ਭਾਰਤ ‘ਚ ਔਰਤਾਂ ਦੀ ਹਾਲਤ ਬੇਹੱਦ ਖਰਾਬ, 156 ਮੁਲਕਾਂ ਵਿਚੋਂ 140ਵੇਂ ਸਥਾਨ ‘ਤੇ

ਵਰਲਡ ਇਕਨਾਮਿਕ ਫੋਰਮ ਦੀ ਰਿਪੋਰਟ ਮੁਤਾਬਕ ਔਰਤਾਂ ਨੂੰ ਬਰਾਬਰੀ ਦਾ ਅਧਿਕਾਰ ਦੇਣ ਵਿਚ ਭਾਰਤ ਕਾਫੀ ਪਛੜ ਗਿਆ ਹੈ ਅਤੇ 156 ਮੁਲਕਾਂ ਵਿਚ ਕੀਤੇ ਗਏ ਸਰਵੇਖਣ ਵਿਚ ਭਾਰਤ 140ਵੇਂ ਨੰਬਰ ‘ਤੇ ਹੈ। ਵਰਲਡ ਇਕਨਾਮਿਕ ਫੋਰਮ ਗਲੋਬਲ ਜੈਂਡਰ ਗੈਪ ਰਿਪੋਰਟ-2021 ਮੁਤਾਬਕ ਭਾਰਤ ਨੇ ਸਾਊਥ ਏਸ਼ੀਆ ਵਿਚ ਬੇਹੱਦ ਖਰਾਬ ਪ੍ਰਦਰਸ਼ਨ ਕੀਤਾ ਹੈ। ਹਾਲਾਤ ਇਹ ਹਨ ਕਿ ਭਾਰਤ ਆਪਣੇ ਗੁਆਂਢੀ ਮੁਲਕਾਂ ਬੰਗਲਾਦੇਸ਼, ਨੇਪਾਲ, ਭੂਟਾਨ, ਸ਼੍ਰੀਲੰਕਾ ਅਤੇ ਮਿਆਂਮਾਰ ਤੋਂ ਵੀ ਪਿਛੜ ਗਿਆ ਹੈ।

ਭਾਰਤ ਦਾ ਪ੍ਰਦਰਸ਼ਨ ਸਾਊਥ ਏਸ਼ੀਆ ਵਿਚ ਤੀਜਾ ਸਭ ਤੋਂ ਖਰਾਬ ਪ੍ਰਦਰਸ਼ਨ ਕਰਨ ਵਾਲਾ ਦੇਸ਼ ਹੈ। ਜਦਕਿ ਪਿਛਲੇ ਸਾਲ ਭਾਰਤ ਦਾ ਸਥਾਨ 153 ਮੁਲਕਾਂ ਵਿਚੋਂ 112ਵੇਂ ਨੰਬਰ ‘ਤੇ ਸੀ। ਔਰਤਾਂ ਦੀ ਆਰਥਿਕ ਹਿੱਸੇਦਾਰੀ ਵਿਚ ਵੀ ਕਮੀ ਦਰਜ ਕੀਤੀ ਗਈ ਹੈ। ਰਿਪੋਰਟ ਅਨੁਸਾਰ ਭਾਰਤ ਜੈਂਡਰ ਗੈਪ 62.5 ਫੀਸਦੀ ਹੈ। ਪਿਛਲੇ ਸਾਲ ਦੀ ਤੁਲਨਾ ਵਿਚ ਭਾਰਤ ਦੀ ਸਿਆਸਤ ਵਿਚ ਔਰਤਾਂ ਦੀ ਹਿੱਸੇਦਾਰੀ ਵੀ ਕਾਫੀ ਘੱਟ ਹੋਈ ਹੈ। ਉਥੇ ਲੇਬਰ ਫੋਰਸ ਭਾਵ ਕਿਰਤ ਵਿਚ ਔਰਤਾਂ ਦੀ ਹਿੱਸੇਦਾਰੀ ਵੀ ਭਾਰਤ ਵਿਚ ਕਾਫੀ ਘੱਟ ਹੈ। ਪ੍ਰੋਫੈਸਨਲ ਅਤੇ ਤਕਨਾਲੋਜੀ ਭੂਮਿਕਾਵਾਂ ਵਿਚ ਔਰਤਾਂ ਦੀ ਹਿੱਸੇਦਾਰੀ ਕਰੀਬ 29.2 ਫੀਸਦੀ ਹੈ ਤਾਂ ਭਾਰਤ ਵਿਚ ਮੈਨੇਜਰਾਂ ਦੇ ਅਹੁਦਿਆਂ ‘ਤੇ ਔਰਤਾਂ ਦੀ ਹਿੱਸੇਦਾਰੀ 14.6 ਫੀਸਦੀ ਹੈ।

ਵਰਲਡ ਇਕਨਾਮਿਕ ਫੋਰਮ ਦੀ ਰਿਪੋਰਟ ਮੁਤਾਬਕ ਕੋਰੋਨਾ ਕਾਰਣ ਔਰਤਾਂ ਦੀ ਸਥਿਤੀ ਵਿਚ ਹੋਰ ਗਿਰਾਵਟ ਦਰਜ ਕੀਤੀ ਗਈ ਹੈ। ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਔਰਤਾਂ ਨੂੰ ਮਰਦਾਂ ਦੇ ਬਰਾਬਰ ਆਉਣ ਵਿਚ ਅਜੇ 135 ਸਾਲ ਤੋਂ ਵਧ ਸਮਾਂ ਹੋਰ ਲੱਗੇਗਾ। ਭਾਰਤ ਦੇ ਹਾਲਾਤ ਆਪਣੇ ਗੁਆਂਢੀ ਮੁਲਕਾਂ ਦੀ ਤੁਲਨਾ ਵਿਚ ਕਾਫੀ ਜ਼ਿਆਦਾ ਖਰਾਬ ਹਨ। ਉੱਥੇ ਰਿਪੋਰਟ ਮੁਤਾਬਕ ਬੰਗਲਾਦੇਸ਼ ਇਸ ਲਿਸਟ ਵਿਚ 65ਵੇਂ ਨੰਬਰ ‘ਤੇ ਤਾਂ ਨੇਪਾਲ 106ਵੇਂ ‘ਤੇ ਮੌਜੂਦ ਹਨ। ਉਥੇ ਭੂਟਾਨ 130ਵੇਂ ਨੰਬਰ ‘ਤੇ ਤਾਂ ਸ਼੍ਰੀਲੰਕਾ 116ਵੇਂ ਨੰਬਰ ‘ਤੇ ਹੈ। ਦੱਸ ਦਈਏ ਕਿ ਸਾਊਥ ਏਸ਼ੀਆ ਵਿਚ ਭਾਰਤ ਤੋਂ ਹੇਠਾਂ ਸਿਰਫ ਪਾਕਿਸਤਾਨ ਅਤੇ ਅਫਗਾਨਿਸਤਾਨ ਹਨ।

ਵਰਲਡ ਇਕਨਾਮਿਕ ਫੋਰਮ ਦੀ ਇਕ ਰਿਪੋਰਟ ਮੁਤਾਬਕ ਔਰਤਾਂ-ਮਰਦਾਂ ਦੀ ਬਰਾਬਰੀ ਦੇ ਮਾਮਲੇ ਵਿਚ ਆਈਸਲੈਂਡ ਲਗਾਤਾਰ 12 ਸਾਲਾਂ ਤੋਂ ਨੰਬਰ 1 ‘ਤੇ ਬਣਿਆ ਹੋਇਆ ਹੈ। ਇਸ ਲਿਸਟ ਵਿਚ ਦੂਜੇ ਨੰਬਰ ‘ਤੇ ਫਿਨਲੈਂਡ ਹੈ। ਤੁਹਾਨੂੰ ਦੱਸ ਦਈਏ ਕਿ ਫਿਨਲੈਂਡ ਵਰਲਡ ਹੈੱਪੀ ਇੰਡੈਕਸ ਵਿਚ ਵੀ ਪਹਿਲੇ ਨੰਬਰ ‘ਤੇ ਹੈ। ਉਥੇ ਬਾਕੀ ਮੁਲਕਾਂ ਦੀ ਗੱਲ ਕਰੀਏ ਤਾਂ ਤੀਜੇ ਨੰਬਰ ‘ਤੇ ਨਾਰਵੇ, ਚੌਥੇ ਨੰਬਰ ‘ਤੇ ਨਿਊਜ਼ੀਲੈਂਡ ਅਤੇ ਪੰਜਵੇ ਨੰਬਰ ‘ਤੇ ਸਵੀਡਨ ਹੈ।

  • 112
  •  
  •  
  •  
  •