“ਸਫੈਦੀਕਰਨ” ਸਿੱਖ ਫਲਸਫੇ ਤੇ ਪ੍ਰੰਪਰਾਵਾਂ ਉਤੇ ਪੋਚਾ ਫੇਰਨਾ ਹੈ

ਸੁਲਤਾਨਪੁਰ ਲੋਧੀ ਵਾਸੀ ਪਾਖੰਡਵਾਦ ਦਾ ਬਾਈਕਾਟ ਕਰਨ – ਅਪੀਲ

ਸੁਲਤਾਨਪੁਰ ਲੋਧੀ ਵਾਸੀ ਪਾਖੰਡਵਾਦ ਦਾ ਬਾਈਕਾਟ ਕਰਨ – ਅਪੀਲ
ਚੰਡੀਗੜ੍ਹ, 6 ਸਤੰਬਰ (2019): ਸਿੱਖ ਚਿੰਤਕਾਂ ਨੇ ਅੱਜ ਬਾਦਲ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਨਾਨਕ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਸੁਲਤਾਨਪਰ ਲੋਧੀ ਕਸਬੇ ਨੂੰ ‘ਸਫੈਦ ਸ਼ਹਿਰ’ ਬਣਾਉਣ ਲਈ ਵਿੱਢੀ ਮੁੰਹਿੰਮ ਦੀ ਜ਼ੋਰਦਾਰ ਨਿਖੇਧੀ ਕੀਤੀ ਅਤੇ ਕਿਹਾ ਕਿ ਅਸਲ ਵਿਚ ਬਾਦਲ ਅਕਾਲੀ ਦਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਆਪਣੇ ਹੋਰ ਸਿੱਖ ਵਿਰੋਧੀ ਕਾਲੇ ਕਾਰਨਾਮਿਆਂ ਉਤੇ ਸਫੈਦੀ ਫੇਰਨ ਦੀ ਪ੍ਰਕਿਰਿਆ ਵਿੱਢ ਰਿਹਾ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਤੇ ਕਾਬਜ਼ ਬਾਦਲਕੇ ਆਰ ਐਸ ਐਸ ਅਤੇ ਸੰਘ ਪਰਿਵਾਰ ਦੀ ਭਗਵਾਂਕਰਨ ਦੀ ਮੁਹਿੰਮ ਦੀ ਤਰਜ਼ ਉਤੇ ਚਲਦਿਆਂ ਭਿੰਨਤਾ ਅਤੇ ਬਹੁਲਤਾਵਾਦ ਵਾਲੇ ਸਿੱਖ ਫਲਸਫੇ ਅਤੇ ਪ੍ਰੰਪਰਾਵਾਂ ਉਤੇ ਸਫੈਦ ਪੋਚਾ ਫੇਰ ਕੇ ਗੈਰ-ਕੁਦਰਤੀ ਇਕਸਾਰਤਾ ਲਿਆਉਣਾ ਚਾਹੁੰਦਾ ਹੈ।
ਕੱਲ੍ਹ (5 ਸਤੰਬਰ ਨੂੰ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਸੰਚਾਲਤ ਇਤਿਹਾਸਕ ਗੁਰਦੁਆਰਾ ਬੇਰ ਸਾਹਿਬ ਵਿਚ ਪਾਠ ਦੇ ਭੋਗ ਉਪਰੰਤ ਬਾਦਲ ਅਕਾਲੀ ਦਲ ਨੂੰ ਸਫੈਦੀਕਰਨ ਦੀ ਜ਼ਿੰਮੇਵਾਰੀ ਸੌਂਪਣਾ ਹਾਸੋਹੀਣਾ ਕਾਰਨਾਮਾ ਹੈ, ਕਿਉਂਕਿ ਇਹ ਪਾਰਟੀ ਬਰਗਾੜੀ ਬੇਅਦਬੀ ਕਾਂਡ ਦੀ ਦੋਸ਼ੀ ਹੈ ਅਤੇ ਇਹ ਮੋਦੀ ਸਰਕਾਰ ਦੀ ਮੱਦਦ ਲੈ ਕੇ ਆਪਣੇ ਪਾਪਾਂ ਉਤੇ ਪਰਦਾਪੋਸ਼ੀ ਕਰਨ ਲਈ ਲਗਾਤਾਰ ਸਿਆਸੀ ਪਾਪੜ ਵੇਲ ਰਹੀ ਹੈ। ਬਰਗਾੜੀ ਬੇਅਦਬੀ ਘਟਨਾਵਾਂ ਦੀ ਇਖਲਾਕੀ ਜ਼ਿੰਮੇਵਾਰੀ ਤੋਂ ਇਨਕਾਰੀ ਹੋ ਕੇ ਬਾਦਲਕੇ ਸਮਝਦੇ ਹਨ ਕਿ ਉਹ ਅਜਿਹੀ ਸਫੈਦੀਕਰਨ ਦੀ ਮੁਹਿੰਮ ਨਾਲ ਸਿੱਖ ਸਮਾਜ ਨੂੰ ਬੁੱਧੂ ਬਣਾ ਸਕਦੇ ਹਨ।
ਪਹਿਲਾਂ 1999 ਵਿਚ ਖਾਲਸਾ ਸਾਜਨਾ ਦੀ 300 ਸਾਲਾ ਸ਼ਤਾਬਦੀ ਦੇ ਮੌਕੇ ਬਾਦਲਕਿਆਂ ਨੇ ਅਨੰਦਪੁਰ ਸਾਹਿਬ ਸ਼ਹਿਰ ਨੂੰ ਸਫੈਦੀ ਕਰਨ ਦਾ ਅਜਿਹਾ ਹੀ ਆਡੰਬਰ ਰਚਿਆ ਸੀ, ਜਿਸ ਰਾਹੀਂ ਉਨ੍ਹਾਂ ਨੇ ਸਿੱਖ ਫਲਸਫੇ ਨੂੰ ਵਿਗਾੜਿਆ ਅਤੇ ਆਰ ਐਸ ਐਸ ਤੇ ਹਿੰਦੂਤਵੀ ਜਥਿਆਂ ਦੀ ਵੱਡੇ ਪੱਧਰ ਉਤੇ ਜ਼ਾਹਰਾ ਸ਼ਮੂਲੀਅਤ ਕਰਵਾਈ ਸੀ। ਹੈਰਾਨੀ ਹੈ ਕਿ ਸ਼੍ਰੋਮਣੀ ਕਮੇਟੀ ਵੀ ਬੇਖਬਰ ਹੈ ਕਿ ਸੁਲਤਾਨਪੁਰ ਲੋਧੀ ਨੂੰ ਨਿਰੋਲ ਚਿੱਟੇ ਰੰਗ ਵਿਚ ਰੰਗਣਾ ਗੁਰਮਤਿ ਸਿਧਾਂਤ ਦੇ ਉਲਟ ਹੈ। ਸਿੱਖ ਧਰਮ ਵੰਨ-ਸੁਵੰਨਤਾ ਅਤੇ ਸਮੂਹ ਰੰਗਾਂ ਰੂਪੀ ਕੁਦਰਤੀ ਗੁਲਦਸਤੇ ਦਾ ਲਖਾਇਕ ਹੈ ਅਤੇ ਸਫੈਦ ਰੰਗ ਦਾ ਸਿੱਖ ਫਲਸਫੇ ਅਤੇ ਹਿਸਟਰੀ ਨਾਲ ਕੋਈ ਸਬੰਧ ਨਹੀਂ। ਸਿੱਖੀ ਨੂੰ ਕਿਸੇ ਵੀ ਰੰਗ ਨਾਲ ਪਿਆਰ ਨਹੀਂ, ਨਾ ਹੀ ਦੂਜੇ ਕਿਸੇ ਰੰਗ ਨਾਲ ਘ੍ਰਿਣਾ, ਜਿਵੇਂ ਕਿ ਦੂਸਰੇ ਕਈ ਵੱਡੇ ਧਰਮਾਂ ਵਿਚ ਅਜਿਹਾ ਅਮਲ ਪ੍ਰਚੱਲਤ ਹੈ।
ਸਿੱਖ ਧਰਮ ਇਕਸਾਰਤਾ ਦਾ ਨਹੀਂ, ਇਕਸੁਰਤਾ ਦਾ ਪੈਰੋਕਾਰ ਹੈ: “ਕੁਦਰਤਿ ਵਰਤੈ ਰੂਪ ਅਰ ਰੰਗਾ”, “ਅਨਿਕ ਰੂਪ ਖਿਨ ਮਾਹਿ ਕੁਦਰਤਿ ਧਾਰਦਾ” ਅਤੇ “ਅਨਿਕ ਭਾਂਤ ਹੋਇ ਪਸਰਿਆ ਨਾਨਕ ਏਕੰਕਾਰ”। ਇਕ ਰੰਗ ਵਿਚ ਰੰਗਣਾ ਪੱਛਮੀ ਸਾਮਰਾਜੀ ਬਿਰਤੀ ਦਾ ਚਿੰਨ੍ਹ ਹੈ। ਧੱਕੇ ਨਾਲ ਹਰ ਵੱਖਰੀ ਹਸਤੀ ਨੂੰ ਮਿਟਾ ਕੇ ਆਪਣੇ ਰੰਗ ਵਿਚ ਰੰਗਣਾ ਹੀ ਵਿਸ਼ਵੀਕਰਣ ਰਾਹੀਂ ਸਾਮਰਾਜੀ ਧੱਕੇਸ਼ਾਹੀ ਕਰਨ ਦਾ ਨਮੂਨਾ ਹੈ, ਜਿਸਦਾ ਦੁਨੀਆਂ ਦਾ ਹਰ ਭਾਈਚਾਰਾ ਵਿਰੋਧ ਕਰ ਰਿਹਾ ਹੈ।
ਸਿੱਖ ਬੁੱਧੀਜੀਵੀਆਂ ਨੇ ਕਿਹਾ ਕਿ ਅਜਿਹੀ ਫੋਕੀ ਅਤੇ ਸਿੱਖ ਵਿਰੋਧੀ ਪ੍ਰਕਿਰਿਆ ਰਾਹੀਂ ਬਾਦਲਕੇ ਸਿੱਖਾਂ ਅੰਦਰ ਮੁੜ ਆਪਣੀ ਸ਼ਾਖ ਜਮਾਉਣਾ ਚਾਹੁੰਦੇ ਹਨ। ਅਜਿਹੀ ਫ਼ਜ਼ੂਲ ਅਤੇ ਮਹਿੰਗੀ ਪ੍ਰਕਿਰਿਆ ਨਾਲੋਂ ਗੁਰੂ ਨਾਨਕ ਦੇ ਵਿਲੱਖਣ ਸਿਧਾਂਤ ਉਤੇ ਉੱਸਰੀ ਵਿਲੱਖਣ ਪਹਿਚਾਣ ਨੂੰ ਮਜ਼ਬੂਤ ਕਰਨ ਦੀ ਕਾਰਵਾਈ ਹੋਣੀ ਚਾਹੀਦੀ ਹੈ। ਹੜ੍ਹ ਪੀੜਤਾਂ, ਗਰੀਬਾਂ ਅਤੇ ਦੁਖਿਆਰਿਆਂ ਦੀ ਮੱਦਦ ਵਿਚ ਨਿੱਤਰਨਾ ਹੀ 550 ਸਾਲਾ ਪ੍ਰਕਾਸ਼ ਦਿਵਸ ਮਨਾਉਣ ਪ੍ਰਤੀ ਠੋਸ ਕਾਰਵਾਈ ਹੋਵੇਗੀ।
ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਸੱਦੇ ਉਤੇ ਇਕੱਠੇ ਹੋਏ ਸਿੱਖ ਚਿੰਤਕਾਂ ਨੇ ਸੁਲਤਾਨਪੁਰ ਲੋਧੀ ਵਾਸੀਆਂ ਨੂੰ ਅਪੀਲ ਕੀਤੀ ਕਿ ਸਫੈਦੀਕਰਨ ਦਾ ਬਾਈਕਾਟ ਕਰਨ ਅਤੇ ਬਾਦਲਕਿਆਂ ਦੇ ਸਿਆਸੀ ਮਨਸੂਬਿਆਂ ਦਾ ਪਰਦਾਫਾਸ਼ ਕਰਨ।
ਇਸ ਮੌਕੇ ਪ੍ਰੋਫੈਸਰ ਆਫ ਸਿੱਖਿਜ਼ਮ ਸ. ਗੁਰਤੇਜ ਸਿੰਘ ਸਾਬਕਾ ਆਈ ਏ ਐਸ, ਡਾ. ਗੁਰਦਰਸ਼ਨ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ ਪ੍ਰਧਾਨ ਇੰਸਟੀਚਿਊਟ ਸਿੱਖ ਸਟੱਡੀਜ਼, ਗੁਰਬਚਨ ਸਿੰਘ ਆਡੀਟਰ ਦੇਸ਼ ਪੰਜਾਬ, ਜਸਪਾਲ ਸਿੰਘ ਸਿੱਧੂ ਪੱਤਰਕਾਰ, ਡਾ. ਖੁਸ਼ਹਾਲ ਸਿੰਘ ਅਤੇ ਸੁਰਿੰਦਰ ਸਿੰਘ ਕਿਸ਼ਨਪੁਰਾ ਆਦਿ ਹਾਜ਼ਰ ਸਨ।

  • 102
  •  
  •  
  •  
  •