਪਿਆ ਹੈ ਜਾਂ ਫਿਰ ਆਪਣੀ ਬਚਤ ਨਾਲ ਖਰਚਿਆਂ ਨੂੰ ਪੂਰਾ ਕਰਨਾ ਪਿਆ ਹੈ | ਅੰਕੜਿਆਂ ਅਨੁਸਾਰ ਦੂਜੀ ਤਿਮਾਹੀ ‘ਚ ਕੁੱਲ ਕਰਜ਼ਾ ਬਾਜ਼ਾਰ ‘ਚ ਪਰਿਵਾਰਾਂ ਦੀ ਹਿੱਸੇਦਾਰੀ ਸਾਲਾਨਾ ਆਧਾਰ ‘ਤੇ 1.30 ਫੀਸਦੀ ਵਧ ਕੇ 51.5 ਫੀਸਦੀ ‘ਤੇ ਪਹੰੁਚ ਗਈ ਹੈ | ਰਿਜ਼ਰਵ ਬੈਂਕ ਦੇ ਮਾਰਚ ਦੇ ਬੁਲੇਟਿਨ ਅਨੁਸਾਰ ਮਹਾਂਮਾਰੀ ਦੀ ਸ਼ੁਰੂਆਤ ‘ਚ ਲੋਕਾਂ ਦਾ ਝੁਕਾਅ ਬਚਤ ਵੱਲ ਸੀ, ਜਿਸ ਕਾਰਨ 2020-21 ਦੀ ਪਹਿਲੀ ਤਿਮਾਹੀ ‘ਚ ਪਰਿਵਾਰਾਂ ਦੀ ਬਚਤ ਜੀ.ਡੀ.ਪੀ. ਦੇ 21 ਫੀਸਦੀ ‘ਤੇ ਪਹੁੰਚ ਗਈ ਸੀ, ਪਰ ਦੂਜੀ ਤਿਮਾਹੀ ‘ਚ ਇਹ ਘਟ ਕੇ 10.4 ਫੀਸਦੀ ਰਹਿ ਗਈ | ਹਾਲਾਂਕਿ ਇਹ 2019-20 ਦੀ ਦੂਜੀ ਤਿਮਾਹੀ ਦੇ 9.8 ਫੀਸਦੀ ਤੋਂ ਵੱਧ ਹੈ | ਰਿਜ਼ਰਵ ਬੈਂਕ ਦੇ ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਸਧਾਰਨ ਰੂਪ ਨਾਲ ਜਦੋਂ ਅਰਥਵਿਵਸਥਾ ਰੁਕਦੀ ਹੈ ਜਾਂ ਉਸ ‘ਚ ਗਿਰਾਵਟ ਆਉਂਦੀ ਹੈ ਤਾਂ ਪਰਿਵਾਰਾਂ ਦੀ ਬਚਤ ਵਧਦੀ ਹੈ ਜਦਕਿ ਜਦੋਂ ਅਰਥਵਿਵਸਥਾ ਸੁਧਰਦੀ ਹੈ ਤਾਂ ਬਚਤ ਘਟਦੀ ਹੈ ਕਿਉਂਕਿ ਲੋਕਾਂ ‘ਚ ਖਰਚ ਕਰਨ ਨੂੰ ਲੈ ਕੇ ਭਰੋਸਾ ਵਧਦਾ ਹੈ | ਰਿਜ਼ਰਵ ਬੈਂਕ ਦਾ ਕਹਿਣਾ ਹੈ ਕਿ ਕੁਝ ਇਸ ਤਰ੍ਹਾਂ ਦਾ ਰਵੱਈਆ 2008-09 ‘ਚ ਕੌਮਾਂਤਰੀ ਵਿੱਤੀ ਸੰਕਟ ਦੌਰਾਨ ਵੀ ਵੇਖਣ ਨੂੰ ਮਿਲਿਆ ਸੀ
52