ਨਿਰਭਯਾ ਕਾਂਡ 2012: ਚਾਰ ਦੋਸ਼ੀਆਂ ਨੂੰ ਭਲਕੇ ਹੋਵੇਗੀ ਫਾਂਸੀ

16 ਦਸੰਬਰ 2012 ਦੀ ਰਾਤ ਨਿਰਭਯਾ ਕਾਂਡ ਨੂੰ ਵਾਪਰੇ ਅੱਜ 7 ਸਾਲ 3 ਮਹੀਨੇ ਅਤੇ 3 ਦਿਨ ਹੋ ਚੁੱਕੇ ਹਨ। ਨਿਰਭਯਾ ਬਲਾਤਕਾਰ ਅਤੇ ਕਤਲ ਦੇ ਦੋਸ਼ੀਆਂ ਨੂੰ ਭਲਕੇ ਸ਼ੁੱਕਰਵਾਰ ਸਵੇਰੇ 5.30 ਵਜੇ ਫਾਂਸੀ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਨਿਰਭਯਾ ਦੇ ਤਿੰਨ ਦੋਸ਼ੀਆਂ ਨੇ ਆਖਰੀ ਵਾਰ ਆਪਣੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਸ਼ੀਆਂ ਦੇ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਇੱਕ ਬੰਦ ਕਮਰੇ ਵਿੱਚ ਮਿਲੇ। ਹਾਲਾਂਕਿ ਦੋਸ਼ੀ ਅਕਸ਼ੇ ਦੇ ਪਰਿਵਾਰਕ ਮੈਂਬਰ ਉਸ ਨੂੰ ਮਿਲਣ ਲਈ ਜੇਲ ਨਹੀਂ ਪਹੁੰਚੇ।
ਅਦਾਲਤ ਨੇ ਬੀਤੀ 5 ਮਾਰਚ ਨੂੰ ਚਾਰ ਦੋਸ਼ੀਆਂ ਮੁਕੇਸ਼ ਕੁਮਾਰ ਸਿੰਘ, ਪਵਨ ਗੁਪਤਾ, ਵਿਨੇ ਅਤੇ ਅਕਸ਼ੇ ਕੁਮਾਰ ਵਿਰੁੱਧ ਚੌਥੀ ਵਾਰ ਨਵਾਂ ਮੌਤ ਦਾ ਵਾਰੰਟ ਜਾਰੀ ਕੀਤਾ ਸੀ। ਇਸ ਤੋਂ ਪਹਿਲਾਂ ਅਦਾਲਤ ਵੱਲੋਂ 22 ਜਨਵਰੀ, 1 ਫ਼ਰਵਰੀ ਅਤੇ 3 ਮਾਰਚ ਨੂੰ ਵੀ ਤਿੰਨ ਡੈੱਥ–ਵਾਰੰਟ ਜਾਰੀ ਹੋ ਚੁੱਕੇ ਹਨ ਪਰ ਹਰ ਵਾਰ ਉਹ ਕਾਨੁੰਨੀ ਕਾਰਨਾਂ ਤੇ ਦੋਸ਼ੀਆਂ ਦੀਆਂ ਅਪੀਲਾਂ ਕਾਰਨ ਰੱਦ ਹੁੰਦੇ ਰਹੇ ਹਨ।
ਜਿਕਰਯੋਗ ਹੈ ਕਿ ਇਸ ਮਾਮਲੇ ਦੇ ਇੱਕ ਦੋਸ਼ੀ ਰਾਮ ਸਿੰਘ ਨੇ ਇੱਥੇ ਤਿਹਾੜ ਜੇਲ੍ਹ ਵਿੱਚ ਕਥਿਤ ਤੌਰ ’ਤੇ ਖ਼ੁਦਕੁਸ਼ੀ ਕਰ ਲਈ ਸੀ। ਇੱਕ ਹੋਰ ਮੁਲਜ਼ਮ ਉਦੋਂ ਨਾਬਾਲਗ਼ ਸੀ ਤੇ ਉਸ ਨੂੰ ਜੁਵੇਨਾਇਲ ਜਸਟਿਸ ਬੋਰਡ ਨੇ ਦੋਸ਼ੀ ਠਹਿਰਾਇਆ ਸੀ। ਉਸ ਨੂੰ ਤਿੰਨ ਵਰ੍ਹੇ ਬਾਲ ਸੁਧਾਰ ਗ੍ਰਹਿ ਵਿੱਚ ਰੱਖਣ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ ਸੀ।

  • 111
  •  
  •  
  •  
  •