ਸੰਯੁਕਤ ਰਾਸ਼ਟਰ ਦੀ ‘ਫੇਥ ਫਾਰ ਰਾਈਟਸ’ ਵੀਡੀਓ ’ਚ ਗੁਰਬਾਣੀ ਦਾ ਸ਼ਬਦ ਸ਼ਾਮਲ

ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਬਾਰੇ ਸੰਗਠਨ ਨੇ ‘ਫੇਥ ਫਾਰ ਰਾਈਟਸ’ ਦੇ ਨਾਂ ਹੇਠ ਕਰਵਾਏ ਗਏ ਸਾਲਾਨਾ ਸਮਾਗਮ ਵਿਚ ਮਨੁੱਖੀ ਬਰਾਬਰੀ ਅਤੇ ਔਰਤ-ਮਰਦ ਸਮਾਨਤਾ ਮੁੱਦੇ ’ਤੇ ਬਣਾਈ ਇਕ ਵੀਡੀਓ ਜਾਰੀ ਕੀਤੀ ਹੈ, ਜਿਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚੋਂ ਇਕ ਸ਼ਬਦ ਸ਼ਾਮਲ ਕੀਤਾ ਗਿਆ ਹੈ। ਇਸ ਵੀਡੀਓ ਵਿਚ ਡਾਕਟਰ ਇਕਤਿਦਾਰ ਚੀਮਾ ਜੋ ਸੰਯੁਕਤ ਰਾਸ਼ਟਰ ਸੰਘ ਦੀ ਗਲੋਬਲ ਸਟੀਅਰਿੰਗ ਕਮੇਟੀ ਦੇ ਮੈਂਬਰ ਤੇ ਸੰਯੁਕਤ ਰਾਸ਼ਟਰ ਸੰਘ ਦੇ ਐਡਵਾਇਜਰ ਹਨ, ਵੱਲੋਂ ਪੜ੍ਹਿਆ ਗਿਆ ਗੁਰੂ ਗ੍ਰੰਥ ਸਾਹਿਬ ਦਾ ਇੱਕ ਸ਼ਬਦ ਹੈ। ਇਸ ਵੀਡੀਓ ਵਿਚ ਕਿਹਾ ਗਿਆ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਔਰਤਾਂ ਦੀ ਬਰਾਬਰੀ ਲਈ ਜ਼ੋਰਦਾਰ ਆਵਾਜ਼ ਉਠਾਈ। ਸੰਯੁਕਤ ਰਾਸ਼ਟਰ ਵਲੋਂ ਗੁਰਬਾਣੀ ਨੂੰ ਇਸ ਪੱਧਰ ’ਤੇ ਮਾਨਤਾ ਦਿੱਤੇ ਜਾਣ ਦੀ ਅਮਰੀਕਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਨੇ ਸ਼ਲਾਘਾ ਕੀਤੀ ਹੈ।

ਵੀਡੀਓ 30 ਮਾਰਚ, 2021 ਨੂੰ ਸੰਯੁਕਤ ਰਾਸ਼ਟਰ ਦੇ ਇਕ ਸੰਮੇਲਨ ਵਿਚ ਜਾਰੀ ਕੀਤੀ ਗਈ ਸੀ। ਸੰਮੇਲਨ ਵਿਚ ਸ਼ਾਮਲ ਮਨੁੱਖੀ ਅਧਿਕਾਰ ਲਈ ਸੰਯੁਕਤ ਰਾਸ਼ਟਰ ਦੇ ਹਾਈ ਕਮਿਸ਼ਨਰ ਮਿਸ਼ੇਲ ਬਾਚੇਲੇਟ ਅਤੇ ਯੂ. ਐੱਨ. ਦੇ ਵੱਖ-ਵੱਖ ਸੰਗਠਨਾਂ ਅਤੇ ਨਾਗਰਿਕ ਸਮਾਜ ਸੰਗਠਨਾਂ ਨੇ ਸੁਣਿਆ। ਵਿਸ਼ਵ ਪੱਧਰੀ ਕਾਨਫਰੰਸ ਵਿਚ ਵਿਸ਼ਵ ਭਰ ਤੋਂ ਮਨੁੱਖੀ ਅਧਿਕਾਰਾਂ ਦੀਆਂ ਜਥੇਬੰਦੀਆਂ, ਕਾਰੋਬਾਰੀਆਂ, ਬੁੱਧੀਜੀਵੀਆਂ ਆਦਿ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ। ਸੰਮੇਲਨ ਵਿਚ ਬੋਲਦੇ ਹੋਏ ਚੀਮਾ ਨੇ ਆਖਿਆ ਕਿ ਗੁਰੂ ਗ੍ਰੰਥ ਸਾਹਿਬ ਦਾ ਸੰਦੇਸ਼ ਇਕ ਸਰਵ ਵਿਆਪੀ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਔਰਤਾਂ ਦੀ ਸਮਾਜ ਦੇ ਵਿਚ ਦਸ਼ਾ ਬਹੁਤ ਮੰਦੀ ਸੀ ਕਿਉਂਕਿ ਇਕ ਜਾਤੀ ਵਿਸ਼ੇਸ਼ ਵਿਵਸਥਾ ਅਧੀਨ ਮਹਿਲਾਵਾਂ ਨੂੰ ਜ਼ਿੰਦਗੀ ਵਿਚ ਸਭ ਤੋਂ ਹੇਠਲਾਂ ਦਰਜਾ ਦਿੱਤਾ ਜਾਂਦਾ ਸੀ ਪਰ ਗੁਰੂ ਨਾਨਕ ਜੀ ਨੇ ਮਹਿਲਾਵਾਂ ਦੀ ਬਰਾਬਰੀ ਲਈ ਜ਼ੋਰਦਾਰ ਆਵਾਜ਼ ਉਠਾਈ।

ਇਕ ਅਧਿਕਾਰਕ ਬਿਆਨ ਮੁਤਾਬਕ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਧਿਕਾਰ ਦਾ ਐਲਾਨ ਲਈ ਸੰਯੁਕਤ ਰਾਸ਼ਟਰ ਦੇ ਵਿਸ਼ਵਾਸ ਵਿਚ ਸ਼ਾਮਲ ਗੁਰੂ ਗ੍ਰੰਥ ਸਾਹਿਬ ਦੇ 3 ਸ਼ਲੋਕ ਹਾਸਲ ਕਰਨ ਲਈ ਸਨਮਾਨਿਤ ਕੀਤਾ ਗਿਆ ਅਤੇ ਸੰਯੁਕਤ ਰਾਸ਼ਟਰ ਦੇ ਇਕ ਅਧਿਕਾਰਕ ਵੀਡੀਓ ਵਿਚ ਮਹਿਲਾ ਅਧਿਕਾਰਾਂ ਸਬੰਧੀ ਸ਼ਲੋਕ ਪੜ੍ਹਣ ਲਈ ਵੀ ਸਨਮਾਨਿਤ ਕੀਤਾ ਗਿਆ। ਦੱਸ ਦਈਏ ਕਿ ਡਾ. ਚੀਮਾ ਵੱਲੋਂ ਪਹਿਲਾਂ ਵੀ ਖਾਲਸਾ ਪੰਥ ਨੂੰ ਸਮਰਪਿਤ ਕਈ ਕਾਰਜ ਕੀਤੇ ਗਏ ਹਨ। ਪਿੱਛੇ ਜਿਹੇ ਉਹਨਾਂ ਵੱਲੋਂ ਸੰਯੁਕਤ ਰਾਸ਼ਟਰ ਦੇ ਚਾਰਟਰ ਵਿਚ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਤਿੰਨ ਤੁਕਾਂ ਸ਼ਾਮਲ ਕਰਾਈਆਂ ਗਈਆਂ ਸਨ। ਭਾਵੇਂ ਕਿ ਸਿੱਖ ਕੌਮ ਦਾ ਰਾਜ ਨਾ ਹੋਣ ਕਾਰਨ ਸਿੱਖ ਧਰਮ ਦਾ ਕੋਈ ਮੈਂਬਰ ਸੰਯੁਕਤ ਰਾਸ਼ਟਰ ਵਿਚ ਮੈਂਬਰ ਨਹੀਂ, ਪਰ ਯੂ.ਐੱਨ.ਓ. ਵੱਲੋਂ ਖਾਲਸਾ ਪੰਥ ਨੂੰ ਵਧਾਈਆਂ ਦੇਣਾ ਇੱਕ ਬਹੁਤ ਖਾਸ ਗੱਲ ਹੈ।

  • 856
  •  
  •  
  •  
  •