ਕੋਵਿਡ-19 (ਕਰੋਨਾ ਵਾਇਰਸ) ਦੀ ਮਹਾਮਾਰੀ ਫੈਲਾਉਣ ਲਈ ਜ਼ਿੰਮੇਵਾਰ ਕੌਣ…?

ਡਾ. ਮਨਜੀਤ ਸਿੰਘ ਬੱਲ

ਕਰੋਨਾ ਵਾਇਰਸ ਜਿਨ੍ਹੇ ਸਾਰੀ ਦੁਨੀਆਂ ’ਚ ਤਰਥੱਲੀ ਮਚਾਈ ਹੋਈ ਹੈ, ਦੇ ਬਾਰੇ ਤਾਂ 1960 ਤੋਂ ਹੀ ਪਤਾ ਹੈ । ‘ਕਰੋਨਾ’ ਇਕ ਗਰੁੱਪ ਦਾ ਨਾਂ ਹੈ ਜਿਹਦੇ ਅਧੀਨ ਕਈ ਕਿਸਮਾਂ ਹਨ। ਆਮ ਤੌਰ ’ਤੇ ਇਹ ਜਾਨਵਰਾਂ ਵਿਚ ਹੀ ਹੁੰਦਾ ਹੈ ਜਿਵੇਂ ਚਮਗਿੱਦੜਾਂ, ਬਿੱਲੀਆਂ,ਕੁੱਤਿਆਂ, ਸੱਪਾਂ, ਊਠਾਂ, ਖੋਤਿਆਂ, ਘੋੜਿਆਂ, ਕੋਹੜ ਕਿਰਲੀਆਂ ਤੇ ਹੋਰ ਦੁੱਧ ਦੇਣ ਵਾਲੇ ਜਾਨਵਰਾਂ ’ਚ ਹੁੰਦਾ ਹੈ।ਇਹ ਇਕ ਬਹੁਤ ਹੀ ਛੋਟਾ ਵਿਸ਼ਾਣੂ ਹੈ ਜੋ ਸਿਰਫ 120 ਨੈਨੋਮੀਟਰ ਸਾਇਜ਼ ਦਾ ਹੁੰਦਾ ਹੈ (ਇਕ ਮਿਲੀਮੀਟਰ=ਦਸ ਲੱਖ ਨੈਨੋ ਮੀਟਰ); ਸੋ ਇਹ ਵਾਇਰਸ ਆਮ ਖ਼ੁਰਦਬੀਨ ਨਾਲ ਨਹੀਂ ਸਿਰਫ ਇਲੈਕਟਰੋਨ ਮਾਈਕਰੋਸਕੋਪ ਨਾਲ ਹੀ ਵੇਖਿਆ ਜਾ ਸਕਦਾ । ਇਹਦਾ ਨਾਂ ‘ਕੋਰੋਨਾ’ ਇਸ ਕਰਕੇ ਪਿਆ ਕਿਉਂਕਿ ਇਹਦੇ ਬਾਹਰਲੇ ਤਲ ਉਤੇ ਕਰਾਊਨ ਜਾਂ ਤਾਜ ਵਾਗੂੰ, ਤੱਕਲੇ ਜਿਹੇ ਨਿਕਲੇ ਹੁੰਦੇ ਨੇ ।

ਭਾਜੜਾਂ ਪਾਉਣ ਵਾਲੇ ਨੋਵੈਲ ਕੋਰੋਨਾ-19 ਦੀ ਗੱਲ ਕਰੀਏ ਤਾਂ ਅਸੀਂ ਜਾਣਦੇ ਹੀ ਹਾਂ ਕਿ ਚੀਨ ਵਾਲੇ ਕੋਈ ਡੱਡੀ-ਮੱਛੀ,ਕੁੱਤਾ-ਬਿੱਲੀ, ਕੀੜੇ-ਮਕੌੜੇ ਨਹੀਂ ਛੱਡਦੇ, ਤੇ ਹਰ ਤਰ੍ਹਾਂ ਦੇ ਸਮੁੰਦਰੀ ਜਾਨਵਰ ਵੀ ਛਕ ਜਾਂਦੇ ਹਨ । ਵਟਸਐਪ ’ਤੇ ਵਾਇਰਲ ਹੋਈ ਵੁਹਾਨ ਸ਼ਹਿਰ ਦੀ ਮੀਟ ਵਾਲੀ ਮਾਰਕੀਟ ਵੀ ਤੁਸਾਂ ਵੇਖੀ ਹੋਣੀ ਏ ਜਿਹਦੇ ’ਚ ਜਿਊਂਦੇ ਸੱਪਾਂ ਨੂੰ ਫਰਾਈ ਕੀਤਾ ਜਾ ਰਿਹਾ ਸੀ ਤੇ ਮੰਡੀ ’ਚ ਹਰ ਛੋਟੇ ਵੱਡੇ ਜਾਨਵਰ ਦਾ ਮਾਸ ਵਿਕ ਰਿਹਾ ਸੀ। ਦਸੰਬਰ 2019 ਵਿਚ ਚੀਨ ਦੇ ਇਸੇ ਸ਼ਹਿਰ ’ਚ, ਕਰੋਨਾ ਵਾਇਰਸ ਨੇ ਜਾਨਵਰਾਂ ’ਚੋਂ ਨਿੱਕਲ ਕੇ ਮਨੁੱਖਾਂ ਦੇ ਸਰੀਰ ’ਚ ਆਪਣੀ ਪਹੁੰਚ ਬਣਾ ਲਈ ਤੇ ਸਾਹ ਪ੍ਰਣਾਲੀ ਦਾ ਗੰਭੀਰ ਰੋਗ ਪੈਦਾ ਕਰ ਦਿੱਤਾ।

ਸਭ ਤੋਂ ਪਹਿਲਾਂ 30 ਦਸੰਬਰ 2019 ਨੂੰ ਇਸੇ ਵੁਹਾਨ ਸ਼ਹਿਰ ਦੇ 34 ਸਾਲਾ ਅੱਖਾਂ ਦੇ ਡਾਕਟਰ, ਡਾ. ਲੀ ਵੈਨਲਿਆਂਗ ਨੇ ਸੋਸ਼ਲ ਮੀਡੀਆ ’ਤੇ ਆਪਣੇ ਡਾਕਟਰ ਦੋਸਤਾਂ ਨਾਲ ਇਕ ਪੋਸਟ ਸ਼ੇਅਰ ਕੀਤੀ ਕਿ ‘ਮੀਟ ਮਾਰਕੀਟ ’ਚੋਂ ਸੀ-ਫੂਡ ਖਾਣ ਵਾਲੇ ਸੱਤ ਮਰੀਜ਼, ਹਸਪਤਾਲ ’ਚ ਦਾਖ਼ਲ ਕੀਤੇ ਗਏ ਨੇ ਜਿਹਨਾਂ ਵਿਚ, ਸਾਰਸ ਰੋਗ ਵਰਗੇ ਲੱਛਣ (ਸਾਹ ਲੈਣ ’ਚ ਤਕਲੀਫ ਤੇ ਨਿਮੋਨੀਆਂ) ਪਾਏ ਗਏ ਹਨ, ਇਹ ਇਕ ਗੰਭੀਰਰੋਗ ਦਾ ਸੰਕੇਤ ਹੈ”। ਇਸ ਡਾਕਟਰ ਨੇ ਤਾਂ ਐਸੇ ਗੰਭੀਰ ਰੋਗ ਤੇ ਇਸ ਦੇ ਸੰਭਾਵਤ ਖ਼ਤਰੇ ਬਾਰੇ ਸਭ ਤੋਂ ਪਹਿਲਾਂ ਖ਼ੁਲਾਸਾ ਕੀਤਾ ਸੀ, ਉਸਨੂੰ ਸ਼ਾਬਾਸ਼ ਦੇਣੀ ਚਾਹੀਦੀ ਸੀ ਪਰ ਇਸ ਦੇ ਉਲਟ ਉਹਦੇ ’ਤੇ ਇਲਜ਼ਾਮ ਲਗਾ ਦਿੱਤਾ ਗਿਆ ਕਿ ਉਸਨੇ ਅਫਵਾਹ ਫੈਲਾਈ ਹੈ, ਜਿਸ ਨਾਲ ਸੰਸਾਰ ਵਿਚ ਦੇਸ਼ (ਚੀਨ) ਦੀ ਬਦਨਾਮੀ ਹੁੰਦੀ ਹੈ । ਡਾ. ਲੀ ਵੈਨਲਿਆਂਗ ਨੇ, ਇਹ ਚੇਤਾਵਨੀ ਟੈਸਟ ਰਾਹੀਂ ਕਨਫਰਮ ਕਰ ਕੇ ਦਿੱਤੀ ਸੀ ਕਿ ਇਹ ਕਰੋਨਾ ਵਾਇਰਸ ਪਰਿਵਾਰ ਨਾਲ ਸਬੰਧਤ ਇਨਫੈਕਸ਼ਨ ਹੈ । ਇਸ ਤੋਂ ਪਹਿਲਾਂ ਸੰਨ 2003 ਵਿਚ ਵੀ, ਦੱਖਣੀ ਚੀਨ ਵਿਚ ਸਾਹ ਪ੍ਰਣਾਲੀ ਦੇ ਰੋਗ ਸਾਰਸ ਨੇ ’ਚ ਬੜਾ ਭਿਆਨਕ ਰੂਪ ਧਾਰਨ ਕੀਤਾ ਸੀ, ਜਿਹਦੇ ਨਾਲ 8000 ਲੋਕ ਬਿਮਾਰ ਹੋਏ ਸਨ ਤੇ 17 ਦੇਸ਼ਾਂ ਵਿਚ 774 ਮੌਤਾਂ ਹੋ ਗਈਆਂ ਸਨ । ਡਾ. ਵੈਨਲਿਆਂਗ ਨੇ ਤਾਂ ਸੋਸ਼ਲ ਮੀਡੀਆ ’ਤੇ ਆਪਣੇ ਦੋਸਤਾਂ ਮਿੱਤਰਾਂ ਤੇ ਰਿਸ਼ਤੇਦਾਰਾਂ ਦਾ ਖਿਆਲ ਰੱਖਣ ਲਈ ਕਿਹਾ ਸੀ, ਪਰ ਇਹ ਸੁਨੇਹਾਂ ਜੰਗਲ ਦੀ ਅੱਗ ਵਾਂਗ ਫੈਲ ਗਿਆ। ਇਸ ਡਾਕਟਰ ਦਾ ਨਾਂ ਬਹੁਤ ਲੋਕਾਂ ’ਚ ਫੈਲ ਗਿਆ।

ਸੀ.ਐਨ.ਐਨ. ਚੈਨਲ ਨੇ ਦੱਸਿਆ ਕਿ ਵੈਨਲਿਆਂਗ ਕਹਿ ਰਿਹਾ ਹੈ, ”ਇਸ ਰੋਗ ਬਾਰੇ ਚੇਤਾਵਨੀ ਸਬੰਧੀ ਮੇਰਾ ਨਾਮ ਬਹੁਤ ਘੁੰਮ ਰਿਹਾ ਹੈ ਜੋ ਮੇਰੇ ਕੰਟਰੋਲ ਤੋਂ ਬਾਹਰ ਹੋ ਗਿਐ, ਲਗਦੈ ਕਿ ਇਸ ਸਬੰਧੀ ਮੈਨੂੰ ਕੋਈ ਸਜ਼ਾ ਦਿੱਤੀ ਜਾਵੇਗੀ”, ਤੇ ਇਦਾਂ ਹੀ ਹੋਇਆ। ਤਿੰਨ ਜਨਵਰੀ 2020 ਨੂੰ ਪ੍ਰਸਾਸ਼ਨ ਦਵਾਰਾ ਡਾ. ਵੈਨਲਿਆਂਗ ਤੇ ਉਹਦੇ ਸੱਤ ਡਾਕਟਰ ਦੋਸਤਾਂ ਨੂੰ ‘ਅਫਵਾਹ’ ਫੈਲਾਉਣ ਦੇ ਜੁਰਮ ’ਚ ਦੋਸ਼ੀ ਬਣਾਇਆ ਗਿਆ ਤੇ ਹਲ਼ਫਨਾਮਾ ਲੈ ਕੇ ਮੁਆਫੀ ਮੰਗਵਾਈ ਗਈ,’ਮੈˆ ਦੋਸ਼ੀ ਹਾਂ, ਐਸਾ ‘ਜੁਰਮ’ ਮੈˆ ਦੁਬਾਰਾ ਨਹੀਂ ਕਰਾਂਗਾ ਤੇ ਫੇਰ ਕਦੀ ਵੀ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿਚ ਸ਼ਾਮਲ ਨਹੀਂ ਹੋਵਾਂਗਾ”। ਜੁਰਮ ਇਹੀ ਸੀ ਕਿ ਉਸਨੇ ਦੁਨੀਆਂ ਨੂੰ ਚੇਤਾਵਨੀ ਦਿੱਤੀ ਸੀ ਕਿ ਕੋਰੋਨਾ ਵਾਇਰਸ ਪਰਿਵਾਰ ਨਾਲ ਸਾਹ ਪ੍ਰਣਾਲੀ ਦਾ ਗੰਭੀਰ ਰੋਗ ਹੋ ਰਿਹਾ ਹੈ।

ਡਾ. ਵੈਨਲਿਆਂਗ ਦੀ ਮੁਸੀਬਤ ਇੱਥੇ ਹੀ ਖਤਮ ਨਹੀਂ ਹੋਈ । ਉਹ ਆਪਣੀ ਡਿਊਟੀ ’ਤੇ ਪਰਤ ਆਇਆ ਤੇ ਇਸੇ ਵਾਇਰਸ ਦੇ ਇਕ ਮਰੀਜ਼ ਦਾ ਇਲਾਜ ਕਰਦਿਆਂ ਉਹਨੂੰ ਉਹਨੂੰ ਖੁਦ ਨੂੰ ਕੋਰੋਨਾ ਇਨਫੈਕਸ਼ਨ ਹੋਣ ਕਰਕੇ, ਖੰਘ, ਨਜ਼ਲਾ, ਤੇ ਸਾਹ ਦੀ ਤਕਲੀਫ ਸ਼ੁਰੂ ਹੋ ਗਈ । ਬਾਰਾਂ ਜਨਵਰੀ ਨੂੰ ਉਹਨੂੰ ਆਈ.ਸੀ.ਯੂ. ਵਿਚ ਸ਼ਿਫਟ ਕਰ ਦਿੱਤਾ ਗਿਆ, ਇਕ ਫਰਵਰੀ ਨੂੰ ਉਹਦਾ ਕੋਰੋਨਾ ਦਾ ਟੈਸਟ ਪੋਜ਼ਿਟਿਵ ਆਇਆ ਤੇ ਪੰਜਾਂ ਦਿਨਾਂ ਬਾਅਦ ਇਸ ਡਾਕਟਰ (ਡਾ. ਲੀ ਵੈਨਲਿਆਂਗ) ਦੀ ਮੌਤ ਹੋ ਗਈ ।
ਚੀਨ ਇਸ ਗੰਭੀਰ ਰੋਗ ਬਾਰੇ ਖ਼ਬਰਾਂ ਤੇ ਜਾਣਕਾਰੀ ਨੂੰ ਲੁਕਾਉਂਦਾ ਰਿਹਾ। ਪਰ ਕਹਿੰਦੇ ਨੇ ਇਸ਼ਕ ਤੇ ਮੁਸ਼ਕ ਕਦੀ ਛੁਪਾਏ ਨਹੀਂ ਜਾ ਸਕਦੇ, ਸੋ ਇਹ ਛੁਪ ਨਾ ਸੱਕਿਆ, ਤੇ ਇਸ ਇਨਫੈਕਸ਼ਨ ਨੂੰ ਫੈਲਣ ਦਾ ਮੌਕਾ ਮਿਲ ਗਿਆ । ਵੁਹਾਨ ਦੇ ਹਵਾਈ ਅੱਡੇ ਤੋਂ ਸਾਰੀ ਦੁਨੀਆਂ ਦੇ ਦੇਸ਼ਾਂ ਨੂੰ ਉੜਾਨਾਂ ਜਾਂਦੀਆਂ ਹਨ ਸੋ ਇਹ ਫੈਲਦਾ ਗਿਆ ਤੇ ਫੈਲਦਾ ਗਿਆ; ਤੇ ਅੱਜ ਸਥਿੱਤੀ ਇਹ ਹੈ ਕਿ ਹੁਣ ਇਹਵਾਇਰਸ ਦੁਨੀਆਂ ਦੇ 184 ਦੇਸ਼ਾਂ ਵਿਚ ਦਨ ਦਣਾ ਰਿਹਾ ਹੈ ।

ਇਕ ਪ੍ਰੈਸ ਕਾਨਫਰੰਸ ਵਿਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਜਦ ਵਾਰ ਵਾਰ ਕੋਰੋਨਾ ਨੂੰ ਚਾਈਨੀਜ਼ ਵਾਇਰਸ ਕਹਿੰਦੇ ਹਨ ਇਕ ਪੱਤਰਕਾਰ ਉਸਨੂੰ ਪੁੱਛਦੀ ਹੈ ਕਿ ਤੁਸੀ ਚੀਨੀ ਵਾਇਰਸ ਕਿਓਂ ਕਹਿੰਦੇ ਹੋ, ਤਾਂ ਉਹ ਜਵਾਬ ਦੇਂਦਾ ਹੈ,”ਸਭ ਨੂੰ ਪਤਾ ਹੈ ਕਿ ਇਹ ਰੋਗ ਚੀਨ ਤੋਂ ਆਇਆ ਹੈ; ਮੈˆ ਕੋਈ ਨਸਲੀ ਟਿੱਪਣੀ ਨਹੀਂ ਕਰ ਰਿਹਾ, ਕੋਰੋਨਾ ਚੀਨ ਤੋਂ ਹੀ ਆਇਆ ਹੈ, ਡਾ. ਵੈਨਲਿਆਂਗ ਦੀ ਗੱਲ਼ ’ਤੇ ਗ਼ੌਰ ਕਰਨਾ ਚਾਹੀਦਾ ਸੀ, ਸਮੇਂ ਸਿਰ ਪ੍ਰਬੰਧ ਕਰਕੇ ਇਸ ਨੂੰ ਰੋਕਿਆ ਜਾ ਸਕਦਾ ਸੀ”। ਦੂਸਰੇ ਪਾਸੇ ਚੀਨ ਦੇ ਖ਼ਾਸ ਦੋਸਤ ਪਾਕਿਸਤਾਨ ਨੇ ਚੀਨ ਦਾ ਬਚਾਅ ਕਰਨ ਲਈ ਆਪਣੇ ਸੁਭਾਅ ਮੁਤਾਬਕ ਝੂਠ ਬੋਲ ਬੋਲ ਕੇ ਕਿਹਾ ਹੈ ”ਇਹ ਸਾਰਾ ਕੁਝ ਅਮਰੀਕਾ ਦਾ ਹੀ ਕਰਿਆ ਕਰਾਇਆ, ਉਹਨੇ ਇਹ ਸਭ ਚੀਨ ਨੂੰ ਸੁਪਰ ਪਾਵਰ ਬਨਣ ਤੋਂ ਰੋਕਣ ਲਈ ਕੀਤਾ ਹੈ, ਉਹਨੇ ਆਪਣੇ ਨਾਲ ਬਰਤਾਨੀਆ ਤੇ ਇਸਰਾਈਲ ਨੂੰ ਰਲਾ ਕੇ ਚੀਨ ਖਿਲਾਫ ਮੁਹਿੰਮ ਚਲਾਈ ਹੈ, ਅਮਰੀਕਾ ਨੇ ਮਿਲਟਰੀ ਮਸ਼ਕਾਂ ਦੌਰਾਨ ਵੁਹਾਨ ਸ਼ਹਿਰ ’ਚ ਇਹ ਵਾਇਰਸ ਛੱਡਿਆ ਸੀ ।

ਹੁਣ ਸਭ ਮੁਲਕਾਂ ਨੇ ਚੀਨ ਦਾ ਮਾਲ ਖ੍ਰੀਦਣਾ ਬੰਦ ਕਰ ਦਿੱਤਾ, ਤੇ ਇਸਦੀ ਮਾਰਕੀਟ ਡਾਊਨ ਕਰ ਹੋ ਗਈ ਹੈ । ਇਸਦਾ ਅਸਰ ਸਿਰਫ ਚੀਨ ’ਤੇ ਹੀ ਨਹੀਂ ਪਿਆ ਬਲਕਿ ਪਾਕਿਸਤਾਨ ’ਚ ਚੀਨ ਦਵਾਰਾ ਉਸਾਰੀ ਜਾ ਰਹੇ ’ਚੀਨ-ਪਾਕਿਸਤਾਨ ਆਰਥਕ ਲਾਂਘੇ’ ’ਤੇ ਬਹੁਤ ਅਸਰ ਪਿਆ ਹੈ ਤੇ ਉਥੇ ਕੰਮ ਕਰਨ ਵਾਲੇ ਮਜ਼ਦੂਰ ਵਾਪਸ ਚੀਨ ਭੱਜ ਗਏ ਹਨ । ਚੀਨ ਕੋਲ ਹਰ ਇਕ ਸਮੱਸਿਆ ਦਾ ਤੋੜ ਹੈ ਉਸ ਨੇ ਇਸ ਵਾਇਰਸ ਦਾ ਵੀ ਹੱਲ ਲੱਭ ਲੈਣਾ ਹੈ । ਚੀਨ ਨੇ ਖ਼ਬਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ ਪਰ ਮਸਲਾ ਪਹੁੰਚ ਤੋਂ ਬਾਹਰ ਹੋ ਚੁਕਾ ਸੀ ।”

ਸੋ ਚੀਨ ਦੇ ਪ੍ਰਸ਼ਾਸਕਾਂ ਦੀ ਗ਼ਲਤੀ ਕਾਰਨ, ਇਹ ਰੋਗ ਉਸੇ ਜਗ੍ਹਾ ਤੇ ਸੀਮਤ ਨਹੀਂ ਕੀਤਾ ਜਾ ਸੱਕਿਆ ਤੇ ਵੁਹਾਨ ਸ਼ਹਿਰ ਤੋਂ ਦੁਨੀਆਂ ਦੇ ਭਿੰਨ ਭਿੰਨ ਦੇਸ਼ਾਂ ਵਿਚ ਜਾਂਦੀਆਂ ਫਲਾਇਟਾਂ ਰਾਹੀਂ ਹਵਾਈ ਯਾਤਰੀਆਂ ਰਾਹੀਂ ਸਾਰੀ ਦੁਨੀਆਂ ਵਿਚ ਫੈਲ ਗਿਆ ਹੈ । ਵਰਲਡ ਹੈਲਥ ਆਰਗੇਨਾਇਜ਼ੇਸ਼ਨ (ਡਬਲਯੂ ਐਚ ਓ) ਨੇ ਇਸ ਨੂੰ ਆਲਮੀ ਮਹਾਮਾਰੀ ਐਲਾਨ ਦਿੱਤਾ ਹੈ ਤੇ ਸੰਸਾਰ ਵਿਚ ਹੈਲਥ ਐਮਰਜੈˆਸੀ ਲੱਗ ਗਈ ਹੈ । ਇਹ ਰੋਗ ਆਲਮੀ ਪੱਧਰ ਫੈਲ ਰਿਹੈ ।ਅਜੇ ਤੱਕ ਇਹਦੇ ਤੋਂ ਬਚਾਅ ਵਾਸਤੇ ਕੋਈ (ਵੈਕਸੀਨ) ਟੀਕਾ ਨਹੀਂ ਬਣਿਆਂ, ਖੋਜਾਂ ਪੂਰੇ ਜ਼ੋਰਾਂ ’ਤੇ ਹਨ ਕਿਹਾ ਜਾ ਰਿਹਾ ਹੈ ਕਿ ਜਲਦ ਹੀ ਵੈਕਸੀਨ ਵੀ ਤਿਆਰ ਹੋ ਜਾਵੇਗੀ । ਦੂਸਰੇ ਪਾਸੇ ਭਾਰਤ ਦੇ ਕੁਝ ਰਾਜ ਨੇਤਾ ਤੇ ਧਾਰਮਿਕ ਆਗੂ ਜਨਤਾ ਨੂੰ ਭੰਬਲਭੂਸੇ ’ਚ ਪਾ ਕੇ ’ਕੋਵਿੱਡ-19’ ਦੇ ਕੇਸਾਂ ਨੂੰ ਠੀਕ ਦਿਸ਼ਾ ਵਾਲੇ ਇਲਾਜ ਤੋਂ ਭਟਕਾ ਰਹੇ ਹਨ ।

ਭਾਵੇਂ ਵਿਸ਼ਵ ਸਿਹਤ ਸੰਸਥਾ ਮੁਤਾਬਿਕ ਅਜੇ ਤੱਕ ਕੋਈ ਐਸੀ ਦਵਾ ਨਹੀਂ ਮਿਲੀ ਜੋ ਇਸ ਵਾਇਰਸ ਨੂੰ ਠੀਕ ਕਰਨ ਵਾਸਤੇ ਵਿਸ਼ੇਸ਼ ਹੋਵੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕੋਵਿੱਡ-19 ਬਾਰੇ ਆਪਣੇ ਟੀ.ਵੀ. ਸੰਬੋਧਨ ਵਿਚ ਕਿਹਾ ਹੈ ਕਿ ”ਅਜੇ ਤੱਕ ਸਾਨੂੰ ਕੋਰੋਨਾ ਵਾਇਰਸ ਦੀ ਇਨਫੈਕਸ਼ਨ ਦਾ ਕੋਈ ਹੱਲ ਨਹੀਂ ਲੱਭਾ, ਤੇ ਨਾ ਹੀ ਕੋਈ ਵੈਕਸੀਨ ਆਈ ਹੈ ਇਸ ਲਈ ਇਸ ਬਾਰੇ ਫਿਕਰਮੰਦ ਹੋਣਾ ਕੁਦਰਤੀ ਹੈ” ਫਿਰ ਵੀ ਸਸਤੀ ਸ਼ੋਰਹਤ ਦੇ ਭੁੱਖੇ ਕੁਝ ਭਾਰਤੀ ਧਾਰਮਿਕ ਵਿਅਕਤੀ ਤੇ ਰਾਜਨੇਤਾ ਕੋਰੋਨਾ ਦਾ ”ਇਲਾਜ” ਦੱਸ ਕੇ ਜਨਤਾ ਨੂੰ ਪੁੱਠੇ ਰਾਹੇ ਪਾ ਰਹੇ ਹਨ ਜਿਵੇਂ ਆਲ ਇੰਡੀਆ ਹਿੰਦੂ ਮਹਾ ਸਭਾ ਦੇ ਸਵਾਮੀ ਚੱਕਰ ਪਾਣੀ ਨੇ ਕੋਰੋਨਾ ਦੇ ਇਲਾਜ ਵਾਸਤੇ ਲੋਕਾਂ ਨੂੰ ਕੁੱਲੜਾਂ ਵਿਚ ਗਾਂ ਦੇ ਪਿਸ਼ਾਬ ਦੀ ਪਾਰਟੀ ਕਰਕੇ, ਪੀ ਕੇ ਇਸ ਰੋਗ ਨੂੰ ਠੀਕ ਕਰਨ ਬਾਰੇ ਕਿਹਾ ਹੈ । ਇਸੇ ਤਰ੍ਹਾਂ ਆਸਾਮ ਤੋਂ ਭਾਰਤੀ ਜਨਤਾ ਪਾਰਟੀ ਦੀ ਐਮ.ਐਲ.ਏ. ਸੁਮਨ ਹਰੀਅੱਪਾ ਨੇ ਗਾਂ ਦੇ ਪਿਸ਼ਾਬ ਤੇ ਫੋਸ ਨਾਲ ਇਹ ਇਨਫੈਕਸ਼ਨ ਠੀਕ ਕਰਨ ਵਾਸਤੇ ਕੈਮਰੇ ਦੇ ਸਾਹਮਣੇ ਕਿਹਾ ਹੈ । ਇਸ ਤੋਂ ਪਹਿਲਾਂ ਭੁਪਾਲ ਤੋਂ ਐਮ.ਪੀ. ਪ੍ਰਰੱਗਯਾ ਠਾਕਰ ਵੀ ਗਾਂ ਦੇ ਮੂਤ ਨਾਲ ਕੈˆਸਰ ਠੀਕ ਹੋਣ ਬਾਰੇ ਕਹਿ ਚੁਕੀ ਹੈ । ਕੇਂਦਰ ਵਿਚ ਸਮਾਜਿਕ ਨਿਆਂ ਤੇ ਇੰਮਪਾਵਰਮੈˆਟ ਦੇ ਮਹਿਕਮੇ ਦੇ ਰਾਜ ਮੰਤਰੀ, ਮਹਾਰਾਸ਼ਟਰ ਤੋਂ ਰਾਮਦਾਸ ਅਠਾਵਲੇ ਤਾਂ ਕੈਮਰੇ ਦੇ ਸਾਹਮਣੇ, ”ਕੋਰੋਨਾ ਗੋ…, ਕੋਰੋਨਾ ਗੋ…,” ਦੇ ਨਾਅਰਿਆਂ ਨਾਲ ਹੀ, ਇਸ ਆਲਮੀ ਪੱਧਰ ਦੀ ਮਹਾਮਾਰੀ ਨੂੰ ਭਜਾਉਣ ਬਾਰੇ ਬੋਲ ਕੇ ਲੋਕਾਂ ਨੂੰ ਬੇਵਕੂਫ ਬਨਾਉਣ ਦੀ ਕੋਸ਼ਿਸ਼ ਕਰ ਰਹੇ ਹਨ । ਤੇ ਉਤਰ ਪ੍ਰਦੇਸ਼ ਦੇ ਮੁਖ ਮੰਤਰੀ ਆਦਿੱਤਯਾ ਨਾਥ ਜੋਗੀ ਕਹਿੰਦੇ ਹਨ ਕਿ ਨੋ ਮੈਂਟਲ ਟੈਂਸ਼ਨ ਨੋ ਕੋਰੋਨਾ । ਇਸੇ ਤਰ੍ਹਾਂ ਬਿਹਾਰ ਤੋਂ ਐਮ.ਪੀ. ਅਸ਼ਵਨੀ ਕੁਮਾਰ ਚੌਬੇ ਜੋ ਕੇਂਦਰ ਵਿਚ ਸਿਹਤ ਮੰਤਰਾਲੇ ਵਿਚ ਰਾਜ ਮੰਤਰੀ ਹਨ ਕਹਿੰਦੇ ਹਨ ਕਿ ਪੰਦਰਾਂ ਮਿੰਟ ਧੁੱਪ ਸੇਕਣ ਨਾਲ ਹੀ ਕਰੋਨਾ ਖ਼ਤਮ ਹੋ ਜਾਂਦਾ ਹੈ । ਇਹ ਸਭ ਲੋਕ ਪੁੱਠੇ-ਸਿੱਧੇ ਬਿਆਨ ਦੇ ਕੇ ਲੋਕਾਂ ਨੂੰ ਭੰਬਲ ਭੂਸੇ ’ਚ ਪਾਉਂਦੇ ਹਨ ਤੇ ਕੋਵਿੱਡ-19 ਰੋਗ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਵਿਚ ਰੁਕਾਵਟਾਂ ਪਾ ਕੇ ਇਸ ਨੂੰ ਹੋਰ ਫੈਲਾਉਣ ਲਈ ਜ਼ਿੰਮੇਵਾਰ ਬਣਦੇ ਹਨ । ਲੀਡਰ ਹੋਣ ਕਰਕੇ ਇਹਨਾਂ ਨੂੰ ਸੋਚ ਸਮਝ ਕੇ ਬੋਲਣਾ ਚਾਹੀਦਾ ਹੈ ਤਾਂ ਕਿ ਜਨਤਾ ਵਿਗਿਆਨਕ ਸੋਚਾਂ ਨੂੰ ਹੀ ਅਪਨਾਵੇ । ਜਿਵੇਂ ਐਚ.ਆਈ.ਵੀ. ਵਾਇਰਸ ਵਾਲੀ ਬੀਮਾਰੀ ਦਾ ਨਾਂ ਏਡਜ਼ ਹੈ, ਜੋ 1981 ਵਿਚ ਆਈ ਸੀ, ਇਸੇ ਤਰ੍ਹਾਂ 2019 ਵਿਚ ਆਏ ਨੋਵਲ-ਕੋਰੋਨਾ ਵਾਇਰਸ-19 ਦਵਾਰਾ ਪੈਦਾ ਕੀਤੇ ਹੋਏ ਰੋਗ ਦਾ ਨਾਮ ’ਕੋਵਿਡ-19’ਰੱਖਿਆ ਗਿਆ ਹੈ, ਪੂਰਾ ਨਾਮ ਹੈ ’ਕੋਰੋਨਾ ਵਾਇਰਸ ਡਿਸਈਜ਼-19’ ਜੋ ਛੂਹਣ ਨਾਲ, ਖੰਘਣ, ਨਿੱਛਣ ਤੇ ਸਰੀਰ ਦੇ ਤਰਲ ਪਦਾਰਥਾਂ ਨਾਲ ਫੈਲਦੀ ਹੈ ।

ਅੰਕੜੇ ਰੋਜ਼ ਵਧ ਰਹੇ ਹਨ ਤੇ ਸਥਿੱਤੀ ਵਿਸਫੋਟਕ ਹੁੰਦੀ ਜਾ ਰਹੀ ਹੈ । ਜੇ ਤੁਹਾਡੀ ਇਮਿਊਨਿਟੀ ਯਾਨੀ ਕਿ ਰੋਗਾਂ ਨਾਲ ਲੜਨ ਦੀ ਸਲਾਹੀਅਤ ਚੰਗੀ ਹੈ ਤਾਂ ਤੁਸੀਂ ਬਚੇ ਰਹਿ ਸਕਦੇ ਹੋ । ਦੁਬਾਰਾ ਦੁਬਾਰਾ ਸਾਬਣ ਜਾਂ ਸੈਨੇਟਾਇਜ਼ਰ ਨਾਲ ਹੱਥ ਧੋਵੋ, ਅੱਖਾਂ, ਨੱਕ, ਮੂੰਹ ਆਦਿ ਵਿਚ ਹੱਥ/ ਉਂਗਲਾਂ ਨਾ ਪਾਓ, ਸਾਫ ਸਫਾਈ ਰੱਖੋ, ਤੇ ਪੋਸ਼ਟਿਕ ਤੇ ਸੰਤੁਲਿਤ ਭੋਜਨ ਛਕੋ ।

balmanjit1953@yahoo.co.in

  • 168
  •  
  •  
  •  
  •