ਨਕੋਦਰ ਸਾਕੇ ਦੇ ਸ਼ਹੀਦ ਰਵਿੰਦਰ ਸਿੰਘ ਦੇ ਬਾਪ ਨੇ ਜਥੇਦਾਰ ਨੂੰ ਦਿੱਤਾ ਯਾਦ ਪੱਤਰ

ਅੰਮ੍ਰਿਤਸਰ: ਅੱਜ ਮਿਤੀ 13 ਮਾਰਚ 2020 ਨੂੰ ਬਾਪੂ ਬਲਦੇਵ ਸਿੰਘ ਜੀ ਪਿਤਾ ਸ਼ਹੀਦ ਭਾਈ ਰਵਿੰਦਰ ਸਿੰਘ ਜੀ ਲਿੱਤਰਾਂ ਵਲੋਂ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸ੍ਰੀ ਅਕਾਲ ਤਖਤ ਦੀ ਸਕੱਤਰੇਤ ਵਿਖੇ ਮਿਲਕੇ ਸਾਕਾ ਨਕੋਦਰ ਦੇ ਇਨਸਾਫ ਲਈ ਯਾਦ ਪੱਤਰ ਦਿੱਤਾ। ਬਾਪੂ ਬਲਦੇਵ ਸਿੰਘ ਨੇ ਸਾਕਾ ਨਕੋਦਰ ਸੰਬੰਧੀ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਵੱਲੋਂ ਕੀਤੀ ਜਾਂਚ ਦੀ ਰਿਪੋਰਟ ਦਾ ਪਹਿਲਾ ਭਾਗ ਅਤੇ ਮਨੁੱਖੀ ਅਧਿਕਾਰ ਸਭਾ (ਪੰਜਾਬ) ਵੱਲੋਂ ਕੀਤੀ ਜਾਂਚ ਦੀ ਰਿਪੋਰਟ ਵੀ ਗਿਆਨੀ ਹਰਪ੍ਰੀਤ ਸਿੰਘ ਨੂੰ ਸੌਂਪੀ ਗਈ।
ਬਾਪੂ ਬਲਦੇਵ ਸਿੰਘ ਨੇ ਸ. ਗੁਰਚਰਨ ਸਿੰਘ ਟੌਹੜਾ ਵਲੋਂ ਤਤਕਾਲੀ ਮੀਤ ਪ੍ਰਧਾਨ ਕਾਬਲ ਸਿੰਘ ਅਤੇ ਸ. ਕੁਲਦੀਪ ਸਿੰਘ ਵਡਾਲਾ ਦੀ ਅਗਵਾਈ ਵਿਚ ਬਣਾਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਿਕ ਜਾਂਚ ਕਮੇਟੀ (ਸ਼੍ਰੋ.ਗੁ.ਪ੍ਰ.ਕ.) ਦੀਆਂ 1986 ਦੇ ਅਖਬਾਰਾਂ ਦੀਆਂ ਰਿਪੋਰਟਾਂ ਵੀ ਗਿਆਨੀ ਹਰਪ੍ਰੀਤ ਸਿੰਘ ਨੂੰ ਦਿੱਤੀਆਂ ਅਤੇ ਮੰਗ ਕੀਤੀ ਕਿ ਸ਼੍ਰੋ.ਗੁ.ਪ੍ਰ.ਕ. ਦੇ ਰਿਕਾਰਡ ਖੰਗਾਲਕੇ ਪਰਿਵਾਰਾਂ ਨੂੰ ਉਸ ਰਿਪੋਰਟ ਦੀ ਕਾਪੀ ਦਿੱਤੀ ਜਾਵੇ।
ਇਹ ਵੀ ਵਰਨਣਯੋਗ ਹੈ ਕਿ ਸਾਕਾ ਨਕੋਦਰ ਨੂੰ ਵਾਪਰਿਆਂ 34 ਸਾਲ ਬੀਤ ਚੁੱਕੇ ਹਨ। 4 ਫਰਵਰੀ 1986 ਨੂੰ ਪੰਜਾਬ ਪੁਲਿਸ ਨੇ ਨਕੋਦਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿਰੁੱਧ ਰੋਸ ਕਰ ਰਹੇ ਸਿੱਖਾਂ ਦੇ ਇੱਕ ਸ਼ਾਂਤਮਈ ਕਾਫਿਲੇ ਉੱਪਰ ਗੋਲੀਆਂ ਚਲਾ ਕੇ ਚਾਰ ਸਿੱਖ ਨੌਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਸੀ।

  • 98
  •  
  •  
  •  
  •