ਜੁਗਰਾਜ ਸਿੰਘ, ਰਣਜੀਤ ਸਿੰਘ ਅਤੇ ਸ਼ਹੀਦ ਨਵਰੀਤ ਸਿੰਘ ਦੇ ਪਰਿਵਾਰ ਨੂੰ ਕੀਤਾ ਸਨਮਾਨਿਤ

ਦਿੱਲੀ ਪੁਲਿਸ ਦੀ ਗੋਲ਼ੀ ਨਾਲ 26 ਜਨਵਰੀ ਨੂੰ ਸ਼ਹੀਦ ਹੋਏ ਨਵਰੀਤ ਸਿੰਘ ਡਿਬਡਿਬਾ ਅਤੇ ਕਿਸਾਨ ਸੰਘਰਸ਼ ’ਚ ਆਪਣੀਆਂ ਜਾਨਾਂ ਗੁਆ ਚੁੱਕੇ ਸਮੂਹ ਕਿਸਾਨਾਂ ਦੇ ਨਮਿੱਤ ਸਿੱਖ ਯੂਥ ਆਫ਼ ਪੰਜਾਬ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਸਮੂਹ ਅੰਦਰ ਗੁ. ਬਾਬਾ ਗੁਰਬਖ਼ਸ਼ ਸਿੰਘ ਵਿਖੇ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ ਕੀਰਤਨ ਹੋਇਆ ਤੇ ਸ਼ਹੀਦ ਨਵਰੀਤ ਸਿੰਘ ਅਤੇ ਹੋਰਾਂ ਕਿਸਾਨਾਂ ਦੀ ਆਤਮਿਕ ਸ਼ਾਂਤੀ ਤੇ ਗ੍ਰਿਫਤਾਰ ਨੌਜਵਾਨਾਂ ਦੀ ਰਿਹਾਈ ਅਤੇ ਕਿਸਾਨ ਸੰਘਰਸ਼ ਦੀ ਕਾਮਯਾਬੀ ਲਈ ਅਰਦਾਸ ਕੀਤੀ ਗਈ।

ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਥਕ ਜਥੇਬੰਦੀਆਂ ਵੱਲੋਂ ਇਸ ਸਮਾਗਮ ’ਚ ਵਿਸ਼ੇਸ਼ ਤੌਰ ’ਤੇ ਪੁੱਜੇ ਸ਼ਹੀਦ ਨਵਰੀਤ ਸਿੰਘ ਦੇ ਦਾਦਾ ਹਰਦੀਪ ਸਿੰਘ ਡਿਬਡਿਬਾ, ਉਸ ਦੇ ਮਾਤਾ ਅਤੇ ਪਿਤਾ ਅਤੇ ਲਾਲ ਕਿਲ੍ਹੇ ’ਤੇ ਖ਼ਾਲਸਾਈ ਝੰਡਾ ਝੁਲਾਉਣ ਵਾਲ਼ੇ ਨੌਜਵਾਨ ਜੁਗਰਾਜ ਸਿੰਘ ਦੇ ਪਿਤਾ ਬਲਦੇਵ ਸਿੰਘ ਅਤੇ ਦਿੱਲੀ ਪੁਲਿਸ ਦੇ ਜ਼ੁਲਮ ਦਾ ਸ਼ਿਕਾਰ ਹੋ ਕੇ ਤਿਹਾੜ ਜੇਲ੍ਹ ’ਚੋਂ ਰਿਹਾਅ ਹੋਏ ਨੌਜਵਾਨ ਰਣਜੀਤ ਸਿੰਘ ਕਾਜਮਪੁਰ ਅਤੇ ਇਹਨਾਂ ਦੇ ਪਰਿਵਾਰਾਂ ਨੂੰ ਖ਼ਾਲਸਾਈ ਜੈਕਾਰਿਆਂ ਦੀ ਭਰਵੀਂ ਗੂੰਜ ’ਚ ਸਿਰੋਪਿਆਂ ਨਾਲ ਸਨਮਾਨਿਤ ਕੀਤਾ ਗਿਆ।

ਸਨਮਾਨਿਤ ਕਰਨ ਸਮੇਂ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕਿਰਨਜੀਤ ਕੌਰ, ਚੀਫ ਸਕੱਤਰ ਹਰਜਿੰਦਰ ਸਿੰਘ ਧਾਮੀ, ਦਲ ਖ਼ਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ, ਬੁਲਾਰੇ ਕੰਵਰਪਾਲ ਸਿੰਘ, ਬਾਬਾ ਹਰਦੀਪ ਸਿੰਘ ਮਹਿਰਾਜ, ਪਰਮਜੀਤ ਸਿੰਘ ਟਾਂਡਾ, ਸੰਯੁਕਤ ਕਿਸਾਨ ਮੋਰਚੇ ਦੇ ਆਗੂ ਸੁਰਜੀਤ ਸਿੰਘ ਫੂਲ, ਸੁਖਵਿੰਦਰ ਕੌਰ, ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ, ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਪ੍ਰੋਫੈਸਰ ਮਹਿੰਦਰਪਾਲ ਸਿੰਘ, ਅਕਾਲ ਪੁਰਖ ਦੀ ਫੌਜ ਦੇ ਜਸਵਿੰਦਰ ਸਿੰਘ, ਵਿਦਿਆਰਥੀ ਜਥੇਬੰਦੀ ਐਸ.ਐਫ.ਐਸ ਦੇ ਆਗੂ ਹਰਮਨ, ਅਕਾਲ ਫ਼ੈਡਰੇਸ਼ਨ ਦੇ ਪ੍ਰਧਾਨ ਨਰਾਇਣ ਸਿੰਘ ਚੌੜਾ, ਸਿੱਖ ਯੂਥ ਆਫ਼ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਮੰਡ, ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਗੁਰਦੀਪ ਸਿੰਘ ਬਠਿੰਡਾ, ਅਕਾਲੀ ਦਲ ਡੈਮੋਕ੍ਰੇਟਿਕ ਦੇ ਆਗੂ ਮੋਹਕਮ ਸਿੰਘ ਅਤੇ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਆਗੂ ਰਣਜੀਤ ਸਿੰਘ ਦਮਦਮੀ ਟਕਸਾਲ ਆਦਿ ਹਾਜ਼ਰ ਸਨ।

ਸਿੱਖ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਸਾਂਝੇ ਰੂਪ ’ਚ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਜਨਵਰੀ ਦੇ ਦਿੱਤੇ ਭਾਰਤ ਬੰਦ ਦੇ ਸੱਦੇ ਦਾ ਉਹ ਭਰਪੂਰ ਸਮਰਥਨ ਕਰਦੇ ਹਾਂ। ਉਹਨਾਂ ਪੰਜਾਬ ਅਤੇ ਭਾਰਤ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ 26 ਨੂੰ ਆਪਣੀਆਂ ਦੁਕਾਨਾਂ, ਫੈਕਟਰੀਆਂ ਅਤੇ ਹੋਰ ਅਦਾਰੇ ਬੰਦ ਰੱਖ ਕੇ ਇਸ ਸੱਦੇ ਨੂੰ ਸਫ਼ਲ ਬਣਾਉਣ ਤਾਂ ਜੋ ਕਾਲ਼ੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਮੋਦੀ ਸਰਕਾਰ ’ਤੇ ਦਬਾਅ ਬਣੇ।
ਉਹਨਾਂ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਵੀ ਅਪੀਲ ਕੀਤੀ ਕਿ ਉਹ ਕਿਸਾਨ ਸੰਘਰਸ਼ ਦੀ ਮਜ਼ਬੂਤੀ ਅਤੇ ਕਾਲ਼ੇ ਕਾਨੂੰਨ ਰੱਦ ਕਰਵਾਉਣ ਲਈ ਠੋਸ ਪ੍ਰੋਗਰਾਮ ਉਲੀਕਣ। ਜਥੇਬੰਦੀਆਂ ਨੇ ਮੁੜ ਦ੍ਰਿੜਤਾ ਪ੍ਰਗਟਾਉਦਿਆਂ ਕਿਹਾ ਕਿ ਤਿੰਨ ਕਾਲ਼ੇ ਖੇਤੀ ਕਾਨੂੰਨ ਰੱਦ ਕਰਵਾਏ ਬਿਨਾਂ ਇਹ ਸੰਘਰਸ਼ ਖ਼ਤਮ ਹੋਣ ਵਾਲ਼ਾ ਨਹੀਂ ਹੈ। ਆਗੂਆਂ ਨੇ ਸਰਕਾਰ ਵਲੋਂ ਭਗੌੜਾ ਕਰਾਰ ਦਿੱਤੇ ਲੱਖਾ ਸਿਧਾਣਾ ਅਤੇ ਜੁਗਰਾਜ ਸਿੰਘ ਦੇ ਹੱਕ ਵਿੱਚ ਬੋਲਦਿਆਂ ਕਿਹਾ ਕਿ ਉਹ ਕਿਸਾਨ ਅੰਦੋਲਨ ਦਾ ਹਿੱਸਾ ਹਨ ਅਤੇ ਸਾਡੀ ਉਹਨਾਂ ਨੂੰ ਪੂਰਨ ਹਮਾਇਤ ਹੈ।

ਇਸ ਮੌਕੇ ਬੇਅੰਤ ਸਿੰਘ ਖਿਆਲਾ ਭਰਾਤਾ ਸ਼ਹੀਦ ਜਨਰਲ ਸ਼ਬੇਗ ਸਿੰਘ, ਕੁਲਜੀਤ ਸਿੰਘ ਸਿੰਘ ਬਰਦਰਜ਼, ਕੁਲਦੀਪ ਸਿੰਘ, ਸੁਖਦੇਵ ਸਿੰਘ ਹਨਸਪੁਰ, ਰਾਮ ਸਿੰਘ ਢਪਾਲੀ, ਗੁਰਨਾਮ ਸਿੰਘ ਮੂਨਕਾਂ, ਗੁਰਪ੍ਰੀਤ ਸਿੰਘ ਖੁੱਡਾ, ਮਹਾਂਬੀਰ ਸਿੰਘ ਸੁਲਤਾਨਵਿੰਡ, ਜਸਵਿੰਦਰ ਸਿੰਘ ਗੁਰਦਾਸਪੁਰ ਆਦਿ ਹਾਜ਼ਰ ਸਨ।

  • 59
  •  
  •  
  •  
  •