ਪੰਜਾਬ ਏਡਜ਼ ਤੇ ਨਸ਼ਿਆਂ ਦੇ ਸਿਕੰਜੇ ਚ ਫਸਿਆ

5 ਸਾਲ ਚ ਏਡਜ਼ ਮਰੀਜ਼ਾਂ ਦੀ ਗਿਣਤੀ ਦੋ ਗੁਣਾਂ ਵਧੀ

ਚੰਡੀਗੜ੍ਹ : ਪੰਜਾਬ ਅੰਦਰ ਨਸ਼ਿਆਂ ਦੇ ਨਾਲ-ਨਾਲ ਏਡਜ਼ (ਐਚਆਈਵੀ) ਕੇਸਾਂ ‘ਚ ਹੋ ਰਹੇ ਖ਼ੌਫ਼ਨਾਕ ਵਾਧਾ ਡੂੰਘੀ ਚਿੰਤਾ ਦਾ ਤਤਕਾਲੀ ਮੁੱਦਾ ਹੈ ਜੇਕਰ ਸਰਕਾਰਾਂ ਨਹੀਂ ਜਾਗੀਆਂ ਤਾਂ ਸੂਬੇ ਚ ਤਬਾਹਕੁਨ ਨਤੀਜੇ ਨਿਕਲਣਗੇ।
‘ਆਪ’ ਮੁੱਖ ਦਫ਼ਤਰ ਰਾਹੀਂ ਜਾਰੀ ਬਿਆਨ ‘ਚ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਰਕਾਰੀ ਅੰਕੜਿਆਂ ਅਨੁਸਾਰ ਸਾਲ 2013-14 ‘ਚ 4537 ਕੇਸਾਂ ਦੇ ਮੁਕਾਬਲੇ ਸਾਲ 2018-19 ‘ਚ 8133 ਏਡਜ਼/ਐਚਆਈਵੀ ਕੇਸਾਂ ਦਾ ਸਾਹਮਣੇ ਆਉਣਾ ਖ਼ਤਰਨਾਕ ਭਵਿੱਖ ਦੀ ਪੁਸ਼ਟੀ ਕਰਦਾ ਹੈ ਪਰ ਸਰਕਾਰਾਂ ਇਸ ਮੁੱਦੇ ਉੱਤੇ ਅਣਗਹਿਲੀ ਵਰਤ ਰਹੀਆਂ ਹਨ। ਸਰਕਾਰ ਨੂੰ ਤੁਰੰਤ

ਪੀੜਤ ਮਰੀਜ਼ਾਂ ਦੇ ਇਲਾਜ ਅਤੇ ਅਣਪਛਾਤੇ ਕੇਸਾਂ ਦੀ ਪਹਿਚਾਣ ਲਈ ਵਿਆਪਕ ਯੋਜਨਾ ਹੇਠਾਂ ਤੱਕ ਲਾਗੂ ਕਰਨੀ ਚਾਹੀਦੀ ਹੈ। ਇਸ ਮੁਹਿੰਮ ‘ਚ ਸਰਕਾਰੀ ਹਸਪਤਾਲਾਂ ਤੇ ਡਿਸਪੈਂਸਰੀਆਂ ਦੇ ਨਾਲ-ਨਾਲ ਜਿੱਥੇ ਪ੍ਰਾਈਵੇਟ ਹਸਪਤਾਲਾਂ ਅਤੇ ਲੈਬੋਟਰੀਜ ਨੂੰ ਸਹਿਯੋਗ ਲਈ ਪਾਬੰਦ ਕਰਨਾ ਪਵੇਗਾ। ਚੀਮਾ ਨੇ ਕਿਹਾ ਕਿ ਇਸ ਜਾਨਲੇਵਾ ਬਿਮਾਰੀ ਤੋਂ ਬਚਣ ਲਈ ਸਮਾਜ ਨੂੰ ਵੀ ਇੱਕਜੁੱਟਤਾ ਨਾਲ ਅੱਗੇ ਆਉਣਾ ਪਵੇਗਾ।
ਉਨ੍ਹਾਂ ਕਿਹਾ ਕਿ 5 ਸਾਲਾਂ ਦੇ ਏਡਜ਼ ਦਾ ਪ੍ਰਕੋਪ ਦੁੱਗਣਾ ਹੋਣ ਦੇ ਜੋ ਅੰਕੜੇ ਸਾਹਮਣੇ ਆਏ ਹਨ, ਇਹ ਲੰਘੇ ਵਿੱਤੀ ਵਰ੍ਹੇ ਦੇ ਹਨ, ਪਰੰਤੂ ਪਿਛਲੇ ਦੋ ਤਿੰਨ ਮਹੀਨਿਆਂ ਦੌਰਾਨ ਬਡਰੁੱਖਾ (ਸੰਗਰੂਰ) ‘ਚ ਇਕ ਦਰਜਨ, ਬਰਨਾਲਾ ‘ਚ 40 ਅਤੇ ਫ਼ਾਜ਼ਿਲਕਾ ਕਰੀਬ 60 ਨਵੇਂ ਕੇਸਾਂ ਦਾ ਸਾਹਮਣੇ ਆਉਣਾ ਹੋਰ ਵੀ ਘਾਤਕ ਹੈ, ਕਿਉਂਕਿ ਇਨ੍ਹਾਂ ‘ਚ ਬਹੁਤੇ ਪੀੜਤ 12-14 ਸਾਲਾਂ ਦੇ ਕਿਸ਼ੋਰ ਅਤੇ ਉਹ ਨੌਜਵਾਨ ਸ਼ਾਮਲ ਹਨ, ਜਿੰਨਾ ਨੂੰ ਨਸ਼ੇ ਦੀ ਲਤ ਲੱਗੀ ਹੋਈ ਹੈ।
ਚੀਮਾ ਨੇ ਕਿਹਾ ਕਿ ਸਰਕਾਰ ਨੂੰ ਬੇਰੁਜ਼ਗਾਰੀ ਨਸ਼ੇ ਅਤੇ ਏਡਜ਼ ਦੇ ਵਧਦੇ ਕੇਸਾਂ ‘ਤੇ ਤੁਰੰਤ ਜੰਗੀ ਪੱਧਰ ਦੇ ਕਦਮ ਚੁੱਕਣੇ ਪੈਣਗੇ, ਕਿਉਂਕਿ ਇਹ ਤਿੰਨੋਂ ਅਲਾਮਤਾਂ ਆਪਸ ਵਿਚ ਸਿੱਧਾ ਜੁੜੀਆਂ ਹੋਈਆਂ ਹਨ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਆਗਾਮੀ ਮਾਨਸੂਨ ਸੈਸ਼ਨ ‘ਚ ਬੇਰੁਜ਼ਗਾਰੀ, ਨਸ਼ੇ ਅਤੇ ਏਡਜ਼ ਦਾ ਮੁੱਦਾ ਪ੍ਰਮੁੱਖਤਾ ਨਾਲ ਚੁੱਕਿਆ ਜਾਵੇਗਾ।

  •  
  •  
  •  
  •  
  •