ਪੰਜਾਬ ਉਜਾੜੇ ਤੋਂ ਮੁੜ ਵਸਦੇ ਦੇਸ਼ ਪੰਜਾਬ ਦੇ ਖਿਆਲ ਨਾਲ ਅਰਦਾਸ

ਚੰਡੀਗੜ੍ਹ: 10 ਅਗਸਤ (2019) 73 ਸਾਲ ਪਹਿਲਾਂ 1947 ‘ਚ ਅਗਸਤ ਦੇ ਮਹੀਨੇ ਵਿਚ ਇੰਡੀਅਨ ਉਪ-ਮਹਾਦੀਪ ਵਿਚ ਦੋ ‘ਨੇਸ਼ਨ-ਸਟੇਟਾਂ’ ਖੜ੍ਹੀਆਂ ਕਰਨ ਦੀ ਘਿਨਾਉਣੀ ਸਿਆਸਤ ਨੇ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪੰਜਾਬ ਦੀ ਹਿੱਕ ਉਤੇ ਜੋ ਵੰਡ ਦੀ ਗੈਰ-ਕੁਦਰਤੀ ਲਕੀਰ ਵਾਹ ਕੇ ਇਥੇ ਇਕ ਵੱਡਾ ਕਤਲੇਆਮ ਹੋਇਆ, ਉਸ ਦਾ ਪਛਤਾਵਾ ਸਮੁੱਚੇ ਪੰਜਾਬੀ ਜਗਤ ਨੂੰ ਰਹਿੰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ ਸਿੱਖ ਸੰਗਤਾਂ ਵੱਲੋਂ ਇਕੱਤਰ ਹੋ ਕੇ ਇਸ ਕਤਲੇਆਮ ਅਤੇ ਉਜਾੜੇ ਨੂੰ ਲੈ ਕੇ ਅਤੇ ਮੁੜ ਵਸਦੇ ਦੇਸ਼ ਪੰਜਾਬ ਦੇ ਖਿਆਲ ਨਾਲ ‘ਅਰਦਾਸ’ ਕੀਤੀ। ਇਸ ਮੌਕੇ ਬੁਲਾਰਿਆਂ ਨੇ ਬੋਲਦੇ ਹੋਏ ਕਿਹਾ ਕਿ ਦੇਸ਼ ਦੀ ਵੰਡ ਮੌਕੇ ਆਪਸੀ ਝਗੜੇ ਅਤੇ ਖਿੱਚੋਤਾਣ ਵਿਚ ਉਲਝੀਆਂ ਦੋ ਵੱਡੀਆਂ ਇੰਡੀਅਨ ਸਿਆਸੀ ਧਿਰਾਂ ਅੰਗ੍ਰੇਜ਼ੀ ਸਾਮਰਾਜ ਤੋਂ ਛੇਤੀ ਤਾਕਤ ਹਾਸਿਲ ਕਰ ਕੇ ਰਾਜ ਸਿੰਘਾਸਨ ਉਤੇ ਸੁਸ਼ੋਭਤ ਹੋਣਾ ਚਾਹੁੰਦੀਆਂ ਸਨ ਅਤੇ ਅੰਗ੍ਰੇਜ਼ ਵੀ ਮੁਲਕ ਛੱਡ ਕੇ ਬਾਇੱਜ਼ਤ ਜਾਣ ਦੀ ਕਾਹਲੀ ਵਿਚ ਸਨ।
ਦਰ ਉਤੇ ਆਈ ਰਾਜਸੱਤਾ ਨੂੰ ਆਪਸ ਵਿਚ ਵੰਡਣ ਦੀ ਜਲਦਬਾਜ਼ੀ ਅਤੇ ਵੱਧ ਤੋਂ ਵੱਧ ਇਲਾਕਿਆਂ ਉਤੇ ਕਬਜ਼ੇ ਕਰਨ ਦੀ ਅੰਦਰੂਨੀ ਖਿੱਚੋਤਾਣ ਕਰਕੇ ਬਾਹਰ ਬੈਠੀਆਂ ਵੱਡੀਆਂ ਤਾਕਤਾਂ ਨੇ ਪੰਜਾਬ ਨੂੰ ਲੀਰੋ-ਲੀਰ ਕਰ ਦਿੱਤਾ। ਇਨ੍ਹਾਂ ਕੋਝੀਆਂ ਰਾਜਨੀਤਿਕ ਚਾਲਾਂ ਉਤੇ ਪਰਦਾ-ਪੋਸ਼ੀ ਪਾਉਣ ਲਈ ਕੇਂਦਰੀ ਸੱਤਾ ਦੇ ਸਿਆਸਤਦਾਨਾਂ ਨੇ ਭੋਲੇ-ਭਾਲੇ ਪੰਜਾਬੀਆਂ ਨੂੰ ਅਖੌਤੀ ਧਰਮ ਦੀ ਸਿਆਸਤ ਅਧੀਨ ਇੱਕ ਦੂਜੇ ਦੇ ਗਲ ਪੁਆ ਦਿੱਤਾ। ਫਿਰ ਅਖੌਤੀ ਧਰਮ ਨੂੰ ਉਸ ਹਿੰਸਕ ਸਿਆਸਤ ਦਾ ਹਥਿਆਰ ਬਣਾ ਦਿੱਤਾ ਗਿਆ। ਪਰਦੇ ਪਿੱਛੇ ਸਰਗਰਮ ਸਿਆਸੀ ਧਿਰਾਂ ਨੇ ਧਾਰਮਿਕ ਫਿਰਕਿਆਂ ਤੇ ਧਾਰਮਿਕ ਅਸਥਾਨਾਂ ਨੂੰ ਖੂਬ ਵਰਤਿਆ ਅਤੇ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਭੜਕਾ ਕੇ ਖੂਨ ਦੀਆਂ ਨਦੀਆਂ ਵਹਾ ਦਿੱਤੀਆਂ। ਅੰਗ੍ਰੇਜ਼ੀ ਰਾਜ ਦੇ ਭੱਜਣ ਨਾਲ ਸਰਕਾਰੀ ਮਸ਼ੀਨਰੀ ਫੌਜ, ਪੁਲਿਸ ਖੁਦ ਫਿਰਕੂ ਅਤੇ ਗੈਰ-ਜਿੰਮੇਵਾਰ ਹੋ ਨਿੱਬੜੀ। ਫਿਰ ਬਦਮਾਸ਼ਾਂ, ਲੱਠਮਾਰਾਂ ਅਤੇ ਲੁਟੇਰਿਆਂ ਲਈ ਮੈਦਾਨ ਖੁੱਲ੍ਹੇ ਹੋ ਗਏ। ਮੁੱਖ ਕੇਂਦਰੀ ਧਿਰ ਬਣ ਕੇ ਉਭਰੇ ਗੈਰ ਪੰਜਾਬੀ ਧਿਰਾਂ ਨੇ ਪੰਜਾਬ ਦੀ ਅਬਾਦੀ ਦਾ ਤਬਦਲਾ ਅਣਮੁਨੱਖੀ ਢੰਗ ਨਾਲ ਮਾਰ ਵੱਡ ਕਰਕੇ ਗੈਰ ਕੁੱਦਰਤੀ ਢੰਗ ਨਾਲ ਕਰਵਾਇਆ ਜੋ ਇਸ ਸਦੀ ਸਭ ਤੋਂ ਵੱਡਾ ਅਬਾਦੀ ਦਾ ਤਬਾਦਲਾ ਸੀ।
ਇਸ ਆਪੋ-ਧਾਪੀ ਵਿੱਚ 10 ਲੱਖ ਪੰਜਾਬੀ ਮਾਰਿਆ ਗਿਆ, ਇਕ ਕਰੋੜ ਲੋਕ ਘਰੋਂ ਬੇਘਰ ਹੋ ਗਏ। ਤਿੰਨ ਲੱਖ ਔਰਤਾਂ ਉਧਾਲੀਆਂ ਗਈਆਂ ਅਤੇ ਲੱਖਾਂ ਔਰਤਾਂ ਦੀ ਬੇਪੱਤੀ ਹੋਈ। ਸਰਹੱਦ ਦੇ ਦੋਨੋਂ ਪਾਸੀਂ ਉਜੜੇ-ਉਖੜੇ ਪੰਜਾਬੀ ਮੁੜ ਵਸੇਬੇ ਲਈ ਕਈ ਸਾਲ ਜੱਦੋ-ਜਹਿਦ ਕਰਦੇ ਰਹੇ।
1947 ਦੀ ਉਸ ਖੂਨੀ ਵੰਡ ਦੇ ਗਹਿਰੇ ਜ਼ਖਮ ਅਜੇ ਵੀ ਪੂਰੀ ਤਰ੍ਹਾਂ ਭਰੇ ਨਹੀਂ। ਅਜੇ ਵੀ ਰੈਡਕਲਿਫ ਲਾਈਨ ਦੇ ਆਰ ਪਾਰ ਪੰਜਾਬੀ ਇਕ-ਦੂਜੇ ਨੂੰ ਹਸਰਤ ਭਰੀਆਂ ਨਿਗਾਹਾਂ ਨਾਲ ਨਿਹਾਰਦੇ ਹਨ। ਅਜੇ ਵੀ ਧੁਰ ਅੰਦਰੋਂ ਗੈਰਾਂ ਵੱਲੋਂ ਵਾਹੀ ਵੰਡਦੀ ਲਕੀਰ ਤੋਂ ਪੰਜਾਬੀ ਮੁਨਕਰ ਹਨ। ਆਪਣੇ ਚੇਤਿਆਂ ਵਿਚ ਵਸਦੀਆਂ ਪਵਿੱਤਰ ਥਾਵਾਂ, ਬਸਤੀਆਂ, ਸ਼ਹਿਰਾਂ ਦੇ ਦਰਸ਼ਨਾਂ ਲਈ ਉਹ ਬੇਕਰਾਰ ਹਨ। ਬਾਬਾ ਫਰੀਦ, ਗੁਰੂ ਪੀਰਾਂ ਅਤੇ ਬੁੱਲੇ ਸ਼ਾਹ ਵਰਗੀਆਂ ਸੂਫੀ ਹਸਤੀਆਂ ਵੱਲੋਂ ਸਿਰਜੀ ਸਾਂਝੀ ਵਿਰਾਸਤ ਪੰਜਾਬੀਆਂ ਦੇ ਦਿਲਾਂ ਨੂੰ ਬਰਾਬਰ ਟੁੰਬਦੀ ਹੈ। ਮੁੜ ਮੇਲਿਆਂ ਲਈ ਤਾਂਘਦੇ ਪੰਜਾਬੀ ਅਗਸਤ ਵਰਤਾਰੇ ਨੂੰ ਕੋਸਦੇ ਹੋਏ ਅੱਜ ਵੀ ਅਰਜ਼ੋਈਆਂ, ਅਰਦਾਸਾਂ ਕਰਦੇ ਸ਼ੁਭ ਭਵਿੱਖ ਦੀ ਡੋਰੀ ਫੜਕੇ ਬੈਠੇ ਹਨ।
ਆਲਮੀ ਪੰਜਾਬੀ ਸੰਗਤ ਅਤੇ ਕੇਂਦਰੀ ਸਿੰਘ ਸਭਾ ਪੰਜਾਬ ਉਜਾੜੇ ਦੇ 73ਵੇਂ ਸਾਲ ਮੌਕੇ ਮਾਰੇ ਗਏ ਲੋਕਾਂ ਦੀ ਯਾਦ ਵਿਚ ਅਰਦਾਸ ਕਰਦੀ ਹੈ ਅਤੇ ਪੰਜਾਬ ਨੂੰ ਮੁੜ ਜੰਗ ਦਾ ਮੈਦਾਨ ਬਣਾਏ ਜਾਣ ਦੇ ਸੌੜੇ ਇਜੰਡੇ ਦਾ ਸਖਤ ਵਿਰੋਧ ਕਰਦੀ ਹੈ।

  • 35
  •  
  •  
  •  
  •