ਅਮਰੀਕੀ ਰਿਪੋਰਟ ‘ਚ ਭਾਰਤ ਦੀ ਮਨੁੱਖੀ ਅਧਿਕਾਰਾਂ ਦੇ ਮੁੱਦੇ ‘ਤੇ ਸਖ਼ਤ ਆਲੋਚਨਾ

ਅਮਰੀਕਾ ਵਿਚ ਜੋ ਬਾਈਡੇਨ ਪ੍ਰਸ਼ਾਸਨ ਵੱਲੋਂ ਜਨਤਕ ਕੀਤੀਆਂ ਗਈਆਂ ਮਨੁੱਖੀ ਅਧਿਕਾਰ ਰਿਪੋਰਟਾਂ ਵਿਚ ਮਨੁੱਖੀ ਅਧਿਕਾਰ ਦੇ ਮੁੱਦੇ ‘ਤੇ ਭਾਰਤ ਦੀ ਕਈ ਮਾਮਲਿਆਂ ‘ਤੇ ਸਖ਼ਤ ਆਲੋਚਨਾ ਕੀਤੀ ਗਈ ਹੈ। ਰਿਪੋਰਟ ਵਿਚ ਪ੍ਰੈੱਸ ਦੀ ਆਜ਼ਾਦੀ, ਗੈਰ-ਕਾਨੂੰਨੀ ਹੱਤਿਆਵਾਂ, ਪ੍ਰਗਟਾਵੇ ਦੀ ਆਜ਼ਾਦੀ ਅਤੇ ਧਾਰਮਿਕ ਆਜ਼ਾਦੀ ਨੂੰ ਲੈ ਕੇ ਭਾਰਤ ਦੀ ਆਲੋਚਨਾ ਹੋਈ ਹੈ।

ਮੰਗਲਵਾਰ ਨੂੰ ਪ੍ਰਕਾਸ਼ਿਤ ‘2020 ਕੰਟ੍ਰੀਸ ਰਿਪੋਰਟਸ ਆਨ ਹਿਊਮਨ ਰਾਈਟਸ ਪ੍ਰੈਕਟੀਸੈਡਸ’ ਦੀ ਰਿਪੋਰਟ ਵਿਚ ਦੁਨੀਆ ਭਰ ਦੇ ਵੱਖ-ਵੱਖ ਮੁਲਕਾਂ ਵਿਚ ਮਨੁੱਖੀ ਅਧਿਕਾਰ ਦੀ ਹਾਲਤ ਨੂੰ ਲੈ ਕੇ ਰਿਪੋਰਟ ਪੇਸ਼ ਕੀਤੀ ਗਈ ਹੈ। ਇਹ ਰਿਪੋਰਟ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਪੇਸ਼ ਕੀਤੀ ਹੈ। ਰਿਪੋਰਟ ਵਿਚ ਕੁਝ ਮੁੱਦਿਆਂ ‘ਤੇ ਭਾਰਤ ਸਰਕਾਰ ਦੀ ਕੰਮ ਕਰਨ ਦੀ ਯੋਜਨਾ ‘ਤੇ ਸਵਾਲ ਚੁੱਕੇ ਸਨ, ਜਿਸ ਵਿਚ ਇਕ ਦਰਜਨ ਤੋਂ ਜ਼ਿਆਦਾ ਮਨੁੱਖੀ ਅਧਿਕਾਰਾਂ ਨਾਲ ਜੁੜੇ ਅਹਿਮ ਮੁੱਦੇ ਸ਼ਾਮਲ ਹਨ। ਜਿਨ੍ਹਾਂ ਵਿਚ ਪੁਲਸ ਵੱਲੋਂ ਹਿਰਾਸਤ ਵਿਚ ਕਤਲ, ਪੁਲਸ ਅਤੇ ਜੇਲ ਅਧਿਕਾਰੀਆਂ ਵੱਲੋਂ ਹਿਰਾਸਤ ਵਿਚ ਲਏ ਗਏ ਲੋਕਾਂ ਨੂੰ ਤਸੀਹੇ ਦਿੱਤੇ ਜਾਣੇ ਸ਼ਾਮਲ ਹਨ।

ਰਿਪੋਰਟ ਵਿਚ ਗੈਰ-ਸਰਕਾਰੀ ਸੰਗਠਨਾਂ ‘ਤੇ ਨਜਾਇਜ਼ ਪਾਬੰਦੀਆਂ ਲਗਾਉਣ, ਸੈਂਸਰਸ਼ਿਪ ਆਦਿ ਦਾ ਜ਼ਿਕਰ ਵੀ ਕੀਤਾ ਗਿਆ ਹੈ। ਰਿਪੋਰਟ ਵਿਚ ਇਹ ਵੀ ਕਿਹਾ ਗਿਆ ਸੀ ਕਿ ਭਾਰਤ ਸਰਕਾਰ ਦੇ ਸਾਰੇ ਪੱਧਰਾਂ ਤੇ ਵਿਆਪਕ ਭ੍ਰਿਸ਼ਟਾਚਾਰ ਦੀਆਂ ਲਗਾਤਾਰ ਖਬਰਾਂ ਆ ਰਹੀਆਂ ਹਨ। ਹਿੰਸਾ ਅਤੇ ਵਿਤਕਰੇ ਦੀਆਂ ਵੀ ਖ਼ਬਰਾਂ ਹਨ ਕਿ ਧਾਰਮਿਕ ਮਾਨਤਾ ਜਾਂ ਸਮਾਜਕ ਰੁਤਬੇ ਦੇ ਅਧਾਰ ਤੇ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਉਂਦਿਆਂ, ਬੰਧੂਆ ਮਜ਼ਦੂਰੀਆਂ ਸਮੇਤ ਬਾਲ ਮਜ਼ਦੂਰੀ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ।

  • 1.7K
  •  
  •  
  •  
  •