ਨਗਾਰਿਆਂ ਦੀ ਚੋਟ ‘ਤੇ ਹੋਲੇ-ਮਹੱਲੇ ਦਾ ਆਗਾਜ਼, ਜਥੇਦਾਰ ਰਘਬੀਰ ਸਿੰਘ ਵੱਲੋਂ ਸਰਕਾਰ ਨੂੰ ਤਾੜਨਾ

ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਖ਼ਾਲਸਾਈ ਸ਼ਾਨ ਦਾ ਪ੍ਰਤੀਕ ਹੋਲਾ-ਮਹੱਲਾ ਨਗਾਰਿਆਂ ਦੀ ਚੋਟ ‘ਤੇ ਸ੍ਰੀ ਆਨੰਦਪੁਰ ਸਾਹਿਬ ਦੇ ਕਿਲ੍ਹਾ ਅਨੰਦਗੜ੍ਹ ਸਾਹਿਬ ਵਿਖੇ ਸ਼ੁਰੂ ਹੋਇਆ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਅਤੇ ਬਾਕੀ ਦੇ ਨਿਹੰਗ ਸਿੰਘਾਂ ਵੱਲੋਂ ਪੰਜ ਪੁਰਾਤਨ ਨਗਾਰਿਆਂ ‘ਤੇ ਚੋਟ ਲਗਾ ਕੇ ਹੋਲਾ ਮਹੱਲਾ ਦਾ ਆਗਾਜ਼ ਕੀਤਾ ਗਿਆ।

ਗੌਰਤਲਬ ਹੈ ਕਿ 24 ਮਾਰਚ ਤੋਂ ਲੈ ਕੇ 29 ਮਾਰਚ ਤੱਕ ਹੋਲਾ ਮਹੱਲਾ ਕੀਰਤਪੁਰ ਸਾਹਿਬ ਅਤੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਮਨਾਇਆ ਜਾਣਾ ਹੈ ਅਤੇ ਪੁਰਾਤਨ ਰਵਾਇਤਾਂ ਅਨੁਸਾਰ 23 ਮਾਰਚ ਨੂੰ ਤਕਰੀਬਨ ਰਾਤ ਇੱਕ ਵਜੇ ਦੇ ਕਰੀਬ ਗੁਰਮਤਿ ਸਮਾਗਮ ਦੀ ਸਮਾਪਤੀ ਉਪਰੰਤ ਪੁਰਾਤਨ ਨਗਾਰਿਆਂ ਦੀ ਚੋਟ ਦੇ ਨਾਲ ਹੋਲਾ ਮਹੱਲੇ ਦਾ ਰਸਮੀ ਆਗਾਜ਼ ਹੋਇਆ ਹੈ। ਸਮਾਗਮਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ 24 ਮਾਰਚ ਨੂੰ ਕੀਰਤਪੁਰ ਸਾਹਿਬ ਦੇ ਵੱਖ -ਵੱਖ ਗੁਰੂ ਘਰਾਂ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਆਰੰਭ ਕੀਤੇ ਜਾਣਗੇ ਅਤੇ ਜਿਨ੍ਹਾਂ ਦੇ ਭੋਗ 26 ਮਾਰਚ ਨੂੰ ਪਾਏ ਜਾਣਗੇ।

ਇਸ ਉਪਰੰਤ ਹੋਲਾ ਮਹੱਲੇ ਦਾ ਦੂਜਾ ਪੜਾਅ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼ੁਰੂ ਹੁੰਦਾ ਹੈ, ਜਿਥੇ 27 ਮਾਰਚ ਤੋਂ ਲੈ ਕੇ 29 ਮਾਰਚ ਤੱਕ ਵੱਖ -ਵੱਖ ਗੁਰੂਘਰਾਂ ਵਿੱਚ ਗੁਰਮਤਿ ਸਮਾਗਮ ਚੱਲਣਗੇ, ਉੱਥੇ ਸੰਗਤਾਂ ਦਾ ਵੱਡਾ ਇਕੱਠ ਇਨ੍ਹਾਂ ਤਿੰਨ ਦਿਨਾਂ ਦੇ ਵਿੱਚ ਸ੍ਰੀ ਆਨੰਦਪੁਰ ਸਾਹਿਬ ਵਿਖੇ ਦੇਖਣ ਨੂੰ ਮਿਲਦਾ ਹੈ। ਪਹਿਲੇ ਪੜਾਅ ਦੌਰਾਨ ਹੋਲਾ ਮਹੱਲਾ ਸਮਾਗਮ ਕੀਰਤਪੁਰ ਸਾਹਿਬ ਵਿਖੇ ਹੁੰਦੇ ਹਨ ਤੇ ਦੂਜੇ ਪੜਾਅ ਦੇ ਸਮਾਗਮ ਸ੍ਰੀ ਅਨੰਦਪੁਰ ਵਿਖੇ ਹੁੰਦੇ ਹਨ। ਜਿੱਥੇ ਸੰਗਤਾਂ ਲੱਖਾਂ ਦੀ ਤਾਦਾਦ ਵਿੱਚ ਗੁਰੂਘਰਾਂ ਵਿੱਚ ਨਤਮਸਤਕ ਹੋਣ ਲਈ ਪਹੁੰਚਦੀਆਂ ਹਨ। 29 ਮਾਰਚ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਮਹੱਲਾ ਕੱਢਿਆ ਜਾਵੇਗਾ ਅਤੇ ਮੁਹੱਲੇ ਨੂੰ ਦੇਖਣ ਦੇ ਲਈ ਸੰਗਤਾਂ ਦੇਸ਼ਾਂ-ਵਿਦੇਸ਼ਾਂ ਤੋਂ ਖ਼ਾਸ ਤੌਰ ‘ਤੇ ਪਹੁੰਚਦੀਆਂ ਹਨ।

ਅੱਜ ਹੋਲਾ ਮਹੱਲਾ ਦੇ ਰਸਮੀ ਆਗਾਜ਼ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਸਮੁੱਚੀਆਂ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਅਤੇ ਉਨ੍ਹਾਂ ਕਿਹਾ ਕਿ ਸੰਗਤ ਹੁੰਮ ਹੁਮਾ ਕੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੋਲਾ-ਮਹੱਲਾ ਮਨਾਉਣ ਲਈ ਪਹੁੰਚੇ। ਉਨ੍ਹਾਂ ਸਖ਼ਤ ਲਹਿਜ਼ੇ ਵਿੱਚ ਸਰਕਾਰ ਨੂੰ ਤਾੜਨਾ ਕੀਤੀ ਕਿ ਸਰਕਾਰ ਸਿੱਖਾਂ ਦੇ ਅੰਦਰੂਨੀ ਮਾਮਲਿਆਂ ਵਿਚ ਦਖਲ ਅੰਦਾਜ਼ੀ ਨਾ ਕਰੇ ਅਤੇ ਹੋਲਾ ਮਹੱਲਾ ਸਿੱਖਾਂ ਦਾ ਕੌਮੀ ਤਿਉਹਾਰ ਹੈ ਜਿਸ ਵਿੱਚ ਕਿਸੇ ਤਰੀਕੇ ਦਾ ਦਖ਼ਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਸੰਗਤ ਦੀ ਰਿਹਾਇਸ਼, ਲੰਗਰ ਆਦਿ ਦੇ ਖ਼ਾਸ ਪ੍ਰਬੰਧ ਕੀਤੇ ਗਏ ਹਨ। ਗੁਰਦੁਆਰਾ ਪਤਾਲਪੁਰੀ ਵਿਚ ਸੰਗਤ ਦੀ ਰਿਹਾਇਸ਼ ਲਈ ਦੋ ਵਾਟਰ ਪਰੂਫ਼ ਟੈਂਟ ਲਾਏ ਗਏ ਹਨ ਜਿਸ ਵਿਚ 2000 ਦੇ ਕਰੀਬ ਸੰਗਤ ਆਰਾਮ ਕਰ ਸਕੇਗੀ। ਪ੍ਰਾਇਮਰੀ ਹੈਲਥ ਕੇਂਦਰ ਕੀਰਤਪੁਰ ਸਾਹਿਬ ਦੀ ਐੱਸਐੱਮਓ ਡਾ. ਅੰਜੂ ਤੇ ਮੈਡੀਕਲ ਅਫਸਰ ਦਿਨੇਸ਼ ਨੇ ਦੱਸਿਆ ਕਿ ਸਿਹਤ ਵਿਭਾਗ ਨੇ ਤਿੰਨ ਆਰਜ਼ੀ ਡਿਸਪੈਂਸਰੀਆਂ ਤੇ ਪੀਐੱਚਸੀ ਕੀਰਤਪੁਰ ਸਾਹਿਬ ਵਿਖੇ ਬਣਾਏ ਹਨ। 24 ਘੰਟੇ ਐਮਰਜੈਂਸੀ ਲਈ 5 ਡਾਕਟਰ ਤੇ 2 ਮਾਹਰ ਡਾਕਟਰ ਤਾਇਨਾਤ ਰਹਿਣਗੇ। ਕੋਰੋਨਾ ਦੇ ਮੱਦੇਨਜ਼ਰ 7 ਟੀਮਾਂ ਤਾਇਨਾਤ ਕੀਤੀਆਂ ਹਨ।

  • 135
  •  
  •  
  •  
  •