ਭਾਰਤ ਤੇ ਪਾਕਿਸਤਾਨ ਦੇ ਸਬੰਧਾਂ ‘ਚ ਸੁਧਾਰ ਲਈ ਯੂਏਈ ਕਰੇਗਾ ਵਿਚੋਲਗੀ: ਰਿਪੋਰਟ

ਬਲੂਮਬਰਗ ਦੀ ਰਿਪੋਰਟ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਾਕਿਤਸਾਨ ਅਤੇ ਭਾਰਤ ਦਰਮਿਆਨ ਗੱਲਬਾਤ ਵਿਚ ਅਹਿਮ ਭੂਮਿਕਾ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਨਿਭਾਅ ਰਿਹਾ ਹੈ। ਇਸ ਲਈ ਇਕ ਰੋਡਮੈਪ ਤਿਆਰ ਹੋ ਚੁੱਕਿਆ ਹੈ। ਉਮੀਦ ਹੈ ਕਿ ਇਸ ਰੋਡਮੈਪ ਨਾਲ ਦੋਹਾਂ ਦੇਸ਼ਾਂ ਵਿਚਾਲੇ ਸਥਾਈ ਹੱਲ ਨਿਕਲ ਸਕਦਾ ਹੈ।

ਰਿਪੋਰਟ ਮੁਤਾਬਕ 26 ਫਰਵਰੀ ਨੂੰ ਨਵੀਂ ਪਹੁੰਚੇ ਯੂ. ਏ. ਈ. ਦੇ ਵਿਦੇਸ਼ ਮੰਤਰੀ ਅਤੇ ਭਾਰਤੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਵਿਚਾਲੇ ਰੀਜ਼ਨਲ ਅਤੇ ਇੰਟਰਨੈਸ਼ਨਲ ਮੁੱਦਿਆਂ ‘ਤੇ ਅਹਿਮ ਗੱਲਾਂ ਹੋਈਆਂ ਸਨ। ਬੰਦ ਕਮਰਿਆਂ ਵਿਚ ਹੋਈ ਬੈਠਕ ਵਿਚ ਪਾਕਿਸਤਾਨ ਅਤੇ ਭਾਰਤ ਵਿਚਾਲੇ ਰਿਸ਼ਤੇ ਸੁਧਾਰਣ ਸਬੰਧੀ ਗੱਲਬਾਤ ਹੋਈ। ਵਿਦੇਸ਼ ਮੰਤਰਾਲਾ ਦੇ ਅਧਿਕਾਰੀਆਂ ਦੀ ਮੰਨੀਏ ਤਾਂ ਦੋਹਾਂ ਦੇਸ਼ਾਂ ਨੂੰ ਜੰਗਬੰਦੀ ਸਮਝੌਤਾ ਬਹਾਲ ਕਰਨਾ ਤਾਂ ਸਿਰਫ ਸ਼ੁਰੂਆਤ ਹੈ। ਹੁਣ ਤੇਜ਼ੀ ਨਾਲ ਭਾਰਤ ਅਤੇ ਪਾਕਿਸਤਾਨ ਸਬੰਧ ਸੁਧਾਰਣ ਦੀ ਦਿਸ਼ਾ ਵਿਚ ਕੰਮ ਸ਼ੁਰੂ ਕਰ ਦੇਣਗੇ।

ਰਿਪੋਰਟ ਅਨੁਸਾਰ ਹੁਣ ਪਾਕਿਸਤਾਨ ਨਵੀਂ ਦਿੱਲੀ ਵਿਚ ਤਾਂ ਭਾਰਤ ਇਸਲਾਮਾਬਾਦ ਵਿਚ ਆਪਣੇ ਰਾਜਦੂਤ ਨੂੰ ਫਿਰ ਤੋਂ ਨਿਯੁਕਤ ਕਰਨਗੇ। 2019 ਵਿਚ ਕਸ਼ਮੀਰ ਤੋਂ ਧਾਰਾ-370 ਹਟਾਉਣ ‘ਤੇ ਪਾਕਿਸਤਾਨ ਨੇ ਸਖਤ ਵਿਰੋਧ ਦਰਜ ਕਰਾਇਆ ਸੀ। ਨਵੀਂ ਦਿੱਲੀ ਤੋਂ ਆਪਣੇ ਰਾਜਦੂਤ ਨੂੰ ਪਾਕਿਸਤਾਨ ਵਾਪਸ ਬੁਲਾ ਲਿਆ ਸੀ। ਰਿਪੋਰਟ ਮੁਤਾਬਕ ਗੱਲਬਾਤ ਪਿੱਛੇ ਵਪਾਰ ਵੀ ਇਕ ਵੱਡਾ ਕਾਰਣ ਹੈ। ਰਾਜਦੂਤਾਂ ਨੂੰ ਬਹਾਲ ਕਰਨ ਤੋਂ ਬਾਅਦ ਦੋਵੇਂ ਦੇਸ਼ ਕਾਰੋਬਾਰ ਸ਼ੁਰੂ ਕਰਨਗੇ। ਯੂ. ਏ. ਈ. ਅਤੇ ਸਾਊਦੀ ਅਰਬ ਦੇ ਭਾਰਤ ਅਤੇ ਪਾਕਿਸਤਾਨ ਦੋਵੇਂ ਹੀ ਦੇਸ਼ਾਂ ਨਾਲ ਚੰਗੇ ਵਪਾਰਕ ਸਬੰਧ ਹਨ ਅਤੇ ਉਹ ਦੋਹਾਂ ਨੂੰ ਹੀ ਇਕੱਠੇ ਸਾਧ ਕੇ ਤੁਰਨਾ ਚਾਹੁੰਦਾ ਹੈ।

ਕਰੀਬ ਇਕ ਹਫਤੇ ਕੁ ਪਹਿਲਾਂ ਪਾਕਿਸਤਾਨ ਦੇ ਫੌਜ ਪ੍ਰਮੁੱਖ ਜਨਰਲ ਕਮਰ ਜਾਵੇਦ ਬਾਜਵਾ ਦਾ ਇਕ ਬਿਆਨ ਸਾਹਮਣੇ ਆਇਆ ਸੀ। ਇਸ ਵਿਚ ਉਨ੍ਹਾਂ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੋਹਾਂ ਨੂੰ ਪੁਰਾਣੀ ਖਟਾਸ ਨੂੰ ਭੁਲਾ ਕੇ ਅੱਗੇ ਵੱਧਣਾ ਚਾਹੀਦਾ ਹੈ। ਉਨ੍ਹਾਂ ਦੇ ਇਸ ਬਿਆਨ ਨੂੰ ਵੀ ਦੋਹਾਂ ਦੇਸ਼ਾਂ ਦਰਮਿਆਨ ਰਿਸ਼ਤਿਆਂ ਵਿਚ ਸੁਧਾਰ ਦੀ ਪਹਿਲ ਦੇ ਰੂਪ ਵਿਚ ਦੇਖਿਆ ਗਿਆ ਸੀ।

ਸਿੰਧੂ ਜਲ ਕਮਿਸ਼ਨ ਦੀ ਬੈਠਕ ਲਈ ਪਾਕਿਸਤਾਨ ਦਾ ਇਕ ਵਫਦ ਭਾਰਤ ਪਹੁੰਚ ਗਿਆ ਹੈ। ਭਾਰਤ ਅਤੇ ਪਾਕਿਸਤਾਨ ਦੇ ਅਧਿਕਾਰੀਆਂ ਵਿਚਾਲੇ 23-24 ਮਾਰਚ ਨੂੰ ਸਿੰਧੂ ਜਲ ਦੇ ਮੁੱਦੇ ‘ਤੇ ਬੈਠਕ ਹੋਵੇਗੀ। ਜੰਮੂ-ਕਸ਼ਮੀਰ ਵਿਚ ਧਾਰਾ-370 ਦੇ ਹਟਣ ਅਤੇ ਕੋਰੋਨਾ ਵਾਇਰਸ ਫੈਲਣ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਇਹ ਪਹਿਲੀ ਬੈਠਕ ਹੋਵੇਗੀ। ਸਥਾਈ ਸਿੰਧੂ ਕਮਿਸ਼ਨ ਦੀ 116ਵੀਂ ਬੈਠਕ ਨਵੀਂ ਦਿੱਲੀ ਵਿਚ ਹੋ ਰਹੀ ਹੈ। ਇਸ ਬੈਠਕ ਦੌਰਾਨ ਲੱਦਾਖ ਹਾਈਡ੍ਰੋਇਲੈਕਟ੍ਰਿਕ ਪ੍ਰਾਜੈਕਟ ਸਣੇ ਪਾਣੀ ਸਾਂਝਾ ਕੀਤੇ ਜਾਣ ਦੇ ਕਈ ਅਹਿਮ ਮੁੱਦਿਆਂ ‘ਤੇ ਚਰਚਾ ਹੋਣ ਵਾਲੀ ਹੈ।

  •  
  •  
  •  
  •  
  •