ਹੋਲੇ ਮਹੱਲੇ ਦਾ ਦੂਜਾ ਪੜਾਅ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਜੈਕਾਰਿਆਂ ਦੀ ਗੂੰਜ ਨਾਲ ਆਰੰਭ

ਖਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੋਲਾ ਮਹੱਲਾ ਅੱਜ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਤੋਂ ਪੂਰੇ ਖਾਲਸਾਈ ਜਾਹੋ-ਜਲਾਲ ਨਾਲ ਅਰੰਭ ਹੋਇਆ। ਆਰੰਭਤਾ ਦੀ ਅਰਦਾਸ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵੱਲੋਂ ਕੀਤੀ ਗਈ। ਇਸ ਦੇ ਉਪਰੰਤ ਆਰੰਭ ਹੋਏ ਹੋਲੇ ਮਹੱਲੇ ਮੌਕੇ ਸੰਗਤਾਂ ਦਾ ਭਰਵਾਂ ਇਕੱਠ ਜੁੜਿਆ ਤੇ ਸੰਗਤਾਂ ਨੇ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਖੁਸ਼ੀ-ਖੁਸ਼ੀ ਇਸ ਦਾ ਸਵਾਗਤ ਕੀਤਾ।

ਸੰਗਤਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿ:ਰਘਬੀਰ ਸਿੰਘ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਹੋਲੇ ਮਹੱਲੇ ਦੇ ਸਬੰਧ ਵਿੱਚ ਸ੍ਰੀ ਆਨੰਦਪੁਰ ਸਾਹਿਬ ਵਿਖੇ ਧਾਰਮਿਕ ਦੀਵਾਨ ਸ਼ੁਰੂ ਹੋ ਚੁੱਕੇ ਹਨ। 29 ਮਾਰਚ ਨੂੰ ਠੀਕ ਦੁਪਹਿਰ 12 ਵਜੇ ਮਹੱਲਾ ਤਖ਼ਤ ਕੇਸਗੜ੍ਹ ਸਾਹਿਬ ਤੋਂ ਕੱਢਿਆ ਜਾਵੇਗਾ, ਜਿਸ ਦੀ ਅਗਵਾਈ ਪੰਜ ਪਿਆਰੇ ਅਤੇ ਨਿਸ਼ਾਨਚੀ ਸਿੰਘ ਕਰਨਗੇ। ਚਰਨਗੰਗਾ ਸਟੇਡੀਅਮ ਵਿੱਚ ਗੁਰੂ ਦੀਆਂ ਲਾਡਲੀਆਂ ਫੌਜਾਂ ਘੋੜ ਸਵਾਰੀ ਤੇ ਗੱਤਕਾਬਾਜ਼ੀ ਬਾਜ਼ੀ ਦੇ ਜੌਹਰ ਦਿਖਾਉਣਗੀਆਂ। ਉਨ੍ਹਾਂ ਕਿਹਾ ਕਿ ਲੱਖਾਂ ਦੀ ਤਾਦਾਦ ਵਿੱਚ ਸੰਗਤਾਂ ਤਖ਼ਤ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚ ਰਹੀਆਂ ਹਨ।

ਹਲਕੇ ਦੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਇਸ ਮੌਕੇ ਸੰਗਤਾਂ ਨੂੰ ਹੋਲੇ ਮਹੱਲੇ ਦੇ ਇਤਹਾਸ ਤੋਂ ਜਾਣੂੰ ਕਰਵਾਉਂਦਿਆਂ ਦੱਸਿਆ ਕਿ ਗੁਰੂ ਸਾਹਿਬ ਨੇ ਹੋਲੀ ਦੀ ਜਗ੍ਹਾ ਹੋਲਾ ਮਹੱਲਾ ਅਰੰਭ ਕੀਤਾ ਤੇ ਸਿੱਖਾਂ ਨੂੰ ਜੰਗਜੂ ਕਰਤੱਬ ਕਰਨ ਦੇ ਹੁਕਮ ਦਿਤੇ। ਉਨ੍ਹਾਂ ਦੱਸਿਆ ਕਿ ਗੂਰੂ ਸਾਹਿਬ ਨੇ ਸਿੱਖਾਂ ਵਿਚ ਅਣਖ ਭਰਣ ਲਈ ਹੋਲੇ ਦੀ ਅਰੰਭਤਾ ਕੀਤੀ ਤਾਂ ਜੋ ਸਦੀਆਂ ਤੋਂ ਲਤਾੜੀ ਜਾ ਰਹੀ ਲੋਕਾਈ ਨੂੰ ਅਜ਼ਾਦੀ ਦਾ ਨਿੱਘ ਮਿਲ ਸਕੇ।

ਹਿਮਾਚਲ ਪ੍ਰਦੇਸ਼ ਦੇ ਸ਼੍ਰੋਮਣੀ ਕਮੇਟੀ ਮੈਂਬਰ ਦਲਜੀਤ ਸਿੰਘ ਭਿੰਡਰ ਨੇ ਸੰਗਤਾਂ ਨੂੰ ਗੁਰੂ ਸਾਹਿਬ ਵਲੋਂ ਬਖਸ਼ੇ ਖੰਡੇ ਬਾਟੇ ਦੇ ਅੰਮ੍ਰਿਤ ਛਕ ਕੇ ਖਾਲਸਾ ਪਰਿਵਾਰ ਦੇ ਮੈਂਬਰ ਬਨਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਗਰੂ ਪਾਤਸ਼ਾਹ ਨੇ ਗੂਲਾਮੀ ਦੀਆਂ ਜੰਜੀਰਾਂ ਤੋੜਣ ਲਈ ਹੋਲੇ ਮਹੱਲੇ ਦੀ ਅਰੰਭਤਾ ਕੀਤੀ ਜਿਸ ਕਰਕੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਪੂਰੇ ਜੋਸ਼ ਤੇ ਉਤਸ਼ਾਹ ਦੇ ਨਾਲ ਇਸ ਪਾਵਨ ਤਿਉਹਾਰ ਨੂੰ ਮਨਾਈਏ ਅਤੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰੀਏ। ਤਖਤ ਸਾਹਿਬ ਦੇ ਹੈਡ ਗ੍ਰੰਥੀ ਗਿ:ਫੂਲਾ ਸਿੰਘ ਨੇ ਗੁਰੂ ਸਾਹਿਬ ਦੇ ਪਾਵਨ ਸ਼ਸ਼ਤਰਾਂ ਬਾਰੇ ਜਾਣਕਾਰੀ ਦੇ ਕੇ ਸੰਗਤਾਂ ਨੂੰ ਇਤਹਾਸ ਨਾਲ ਜੋੜਿਆ। ਉਨ੍ਹਾਂ ਕਿਹਾ ਕਿ ਸਾਨੂੰ ਚਾਹੀਦਾ ਹੈ ਕਿ ਆਪਣੇ ਬੱਚਿਆਂ ਨੂੰ ਸਿੱਖ ਇਤਹਾਸ ਬਾਰੇ ਜਾਣਕਾਰੀ ਦਈਏ ਤਾਂ ਜੋ ਕੌਮ ਦੀ ਪਨੀਰੀ ਦੀ ਸੰਭਾਲ ਕੀਤੀ ਜਾ ਸਕੇ।

  • 64
  •  
  •  
  •  
  •