ਨਿਊ ਜਰਸੀ ਨੇ ਗੁਰੂ ਤੇਗ ਬਹਾਦਰ ਜੀ ਨੂੰ ਮਨੁੱਖੀ ਅਧਿਕਾਰਾਂ ਅਤੇ ਧਾਰਮਿਕ ਆਜ਼ਾਦੀ ਦੇ ਰਾਖੇ ਵਜੋਂ ਮਾਨਤਾ ਦਿੱਤੀ

ਅਮਰੀਕਾ ਦੇ ਨਿਊ ਜਰਸੀ ਵਿਚ ਸਿੱਖ ਭਾਈਚਾਰੇ ਲਈ ਇੱਕ ਹੋਰ ਖੁਸ਼ੀ ਅਤੇ ਮਾਣ ਵਾਲੀ ਖ਼ਬਰ ਸਾਹਮਣੇ ਆਈ ਹੈ। ਨਿਊ ਜਰਸੀ ਸੈਨੇਟ ਦੇ ਪ੍ਰਧਾਨ ਸਟੀਵ ਸਵੀਨੀ ਨੇ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਅਤੇ ਸਿੱਖ ਭਾਈਚਾਰੇ ਦੇ ਮੈਂਬਰਾਂ ਨੂੰ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਮੌਕੇ ਮਨੁੱਖੀ ਅਧਿਕਾਰ ਅਤੇ ਧਾਰਮਿਕ ਆਜ਼ਾਦੀ ਦਿਵਸ ਨੂੰ ਮਾਨਤਾ ਦੇਣ ਵਾਲੇ ਮਤੇ ਨਾਲ ਸਨਮਾਨਿਤ ਕੀਤਾ।

ਸੈਨੇਟਰ ਸਵੀਨੀ (ਡੀ-ਗਲੂਸੈਸਟਰ/ਸਲੇਮ/ਕੰਬਰਲੈਂਡ) ਨੇ ਇਸ ਬਾਰੇ ਬੋਲਦਿਆਂ ਕਿਹਾ ਕਿ ਦੂਜਿਆਂ ਦੇ ਹੱਕਾਂ ਦੇ ਲਈ ਆਪਣੀ ਜਾਨ ਕੁਰਬਾਨ ਕਰ ਦੇਣਾ ਇੱਕ ਮਹਾਨ ਕਾਰਜ ਹੈ ਤੇ ਇਸ ਤੋਂ ਅੱਗੇ ਸੰਸਾਰ ਵਿਚ ਕੁੱਝ ਵੀ ਨਹੀਂ ਹੈ। ਇਸ ਲਈ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮਨੁੱਖੀ ਅਧਿਕਾਰਾਂ ਅਤੇ ਧਾਰਮਿਕ ਆਜ਼ਾਦੀ ਦੇ ਮਸੀਹ ਵਜੋਂ ਜਾਣਦੇ ਹਾਂ। ਸਿੱਖ ਭਾਈਚਾਰਾ ਨਿਊ ਜਰਸੀ ਦੀ ਵੰਨ-ਸੁਵੰਨੀ ਆਬਾਦੀ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਜੋ ਸਾਡੇ ਰਾਜ ਵਿੱਚ ਬਹੁਤ ਖਾਸ ਯੋਗਦਾਨ ਪਾ ਰਿਹਾ ਹੈ। ਗੁਰੂ ਬਹਾਦਰ ਸਾਹਿਬ ਜੀ ਨੂੰ ਆਪਣੀ ਧਰਮ ਦੀ ਚਦਰ ਜਾਂ ਧਰਮ ਦੀ ਢਾਲ ਵਜੋਂ ਯਾਦ ਕੀਤਾ ਜਾਂਦਾ ਹੈ।

ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਮੀਡੀਆ ਬੁਲਾਰੇ ਹਰਜਿੰਦਰ ਸਿੰਘ ਨੇ ਕਿਹਾ ਕਿ ਅੱਜ ਦਾ ਦਿਨ ਸਿੱਖ ਕੌਮ ਲਈ ਇਕ ਮਹਾਨ ਦਿਨ ਹੈ। ਸਾਰੇ ਨਿਊ ਜਰਸੀ ਸਿੱਖਾਂ ਦੀ ਤਰਫੋਂ, ਮੈਂ ਨਿਊ ਜਰਸੀ ਵਿਧਾਨ ਸਭਾ ਦੇ ਇਸ ਕਦਮ ਦੀ ਦਿਲੋਂ ਸ਼ਲਾਘਾ ਕਰਦਾ ਹਾਂ ਅਤੇ ਵਿਸ਼ੇਸ਼ ਤੌਰ ‘ਤੇ ਸੈਨੇਟ ਦੇ ਪ੍ਰਧਾਨ ਸਟੀਵ ਸਵੀਨੀ ਅਤੇ ਸਪੀਕਰ ਕ੍ਰੈਗ ਕੌਲਿਨ ਦਾ ਇਸ ਇਤਿਹਾਸਕ ਅਵਸਰ ‘ਤੇ ਇਸ ਵਿਸ਼ੇਸ਼ ਮਾਨਤਾ ਲਈ ਧੰਨਵਾਦ ਕਰਦਾ ਹਾਂ। ਨਿਊ ਜਰਸੀ ਦੇਸ਼ ਦਾ ਸਭ ਤੋਂ ਵੰਨ-ਸੁਵੰਨਤਾ ਵਾਲਾ ਰਾਜ ਹੈ ਅਤੇ ਸਿੱਖ ਭਾਈਚਾਰੇ ਨੂੰ ਆਪਣੇ ਬਹੁ-ਸੱਭਿਆਚਾਰਕ ਤਾਣੇ-ਬਾਣੇ ਦਾ ਅਨਿੱਖੜਵਾਂ ਅੰਗ ਹੋਣ ‘ਤੇ ਮਾਣ ਹੈ। ਮਨੁੱਖੀ ਅਧਿਕਾਰਾਂ ਅਤੇ ਧਾਰਮਿਕ ਸੁਤੰਤਰਤਾ ਦਿਵਸ ਅਤੇ ਗੁਰੂ ਤੇਗ ਬਹਾਦਰ ਜੀ ਦਾ 400 ਵਾਂ ਪ੍ਰਕਾਸ਼ ਪੁਰਬ 18 ਅਪ੍ਰੈਲ, 2021 ਨੂੰ ਮਨਾਇਆ ਜਾਵੇਗਾ।

  • 140
  •  
  •  
  •  
  •