ਭਗਵੰਤ ਮਾਨ ਨੇ ਜ਼ਰੂਰੀ ਵਸਤਾਂ ਐਕਟ ‘ਚ ਸੋਧ ਲਈ ਸਹਿਮਤੀ ਦਿੱਤੀ: ਸ਼੍ਰੋਮਣੀ ਅਕਾਲੀ ਦਲ

ਸ਼੍ਰੋਮਣੀ ਅਕਾਲੀ ਦਲ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਕਨਵੀਨਰ ਭਗਵੰਤ ਮਾਨ ‘ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਦੋਵੇਂ ਲੀਡਰ ਕੇਂਦਰ ਸਰਕਾਰ ਨਾਲ ਰਲੇ ਹੋਏ ਹਨ ਅਤੇ ਮਾਨ ਨੇ ਕੇਜਰੀਵਾਲ ਦੀ ਸਹਿਮਤੀ ਨਾਲ ਹੀ ਜ਼ਰੂਰੀ ਵਸਤਾਂ ਸੋਧ ਐਕਟ 2020 ਨੂੰ ਲਾਗੂ ਕਰਨ ਲਈ ਸੰਸਦ ਦੀ ਖ਼ੁਰਾਕ ਤੇ ਖਪਤਕਾਰ ਮਾਮਲਿਆਂ ਬਾਰੇ ਸਟੈਂਡਿੰਗ ਕਮੇਟੀ ਦੀ ਮੀਟਿੰਗ ‘ਚ ਸਹਿਮਤੀ ਦਿੱਤੀ ਹੈ।

ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਬਾਘਾਪੁਰਾਣਾ ਵਿਖੇ ‘ਆਪ’ ਦੀ ਰੈਲੀ ਦੌਰਾਨ ਭਗਵੰਤ ਮਾਨ ਵਲੋਂ ਕੀਤੇ ਇਸ ਕੰਮ ਦੀ ਮੁਆਫ਼ੀ ਮੰਗਣੀ ਚਾਹੀਦੀ ਸੀ। ਡਾ. ਚੀਮਾ ਨੇ ਕਿਹਾ ਕਿ ‘ਆਪ’ ਲੀਡਰਸ਼ਿਪ ਨੇ ਬਿਨਾਂ ਸ਼ੱਕ ਦੇ ਇਹ ਸਾਬਤ ਕਰ ਦਿੱਤਾ ਹੈ ਕਿ ਕੇਜਰੀਵਾਲ ਤੇ ਮਾਨ ਦੋਵੇਂ ਕਿਸਾਨਾਂ ਦੇ ਖ਼ਿਲਾਫ਼ ਸਾਜ਼ਿਸ਼ ‘ਚ ਬਰਾਬਰ ਦੇ ਭਾਈਵਾਲ ਹਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ਸੰਸਦ ‘ਚ ਜ਼ਰੂਰੀ ਵਸਤਾਂ ਐਕਟ ‘ਚ ਸੋਧ ਵੇਲੇ ਲੋਕ ਸਭਾ ‘ਚੋਂ ਵਾਕ ਆਊਟ ਕੀਤਾ ਸੀ। ਉਨ੍ਹਾਂ ਕਿਹਾ ਕਿ ਇਸ ਸਮੇਂ ਮਾਨ ਇਹ ਝੂਠਾ ਦਾਅਵਾ ਕੀਤਾ ਸੀ ਕਿ ਬਿੱਲ ਲਈ ਵੋਟਿੰਗ ਨਹੀਂ ਕਰਵਾਈ ਗਈ ਪਰ ਹੁਣ ਮਾਨ ਨੇ ਇਸੇ ਐਕਟ ‘ਚ ਸੋਧ ਲਈ ਹਮਾਇਤ ਦਿੱਤੀ ਹੈ, ਜਿਸ ਤੋਂ ਅਜਿਹਾ ਲੱਗਦਾ ਹੈ ਕਿ ਉਹ ਕਾਰਪੋਰੇਟ ਘਰਾਣਿਆਂ ਨਾਲ ਰਲ ਗਿਆ ਹੈ।

  •  
  •  
  •  
  •  
  •