ਕਸ਼ਮੀਰ, ਫਲਸਤੀਨ, ਇਜਰਾਈਲ ਅਤੇ ਮੋਦੀ-ਸ਼ਾਹ-ਡੋਵਲ ਤ੍ਰਿਕੜੀ ਦੀ ਖਤਰਨਾਕ ਰਾਜਨੀਤੀ

ਗੁਰਬਚਨ ਸਿੰਘ

11 ਅਗਸਤ, ਐਤਵਾਰ ਦੇ ਅੰਗਰੇਜੀ ਅਖਬਾਰ ‘ਟਾਈਮਜ ਆਫ ਇੰਡੀਆ’ ਵਿਚ, ਸੀਨੀਅਰ ਪਤਰਕਾਰ ਸਵਾਮੀਨਾਥਨ ਅੰਕਲੇਸਰੀਆ ਅਈਅਰ ਨੇ ਕਸ਼ਮੀਰ ਮਸਲੇ ਬਾਰੇ ਲਿਖਦਿਆ ਇਹ ਸਚ ਉਭਾਰਿਆ ਹੈ, ਕਿ ਕਸ਼ਮੀਰ ਅੰਦਰ ਭਾਜਪਾ ਦੀ ਪਹੁੰਚ, ਇਜਰਾਈਲ ਦੀ ਤਰਜ ਉਤੇ ਫਲਸਤੀਨ ਦੇ ਪਛਮੀ ਕਿਨਾਰੇ ਵਾਂਗ, ਉਚੀਆ ਕੰਧਾਂ ਦੀ ਚਾਰਦਿਵਾਰੀ ਦੇ ਆਲੇਦੁਆਲੇ ਨਾਕੇ ਲਾ ਕੇ ਕੀਤੀਆ ਕਿਲ੍ਹਾਬੰਦੀਆਂ ਵਿਚ, ਹਿੰਦੂ ਬਸਤੀਆਂ ਵਸਾਉਣ ਦੀ ਹੈ। ਇਸ ਤਰ੍ਹਾਂ ਮੁਸਲਿਮ ਬਹੁਗਿਣਤੀ ਖੇਤਰਾਂ ਨੂੰ ਅਡ-ਅਡ ਕਰਕੇ ਇਕ-ਦੂਜੇ ਤੋਂ ਨਿਖੜੇ ਹੋਏ ਟਾਪੂਆਂ ਵਾਂਗ ਵਸਣ ਲਈ ਮਜਬੂਰ ਕਰ ਦਿਤਾ ਜਾਵੇਗਾ। ਹਿੰਦੂ ਬਸਤੀਆਂ ਵਸਾਉਣ ਦੀ ਇਹ ਕਾਰਵਾਈ ਸ੍ਰੀਨਗਰ ਅਤੇ ਇਸ ਦੇ ਆਲੇਦੁਆਲੇ ਤੋਂ ਆਰੰਭ ਕੀਤੀ ਜਾਵੇਗੀ। ਐਨ ਉਸੇ ਤਰ੍ਹਾਂ ਜਿਵੇਂ ਇਜਰਾਈਲ ਨੇ ਜੇਰੂਸਲਮ ਦੇ ਆਲੇਦੁਆਲੇ ਯਹੂਦੀ ਬਸਤੀਆਂ ਵਸਾ ਕੇ ਕੀਤੀ ਹੈ।
ਅਈਅਰ ਦੇ ਕਹਿਣ ਅਨੁਸਾਰ ਬਾਅਦ ਵਿਚ ਇਹੀ ਮੁਹਿੰਮ ਪੇਂਡੂ ਖੇਤਰਾਂ ਵਿਚ ਵੀ ਸ਼ੁਰੂ ਕੀਤੀ ਜਾਵੇਗੀ। ਪਿੰਡਾਂ ਦੇ ਪਿੰਡ ਖਰੀਦ ਲਏ ਜਾਣਗੇ ਅਤੇ ਸਾਬਕਾਂ ਫੌਜੀਆਂ ਨੂੰ ਉਹ ਜਮੀਨ ਮੁਫਤ ਦੇ ਕੇ ਅਤੇ ਆਪਣੀ ਰਾਖੀ ਆਪ ਕਰਨ ਦੇ ਆਧਾਰ ਉਤੇ, ਉਹਨਾਂ ਨੂੰ ਉਥੇ ਵਸਣ ਲਈ ਪ੍ਰੇਰਿਆ ਜਾਵੇਗਾ। ਵਸੋਂ ਦੀ ਇਹ ਅਦਲਾ-ਬਦਲੀ ਫਲਸਤੀਨ ਨਾਲੋਂ ਕਸ਼ਮੀਰ ਵਿਚ ਤੇਜੀ ਨਾਲ ਹੋਵੇਗੀ, ਕਿਉਂਕਿ ਕਸ਼ਮੀਰ ਦਾ ਜੰਮੂ ਖੇਤਰ ਪਹਿਲਾਂ ਹੀ ਹਿੰਦੂ ਬਹੁਲ ਵਸੋਂ ਵਾਲਾ ਹੈ। ਅਈਅਰ ਦੇ ਅੰਦਾਜੇ ਅਨੁਸਾਰ ਦੋ-ਤਿੰਨ ਦਹਾਕਿਆਂ ਵਿਚ ਇਹ ਕਾਰਵਾਈ ਪੂਰੀ ਹੋ ਜਾਵੇਗੀ। ਬੇਸ਼ਕ ਇਸਦਾ ਸਿਟਾ ਪਾਕਿਸਤਾਨ ਤੇ ਮੁਸਲਿਮ ਦੇਸਾਂ ਦੀ ਸਹਾਇਤਾ ਨਾਲ ਕਸ਼ਮੀਰੀ ਬਗਾਵਤ ਜਾਰੀ ਰਹਿਣ ਵਿਚ ਨਿਕਲੇਗਾ ਅਤੇ ਦਹਾਕਿਆਂ ਬਧੀ ਕਸ਼ਮੀਰ ਹਿੰਸਾ ਦੀ ਸ਼ਿਕਾਰਗਾਹ ਬਣਿਆ ਰਹੇਗਾ। ਅਈਅਰ ਦੇ ਕਥਨ ਅਨੁਸਾਰ ਭਾਜਪਾ ਸਮੇਤ ਬਹੁਤ ਸਾਰੀਆ ਪਾਰਟੀਆਂ ਇਸ ਹਿੰਸਾ ਲਈ ਮਾਨਸਿਕ ਤੌਰ ਉਤੇ ਤਿਆਰ ਹਨ, ਜਦੋਂ ਕਿ ਮੌਜੂਦਾ ਹਾਲਤ ਵਿਚ ਕਾਂਗਰਸ ਇਸ ਕੰਮ ਵਿਚ ਜਿਆਦਾ ਦਖਲਅੰਦਾਜੀ ਨਹੀਂ ਕਰ ਸਕਦੀ।
ਅਈਅਰ ਦੀ ਇਸ ਜਾਣਕਾਰੀ ਦੀ ਪੁਸ਼ਟੀ, ਮੋਦੀ ਰਾਜ ਵਿਚ ਭਾਰਤ ਅਤੇ ਇਜਰਾਈਲ ਸਰਕਾਰਾਂ ਵਿਚਕਾਰ ਬਣੀ ਨੇੜਤਾ ਵੀ ਕਰਦੀ ਹੈ। ਭਾਰਤੀ ਜਨਤਾ ਪਾਰਟੀ ਦਾ ਰਾਜ ਸਭਾ ਮੈਂਬਰ ਅਤੇ ਆਰ ਐਸ ਐਸ ਦਾ ਸਿਧਾਂਤਕਾਰ ਸੁਬਰਾਮਨੀਅਨ ਸਵਾਮੀਂ ਬੜੇ ਚਿਰ ਤੋਂ ਭਾਰਤ-ਇਜਰਾਈਲ-ਅਮਰੀਕਾ ਗਠਜੋੜ ਦੀ ਵਕਾਲਤ ਕਰ ਰਿਹਾ ਹੈ। ਕਮਿਊਨਿਸਟਾਂ ਦੇ ਵਿਰੋਧ ਵਿਚ ਸੰਘ ਪਰਿਵਾਰ ਪਹਿਲਾਂ ਤੋਂ ਹੀ ਅਮਰੀਕੀ ਸਾਮਰਾਜ ਪਖੀ ਰਿਹਾ ਹੈ। ਅਮਰੀਕੀ ਸਾਮਰਾਜ ਤੇ ਇਜਰਾਈਲ ਦਾ ਮੁਸਲਮਾਨ ਵਿਰੋਧ ਇਹਨਾਂ ਦੀ ਮਾਨਿਸਕਤਾ ਦੇ ਐਨ ਫਿਟ ਬੈਠਦਾ ਹੈ। ਇਹ ਐਵੇਂ ਨਹੀਂ ਕਿ ਨਿਰਦੋਸ਼ ਫਲਸਤੀਨੀਆਂ ਦਾ ਵਹਿਸ਼ੀ ਕਤਲੇਆਮ ਕਰਨ ਲਈ ਦੁਨੀਆ ਭਰ ਵਿਚ ਬਦਨਾਮ ਇਜਰਾਈਲ ਦਾ ਪ੍ਰਧਾਨ ਮੰਤਰੀ ਨੇਤਿਆਨੇਹੂ ਨਰਿੰਦਰ ਮੋਦੀ ਨਾਲ ਆਪਣੀਆ ਫੋਟੋਆਂ ਲਾ ਕੇ ਇਜਰਾਈਲ ਵਿਚ ਚੋਣ ਪ੍ਰਚਾਰ ਕਰ ਰਿਹਾ ਹੈ ਅਤੇ ਇਜਰਾਈਲ ਦੀ ਖੁਫੀਆ ਏਜੰਸੀ ਮੋਸਾਦ ਕਸ਼ਮੀਰ ਵਿਚ ਭਾਰਤੀ ਖੁਫੀਆਂ ਏਜੰਸੀਆ ਦੀ ਸਰਗਰਮ ਮਦਦ ਕਰ ਰਹੀ ਹੈ। ਇਥੋਂ ਤਕ ਕਿ ਅਲ ਜਜੀਰਾ ਨਿਊਜ ਚੈਨਲ ਦਾ ਮੁਕਾਬਲਾ ਕਰਨ ਲਈ, ਜੀ ਨਿਊਜ ਚੈਨਲ ਵਲੋਂ ਚਲਾਇਆ ਜਾ ਰਿਹਾ ਨਿਊਜ ਚੈਨਲ ਵਾਇਨ (ਵਰਲਡ ਇਜ ਵਨ ਨਿਊਜ), ਮੋਸਾਦ ਦੀ ਮਦਦ ਅਤੇ ਅਗਵਾਈ ਹੇਠ ਚਲਾਇਆ ਜਾ ਰਿਹਾ ਹੈ। ਪਿਛਲੇ ਸਾਲ ਹਥਿਆਰ ਖਰੀਦਣ ਲਈ ਇਜਰਾਈਲ ਨਾਲ 4000 ਕਰੋੜ ਰੁਪਏ ਦਾ ਕੀਤਾ ਗਿਆ ਸਮਝੌਤਾ ਵੀ ਇਸੇ ਕਾਰਵਾਈ ਦਾ ਹਿਸਾ ਹੈ। ਲੰਡਨ ਤੋਂ ਛਪਦੇ ‘ਇੰਡੀਪੈਡੈਂਟ’ ਅਖਬਾਰ ਅਨੁਸਾਰ ਪੁਲਵਾਮਾ ਘਟਨਾ ਤੋਂ ਬਾਅਦ ਪਾਕਿਸਤਾਨ ਦੇ ਬਾਲਾਕੋਟ ਖੇਤਰ ਵਿਚ ਕੀਤਾ ਗਿਆ ‘ਸਰਜੀਕਲ ਸਟਰਾਈਕ’ (ਹਵਾਈ ਹਮਲਾ) ਵੀ ਇਜਰਾਈਲੀ ਹਥਿਆਰਾਂ ਅਤੇ ਇਜਰਾਈਲੀ ਦੇਖਰੇਖ ਹੇਠ ਕੀਤਾ ਗਿਆ ਸੀ।
ਮੋਦੀ-ਸ਼ਾਹ-ਡੋਵਲ ਤ੍ਰਿਕੜੀ ਵਲੋਂ ਕਸ਼ਮੀਰ ਦੀ ਕਾਗਜੀ ਖੁਦਮੁਖਤਿਆਰੀ ਖਤਮ ਕਰਨ ਬਾਰੇ ਕੀਤੀ ਗਈ ਕਾਹਲੀ ਦੇ ਕਾਰਨਾਂ ਦੀ ਜਾਣਕਾਰੀ ਵੀ ਸੁਬਰਾਮਨੀਅਨ ਸਵਾਮੀ ਨੇ ਦਿਤੀ ਹੈ। ਉਸਦੇ ਟਵੀਟ ਅਨੁਸਾਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਹਾਜਰੀ ਵਿਚ ਕਸ਼ਮੀਰ ਮਸਲੇ ਬਾਰੇ ਸਾਲਸੀ ਕਰਨ ਦੇ ਸੁਝਾਅ ਅਤੇ ਅਫਗਾਨਿਸਤਾਨ ਵਿਚ ਤਾਲਿਬਾਨ ਨਾਲ ਹੋ ਰਹੇ ਸਮਝੌਤੇ ਵਿਚ ਪਾਕਿਸਤਾਨ ਦੀ ਸਰਦਾਰੀ ਮੰਨ ਲੈਣ ਨੇ ਮੋਦੀ ਸਰਕਾਰ ਦੇ ਪੈਰਾਂ ਥਲਿਓਂ ਜਮੀਨ ਕਢ ਦਿਤੀ ਹੈ। ਬੌਖਲਾਹਟ ਵਿਚ ਆ ਕੇ ਇਸ ਤ੍ਰਿਕੜੀ ਨੇ ਅਮਰੀਕਾ ਅਤੇ ਪਾਕਿਸਤਾਨ ਦੀ ਇਸ ਚਾਲ ਨੂੰ ਅਸਫਲ ਕਰਨ ਲਈ ਇਹ ਫੌਰੀ ਕਦਮ ਪੁਟਿਆ ਹੈ। ਸਵਾਮੀ ਦੇ ਇਸ ਕਸ਼ਨ ਦੀ ਪੁਸ਼ਟੀ ਆਲਮੀ ਮਸਲਿਆਂ ਦੇ ਮਾਹਿਰ ਅਤੇ ਕਟੜ ‘ਰਾਸ਼ਟਰਵਾਦੀ’ ਪਤਰਕਾਰ ਬ੍ਰਹਮ ਚੇਲਾਨੀ ਨੇ ਵੀ ਕੀਤੀ ਹੈ।
ਸੁਬਰਾਮਨੀਅਮ ਸਵਾਮੀ ਨੇ ਇਕ ਹੋਰ ਜਾਣਕਾਰੀ ਵੀ ਦਿਤੀ ਹੈ ਕਿ ਟਰੰਪ ਨੇ ਮੋਦੀ ਨੂੰ ਅਫਗਾਨਿਸਤਾਨ ਵਿਚ ਫੌਜਾਂ ਭੇਜਣ ਲਈ ਕਿਹਾ ਸੀ, ਪਰ ਮੋਦੀ ਨੇ ਇਸ ਸੁਝਾਅ ਨੂੰ ਮੰਨਣ ਤੋਂ ਨਾਂਹ ਕਰ ਦਿਤੀ। ਇਸ ਜਾਣਕਾਰੀ ਨਾਲ ਪਿਛਲੇ ਕੁਝ ਸਮੇਂ ਅੰਦਰ ਭਾਰਤ, ਪਾਕਿਸਤਾਨ ਅਤੇ ਅਮਰੀਕਾ ਦੇ ਰਿਸ਼ਤੇ ਨੂੰ ਲੈ ਕੇ ਵਾਪਰੀਆ ਘਟਨਾਵਾਂ ਬਾਰੇ ਕਾਫੀ ਕੁਝ ਸਪਸ਼ਟ ਹੋ ਜਾਂਦਾ ਹੈ। ਹੁਣ ਇਹ ਸਪਸ਼ਟ ਹੋ ਗਿਆ ਹੈ ਕਿ ਅਮਰੀਕਾ ਨੇ ਜਿਹੜਾ ਕੁਝ ਸਮਾ ਪਹਿਲਾਂ ਪਾਕਿਸਤਾਨ ਤੋਂ ਭਾਰਤ ਵੱਲ ਆਪਣਾ ਰੁਖ ਬਦਲਿਆ ਸੀ, ਉਸਦਾ ਮੰਤਵ ਮੋਦੀ ਸਰਕਾਰ ਨੂੰ ਅਫਗਾਨਿਸਤਾਨ ਵਿਚ ਆਪਣੀਆ ਫੌਜਾਂ ਭੇਜਣ ਲਈ ਮਨਾਉਣਾ ਸੀ, ਤਾਂ ਕਿ ਉਹ ਆਪਣੀਆ ਫੌਜਾਂ ਉਥੋਂ ਕਢ ਸਕੇ। ਪਰ ਜਦੋਂ ਮੋਦੀ ਸਰਕਾਰ ਨਹੀਂ ਮੰਨੀ ਤਾਂ ਟਰੰਪ ਨੇ ਆਪਣਾ ਰੁਖ ਬਦਲ ਕੇ ਇਕ ਵਾਰ ਫਿਰ ਪਾਕਿਸਤਾਨ ਵੱਲ ਕਰ ਲਿਆ ਹੈ। ਟਰੰਪ ਦੀ ਰਾਜਸੀ ਮਜਬੂਰੀ ਇਹ ਹੈ ਕਿ ਉਹ ਅਗਲੇ ਸਾਲ ਨਵੰਬਰ ਵਿਚ ਹੋਣ ਵਾਲੀਆ ਚੋਣਾਂ ਤੋਂ ਪਹਿਲਾਂ-ਪਹਿਲਾਂ ਅਫਗਾਨਿਸਤਾਨ ਵਿਚੋਂ ਆਪਣੀਆ ਫੌਜਾ ਕਢਣੀਆ ਚਾਹੁੰਦਾ ਹੈ, ਤਾਂ ਕਿ ਉਹ ਅਮਰੀਕੀ ਲੋਕਾਂ ਨੂੰ ਇਹ ਦਸ ਸਕੇ ਕਿ ਉਸਨੇ ਚੋਣਾਂ ਦੌਰਾਨ ਅਮਰੀਕੀ ਲੋਕਾਂ ਨਾਲ ਕੀਤਾ ਆਪਣਾ ਵਾਇਦਾ ਪੂਰਾ ਕਰ ਦਿਤਾ ਹੈ। ਇਸ ਸਾਲ ਸਤੰਬਰ ਮਹੀਨੇ ਵਿਚ ਇਥੋਂ ਫੌਜਾਂ ਕਢਣ ਦਾ ਐਲਾਨ ਕਰਕੇ, ਉਹ ਅਗਲੇ ਸਾਲ ਸਤੰਬਰ ਮਹੀਨੇ ਤਕ ਇਥੋਂ ਫੌਜਾਂ ਕਢਣਾ ਚਾਹੁੰਦਾ ਹੈ, ਤਾਂ ਕਿ ਨਵੰਬਰ ਵਿਚ ਪੈਣ ਵਾਲੀਆ ਵੋਟਾਂ ਸਮੇਂ ਉਹ ਇਸ ਦਾ ਰਾਜਸੀ ਫਾਇਦਾ ਲੈ ਸਕੇ।
ਇਸੇ ਲਈ ਉਹ ਤਾਲਿਬਾਨ ਨਾਲ ਛੇਤੀ ਤੋਂ ਛੇਤੀ ਕੋਈ ਸਮਝੌਤਾ ਸਿਰੇ ਚਾੜ੍ਹਨਾ ਚਾਹੁੰਦਾ ਹੈ। ਪਰ ਹੁਣ ਤਕ ਤਾਲਿਬਾਨ ਨਾਲ ਹੋਈ ਗੱਲਬਾਤ ਵਿਚੋਂ ਉਸਨੂੰ ਤਾਲਿਬਾਨ ਉਤੇ ਯਕੀਨ ਨਹੀਂ ਬਝ ਰਿਹਾ। ਇਸ ਯਕੀਨ ਦਹਾਨੀ ਲਈ ਹੀ ਟਰੰਪ ਨੇ ਪਾਕਿਸਤਾਨ ਕੋਲੋ ਮਦਦ ਮੰਗੀ ਹੈ। ਤਾਲਿਬਾਨ ਛੇਤੀ ਹੀ ਅਫਗਾਨਿਸਤਾਨ ਦੀ ਸਰਕਾਰ ਵਿਚ ਭਾਈਵਾਲ ਬਣਨਗੇ, ਇਹ ਸਚਾਈ ਹੁਣ ਕਿਸੇ ਕੋਲੋ ਲੁਕੀ ਹੋਈ ਨਹੀਂ। ਇਸ ਹਾਲਤ ਤੋਂ ਘਬਰਾਈ ਹੋਈ ਇਹ ਤ੍ਰਿਕੜੀ ਇਸ ਹਦ ਤਕ ਖਤਰਨਾਕ ਜੂਆ ਖੇਡਣ ਲਈ ਤਿਆਰ ਹੋ ਗਈ ਹੈ, ਕਿ ਉਸਨੇ ਸਮੁਚੀ ਕਸ਼ਮੀਰੀ ਵਸੋਂ ਹੀ ਦਾਅ ਉਤੇ ਲਾ ਦਿਤੀ ਹੈ। ਆਈ ਏ ਐਸ ਦੇ ਇਮਤਿਹਾਨ ਵਿਚ ਇਕ ਨੰਬਰ ਉਤੇ ਆਏ ਅਤੇ ਬਾਅਦ ਵਿਚ ਨੌਕਰੀ ਤੋਂ ਅਸਤੀਫਾ ਦੇ ਕੇ ਰਾਜਸੀ ਆਗੂ ਬਣੇ ਸ਼ਾਹ ਫੈਜਲ ਦਾ ਕਥਨ ਹੈ, ਕਿ ਕਸ਼ਮੀਰ ਵਿਚ ਇਹ ਆਮ ਚਰਚਾ ਹੈ ਕਿ ਮੋਦੀ-ਸ਼ਾਹ =-ਡੋਵਲ ਤ੍ਰਿਕੜੀ ਆਪਣੇ ਜੂਏ ਦੀ ਸਫਲਤਾ ਲਈ 8000-10000 ਮੁਸਲਮਾਨ ਵੀ ਕਤਲ ਕਰ ਸਕਦੀ ਹੈ। ਇਕ ਅਸਲੋਂ ਹੀ ਨਰਮ ਦਲੀ ਅਤੇ ਭਾਰਤੀ ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਆਪਣੀ ਰਾਜਸੀ ਲੜਾਈ ਲੜਨ ਦੇ ਪੈਰੋਕਾਰ ਸ਼ਾਹ ਫੈਜਲ ਦਾ ਇਹ ਕਥਨ ਆਪਣੇ-ਆਪ ਵਿਚ ਹੀ ਅਖਾਂ ਖੋਲ੍ਹਣ ਲਈ ਕਾਫੀ ਹੈ, ਕਿ ਕਸ਼ਮੀਰ ਵਿਚ ਕੀ ਕੁਝ ਦਾਅ ਉਤੇ ਲਗਾ ਪਿਆ ਹੈ।
ਪਰ ਮੌਜੂਦਾ ਆਲਮੀ ਹਾਲਤਾਂ ਵਿਚ ਇਹ ਜੂਆ ਇਸ ਤ੍ਰਿਕੜੀ ਦੇ ਕਿਆਸੇ ਸਿਟਿਆਂ ਤੋਂ ਵੀ ਕਿਤੇ ਵਧੇਰੇ ਖਤਰਨਾਕ ਸਿਟੇ ਕਢ ਸਕਦਾ ਹੈ। ਦਰਅਸਲ ਸਮੁਚੀ ਮਨੁਖ ਜਾਤੀ ਇਸ ਵੇਲੇ ਆਪਣੀ ਹੋਂਦ ਦੇ ਸੰਕਟ ਵਿਚੋਂ ਲੰਘ ਰਹੀ ਹੈ। ਇਹ ਸੰਕਟ ਆਰਥਿਕ ਵੀ ਹੈ, ਸਮਾਜਿਕ ਵੀ ਹੈ, ਸਭਿਆਚਾਰਕ ਵੀ ਹੈ ਅਤੇ ਰੂਹਾਨੀਅਤ ਭਾਵ ਆਤਮਿਕ ਕੰਗਾਲੀ ਦਾ ਵੀ ਹੈ। 2008 ਤੋਂ ਆਰੰਭ ਹੋਏ ਆਰਥਿਕ ਸੰਕਟ ਨੇ ਸਾਮਰਾਜੀਆਂ ਦੀ ਮਤਿ ਮਾਰੀ ਹੋਈ ਹੈ। ਉਹ ਜਿਵੇਂ-ਜਿਵੇਂ ਇਸ ਸੰਕਟ ਵਿਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦੇ ਹਨ, ਉਵੇਂ-ਉਵੇਂ ਇਸ ਸੰਕਟ ਵਿਚ ਹੋਰ ਡੂੰਘਾ ਧਸਦੇ ਜਾਂਦੇ ਹਨ। ਲਗਾਤਾਰ ਲਗਪਗ ਸਾਰੇ ਦੇਸਾਂ ਦੇ ਅਰਥਚਾਰਿਆਂ ਦਾ ਹੋ ਰਿਹਾ ਮੰਦਾ ਹਾਲ ਅਤੇ ਦੋ ਸਭ ਤੋਂ ਵਡੇ ਅਰਥਚਾਰਿਆਂ ਅਮਰੀਕਾ ਤੇ ਚੀਨ ਵਿਚਕਾਰ ਛਿੜੀ ਵਾਪਾਰਿਕ ਅਤੇ ਕਰੰਸੀ ਜੰਗ ਇਸਦੀਆਂ ਸਪਸ਼ਟ ਮਿਸਾਲਾਂ ਹਨ। ਦੂਜੀ ਸੰਸਾਰ ਸਾਮਰਾਜੀ ਜੰਗ ਦੇ ਇਤਿਹਾਸਕਾਰ ਇਹ ਦਸਦੇ ਹਨ ਕਿ ਯੂਰਪ ਵਿਚ ਪਹਿਲਾਂ ਵਾਪਾਰਿਕ ਜੰਗ ਛਿੜੀ, ਜਿਹੜੀ ਬਾਅਦ ਵਿਚ ਕਰੰਸੀ ਜੰਗ ਵਿਚ ਬਦਲ ਗਈ ਅਤੇ ਜਿਸਦਾ ਅਗਲਾ ਪੜਾਅ ਹਥਿਆਰਾਂ ਦੀ ਜੰਗ ਸੀ। ਇਸਦਾ ਮਤਲਬ ਹੈ ਕਿ ਅਸੀਂ ਤੀਜੀ ਸੰਸਾਰ ਸਾਮਰਾਜੀ ਜੰਗ ਦੇ ਦੂਜੇ ਪੜਾਅ ਵਿਚੋਂ ਲੰਘ ਰਹੇ ਹਾਂ। ਜਿਸ ਕਿਸਮ ਦੀਆਂ ਆਲਮੀ ਹਾਲਤਾਂ ਬਣੀਆ ਹੋਈਆ ਹਨ, ਇਹ ਜੰਗ ਕਿਸੇ ਵੇਲੇ ਵੀ ਤੀਜੇ ਪੜਾਅ ਵਿਚ ਪਹੁੰਚ ਸਕਦੀ ਹੈ। ਅਮਰੀਕੀ ਸਾਮਰਾਜੀਆਂ ਦੇ ਮੁਖ ਅਖਬਾਰ ਨਿਊਯਾਰਕ ਟਾਈਮਜ ਨੇ ਐਵੇਂ ਨਹੀਂ ਇਹ ਲਿਖਿਆ ਕਿ ਮੋਦੀ ਤ੍ਰਿਕੜੀ ਦਾ ਇਹ ਫੈਸਲਾ ਇਸ ਖੇਤਰ ਵਿਚ ਪ੍ਰਮਾਣੂ ਜੰਗ ਦਾ ਕਾਰਨ ਵੀ ਬਣ ਸਕਦਾ ਹੈ। ਜਿਹੜਾ ਪਾਕਿਸਤਾਨ ਕੁਝ ਮਹੀਨੇ ਪਹਿਲਾਂ ਚੀਨ, ਰੂਸ ਅਤੇ ਅਮਰੀਕਾ ਦੇ ਕਹਿਣ ਉਤੇ ਪੰਜਾਬ ਨਾਲ ਲਗਦੀ ਆਪਣੀ ਸਰਹਦ ਖੋਲ੍ਹਣ ਲਈ ਤਿਆਰ ਹੋ ਗਿਆ ਸੀ, ਉਸਨੇ ਇਸ ਸੀਮਾ ਰਾਹੀਂ ਹੁੰਦੇ ਸੀਮਤ ਵਾਪਾਰ ਨੂੰ ਵੀ ਬੰਦ ਕਰ ਦਿਤਾ ਹੈ।
ਇਮਰਾਨ ਖਾਨ ਦਾ ਇਹ ਬਿਆਨ ਉਸਦੇ ਮਨ ਅੰਦਰਲੀ ਭਾਵਨਾ ਨੂੰ ਪ੍ਰਗਟ ਕਰ ਰਿਹਾ ਹੈ, ਕਿ ਮੋਦੀ ਸਰਕਾਰ ਸੰਘ ਦੀ ਵਿਚਾਰਧਾਰਾ ਮੁਤਾਬਿਕ ਕੰਮ ਕਰ ਰਹੀ ਹੈ ਅਤੇ ਸੰਘ ਦੀ ਨਾਜੀ ਵਿਚਾਰਧਾਰਾ ਨੇ ਕਸ਼ਮੀਰ ਨੂੰ ਨਰਕ ਬਣਾਇਆ ਹੋਇਆ ਹੈ, ਜਿਹੜੀ ਵਿਚਾਰਧਾਰਾ ਕਸ਼ਮੀਰ ਦੀ ਮੁਸਲਿਮ ਵਸੋਂ ਨੂੰ ਜਬਰੀ ਘਟ ਗਿਣਤੀ ਵਿਚ ਬਦਲਣਾ ਚਾਹੁੰਦੀ ਹੈ। ਇਮਰਾਨ ਖਾਨ ਨੇ ਕਿਹਾ ਹੈ ਕਿ ਜਿਵੇਂ ਹਿਟਲਰ ਵਲੋਂ ਯਹੂਦੀਆਂ ਉਤੇ ਕੀਤੇ ਜਾ ਰਹੇ ਜੁਲਮਾਂ ਨੂੰ ਵੇਖ ਕੇ ਸੰਸਾਰ ਭਾਈਚਾਰੇ ਨੇ ਦੜ ਵਟ ਛਡੀ ਸੀ, ਇਸੇ ਤਰ੍ਹਾਂ ਹੁਣ ਕਸ਼ਮੀਰੀ ਲੋਕਾਂ ਉਤੇ ਹੋ ਰਹੇ ਜਬਰ ਬਾਰੇ ਸੰਸਾਰ ਭਾਈਚਾਰਾ ਚੁਪ ਹੈ, ਜਦੋਂ ਕਿ ਇਹ ਜਬਰ ਕਸ਼ਮੀਰ ਤਕ ਨਹੀਂ ਰੁਕੇਗਾ ਬਲਕਿ ਇਸ ਨਾਜੀ ਵਿਚਾਰਧਾਰਾ ਦੀ ਲਪੇਟ ਵਿਚ ਹਿੰਦੁਸਤਾਨ ਦੇ ਬਾਕੀ ਮੁਸਲਮਾਨ ਅਤੇ ਪਾਕਿਸਤਾਨ ਵੀ ਆਵੇਗਾ।
ਬੇਸ਼ਕ ਇਹ ਤ੍ਰਿਕੜੀ ਪਾਕਿਸਤਾਨ ਨੂੰ ਕੁਚਲ ਦੇਣ ਦੀਆਂ ਜਿਹੜੀਆ ਖੁਸ਼ਫਹਿਮੀਆਂ ਪਾਲ ਰਹੀ ਹੈ, ਇਸ ਦੀ ਫੂਕ ਛੇਤੀ ਹੀ ਨਿਕਲ ਜਾਵੇਗੀ। ਜੇੇ ਪਾਕਿਸਤਾਨ ਦੇ ਬਿਦੇਸ ਮੰਤਰੀ ਦਾ ਚੀਨ ਬਾਰੇ ਦਿਤਾ ਬਿਆਨ ਸਹੀ ਹੈ, ਤਾਂ ਫਿਰ ਇਹ ਮੰਨ ਲਿਆ ਜਾਣਾ ਚਾਹੀਦਾ ਹੈ ਕਿ ਇਸ ਮਸਲੇ ਉਤੇ ਚੀਨ ਪਾਕਿਸਤਾਨ ਨਾਲ ਖੜੇਗਾ। ਸੁਬਰਾਮਨੀਅਨ ਸਵਾਮੀ ਸਮੇਤ ਆਰ ਐਸ ਐਸ ਦੇ ਬ੍ਰਾਹਮਣੀ ਸਿਧਾਂਤਕਾਰਾਂ ਨੂੰ ਇਹ ਭਰਮ ਹੈ, ਕਿ ਦਰਪੇਸ਼ ਮੌਜੂਦਾ ਆਰਥਿਕ ਸੰਕਟ ਕਾਰਨ ਵਡੀ ਭਾਰਤੀ ਮੰਡੀ ਦੇ ਲਾਲਚ ਵਿਚ ਚੀਨ ਅਤੇ ਇਰਾਨ ਭਾਰਤ ਨਾਲ ਖੜਨਗੇ। ਪਰ ਜਿਵੇਂ ਅਮਰੀਕਾ ਦਾ ਚੀਨ ਅਤੇ ਇਰਾਨ ਨਾਲ ਟਕਰਾਅ ਵਧ ਰਿਹਾ ਹੈ, ਉਸ ਹਾਲਤ ਵਿਚ ਇਹਨਾਂ ਦਾ ਇਹ ਭਰਮ ਵੀ ਛੇਤੀ ਹੀ ਟੁਟ ਜਾਏਗਾ। ਇਰਾਨ ਦੇ ਧਾਰਮਿਕ ਮੁਖੀ ਨੇ ਇਹ ਬਿਆਨ ਦੇ ਕੇ ਆਪਣੀ ਪੁਜੀਸ਼ਨ ਕੁਝ ਕੁ ਸਪਸ਼ਟ ਕਰ ਦਿਤੀ ਹੈ, ਕਿ ਕਸ਼ਮੀਰ ਦਾ ਮਸਲਾ ਭਾਰਤ ਪਾਕਿਸਤਾਨ ਨੂੰ ਆਪਸ ਵਿਚ ਬੈਠ ਕੇ ਨਜਿਠ ਲੈਣਾ ਚਾਹੀਦਾ ਹੈ, ਪਰ ਨਾਲ ਹੀ ਉਸਨੇ ਇਹ ਵੀ ਕਿਹਾ ਹੈ, ਕਿ ਕਸ਼ਮੀਰੀਆਂ ਉਤੇ ਕੀਤਾ ਜਾ ਰਿਹਾ ਜੁਲਮ ਬੰਦ ਹੋਣਾ ਚਾਹੀਦਾ ਹੈ।
ਪਿਛਲੇ ਸਾਲ ਤੋਂ ਕਸ਼ਮੀਰੀ ਖਾੜਕੂਆਂ ਵਿਚਕਾਰ ਇਕ ਬੜੀ ਦਿਲਚਸਪ ਬਹਿਸ ਛਿੜੀ ਹੋਈ ਹੈ, ਜਿਹੜੀ ਹੁਣੇ ਜਿਹੇ ਵਾਪਰੀਆਂ ਘਟਨਾਵਾਂ ਕਾਰਨ ਹੋਰ ਵੀ ਤਿਖੀ ਹੋ ਜਾਣ ਦੀ ਸੰਭਾਵਨਾ ਹੈ। ਇਸਲਾਮੀ ਖਾੜਕੂਆਂ ਦੇ ਕਸ਼ਮੀਰ ਵਿਚ ਦਾਖਲੇ ਨਾਲ ਇਹ ਚਰਚਾ ਆਰੰਭ ਹੋ ਗਈ ਹੈ, ਕਿ ਕੀ ਕਸ਼ਮੀਰੀ ਮੁਸਲਮਾਨ ਧਰਤੀ ਦੇ ਟੁਕੜੇ ਭਾਵ ਕਸ਼ਮੀਰ ਦੀ ਆਜਾਦੀ ਲਈ ਲੜ ਰਹੇ ਹਨ, ਜਾਂ ਸ਼ਰਅ ਦੇ ਅਸੂਲਾਂ ਨੂੰ ਕਸ਼ਮੀਰ ਵਿਚ ਲਾਗੂ ਕਰਵਾਉਣ ਲਈ ਲੜ ਰਹੇ ਹਨ। ਸਤਹੀ ਪਧਰ ਉਤੇ ਇਕੋ ਜਿਹੀਆ ਜਾਪਦੀਆ ਇਹਨਾਂ ਦੋਹਾਂ ਧਾਰਨਾਵਾਂ ਵਿਚ ਜਿੰਮੀ ਅਸਮਾਨ ਦਾ ਅੰਤਰ ਹੈ। ਧਰਤੀ ਦੇ ਟੁਕੜੇ ਲਈ ਲੜਨ ਦਾ ਭਾਵ ਆਰਥਿਕ ਮੰਗਾਂ ਜਾਂ ਆਪਣੀਆ ਪਦਾਰਥਕ ਸਹੂਲਤਾਂ ਲਈ ਲੜਨਾ ਹੈ, ਜਦੋਂ ਕਿ ਸ਼ਰਅ ਲਈ ਲੜਨ ਦਾ ਭਾਵ ਬਿਨਾਂ ਕਿਸੇ ਜਾਤੀ ਗਰਜ ਦੇ ਇਸਲਾਮ ਦੇ ਸਰਬ-ਵਿਆਪੀ ਸਮਾਜੀ ਅਸੂਲਾਂ ਲਈ ਲੜਨਾ ਹੈ। ਇਸਲਾਮੀ ਖਾੜਕੂਆਂ ਦਾ ਮੰਨਣਾ ਹੈ ਕਿ ਜੇਹਾਦ ਸ਼ਰਅ ਵਾਸਤੇ ਲੜਨ ਲਈ ਪ੍ਰੇਰਦਾ ਹੈ। ਜੇ ਇਹ ਲੜਾਈ ਸ਼ਰਅ ਦੇ ਸਿਧਾਂਤਾਂ ਉਤੇ ਕੇਂਦਰਿਤ ਹੋ ਜਾਂਦੀ ਹੈ, ਤਾਂ ਇਹ ਸੰਘਰਸ਼ ਦਹਾਕਿਆਂ ਤਕ ਚਲ ਸਕਦਾ ਹੈ, ਕਿਉਂਕਿ ਇਸਲਾਮ ਵਰਗਾ ਇਨਕਲਾਬੀ ਧਰਮ ਜੇਹਾਦ ਦੇ ਨਾਂ ਉਤੇ ਇਸ ਸੰਘਰਸ਼ ਦੀ ਪੁਸ਼ਟੀ ਕਰਦਾ ਹੈ।

  • 91
  •  
  •  
  •  
  •