ਸਾਹਿਬ ਕੌਰ ਧਾਲੀਵਾਲ ਨੇ ਕੈਨੇਡਾ ਦੀ ਪਾਰਲੀਮੈਂਟ ‘ਚ ਕਿਸਾਨਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ

(ਹਰਦਮ ਮਾਨ)ਸਰੀ, 4 ਅਪ੍ਰੈਲ 2021- ਭਾਰਤ ਵਿਚ ਚੱਲ ਰਹੇ ਕਿਰਸਾਨੀ ਸੰਘਰਸ਼ ਬਾਰੇ ਕੈਨੇਡਾ ਦੀ ਪਾਰਲੀਮੈਂਟ ਵਿਚ ਐਬਟਸਫੋਰਡ ਦੀ ਜੰਮਪਲ 21 ਸਾਲਾ ਸਾਹਿਬ ਕੌਰ ਧਾਲੀਵਾਲ ਨੇ ਕੈਨੇਡਾ ਦੇ ਹਾਊਸ ਆਫ ਕੌਮਨਜ਼ ਵਿਚ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਹੈ।

ਕੈਨੇਡੀਅਨ ਪਾਰਲੀਮੈਂਟ ਵਿੱਚ ਲੀਡਰਸ਼ਿਪ ਸਮਿਟ ਦੌਰਾਨ ਐਬਟਸਫੋਰਡ ਦੇ ਮਾਸਕੀ- ਫ਼ਰੇਜ਼ਰ- ਕੈਨੀਅਨ ਪਾਰਲੀਮੈਂਟ ਹਲਕੇ ਤੋਂ ਬੋਲਦਿਆਂ ਸਾਹਿਬ ਕੌਰ ਨੇ ਕਿਰਸਾਨੀ ਸੰਘਰਸ਼ ਅਤੇ ਭਾਰਤ ਵਿੱਚ ਕਿਸਾਨਾਂ ਉੱਪਰ ਹੋ ਰਹੇ ਤਸ਼ੱਦਦ ਅਤੇ ਕੌਮਾਂਤਰੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਸਬੰਧ ਵਿੱਚ ਵਿਚਾਰ ਪੇਸ਼ ਕੀਤੇ। ਸਾਹਿਬ ਕੌਰ ਨੇ ਕੈਨੇਡਾ ਸਰਕਾਰ ਨੂੰ ਭਾਰਤ ਉਪਰ ਜ਼ੋਰ ਪਾ ਕੇ ਇਸ ਮਸਲੇ ਨੂੰ ਹੱਲ ਕਰਵਾਉਣ ਲਈ ਕਿਹਾ ਅਤੇ ਕਿਸਾਨਾਂ ਦੇ ਸ਼ਾਂਤਮਈ ਪ੍ਰਦਰਸ਼ਨ ਦੀ ਜ਼ੋਰਦਾਰ ਸ਼ਬਦਾਂ ਵਿੱਚ ਵਕਾਲਤ ਕੀਤੀ। ਕਿਰਸਾਨੀ ਸੰਘਰਸ਼ ਨੂੰ ਕੌਮਾਂਤਰੀ ਮੁੱਦਾ ਦੱਸਦਿਆਂ ਸਾਹਿਬ ਕੌਰ ਨੇ ਕੈਨੇਡਾ ਦੇ ਕਿਸਾਨਾਂ ਦੇ ਹੱਕਾਂ ਬਾਰੇ ਵੀ ਕੈਨੇਡੀਅਨ ਸਰਕਾਰ ਨੂੰ ਉਪਰਾਲੇ ਕਰਨ ਦੇ ਸੁਝਾਅ ਦਿੱਤੇ। ਲੀਡਰਸ਼ਿਪ ਸਮਿਟ ਮੌਕੇ ਸਾਹਿਬ ਕੌਰ ਧਾਲੀਵਾਲ ਵੱਲੋਂ ਦਿੱਤੇ ਇਹ ਵਿਚਾਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਵੀ ਗ਼ੌਰ ਨਾਲ ਸੁਣੇ।

ਜ਼ਿਕਰਯੋਗ ਹੈ ਕਿ ਪੰਜਾਬ ਦੇ ਪਿੰਡ ਲੱਖਾ (ਲੁਧਿਆਣਾ) ਨਾਲ ਸਬੰਧਤ ਸਿੱਖ ਚਿੰਤਕ ਗਿਆਨੀ ਹਰਪਾਲ ਸਿੰਘ ਲੱਖਾ ਦੀ ਪੋਤਰੀ ਅਤੇ ਮੀਡੀਆ ਸ਼ਖ਼ਸੀਅਤ ਡਾ. ਗੁਰਵਿੰਦਰ ਸਿੰਘ ਧਾਲੀਵਾਲ ਅਤੇ ਦਲਜੀਤ ਕੌਰ ਧਾਲੀਵਾਲ ਦੀ ਦਸਤਾਰਧਾਰੀ ਸਪੁੱਤਰੀ ਸਾਹਿਬ ਕੌਰ ਧਾਲੀਵਾਲ ਹਾਊਸ ਆਫ ਕਾਮਨਜ਼ ਵਿਚ ‘ਪੇਜ’ ਵਜੋਂ ਵੀ ਸੇਵਾਵਾਂ ਦੇ ਚੁੱਕੀ ਹੈ ਅਤੇ ਵੱਖ-ਵੱਖ ਅਗਾਂਹਵਧੂ ਮੁੱਦਿਆਂ ਤੇ ਆਵਾਜ਼ ਉਠਾਉਂਦੀ ਰਹਿੰਦੀ ਹੈ।

ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com

  • 16.3K
  •  
  •  
  •  
  •