ਸਰਬੱਤ ਦਾ ਭਲਾ ਟਰੱਸਟ ਨੇ ਸਿਹਤ ਤੇ ਪੁਲੀਸ ਵਿਭਾਗ ਨੂੰ ਦਿੱਤਾ ਸਹਾਰਾ

ਦੁਬਈ ਦੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐਸਪੀ ਸਿੰਘ ਉਬਰਾਏ ਨੇ ਅੱਜ ਪੀਜੀਆਈ ਤੋਂ ਇਲਾਵਾ ਜਲੰਧਰ, ਨਵਾਂਸ਼ਹਿਰ, ਫਗਵਾੜਾ ਅਤੇ ਹੁਸ਼ਿਆਰਪੁਰ ਪ੍ਰਸ਼ਾਸਨ ਨੂੰ ਵੱਡੀ ਗਿਣਤੀ ’ਚ ਪੀਪੀਈ ਕਿੱਟਾਂ, ਐਨ-95 ਮਾਸਕ ਅਤੇ ਤੀਹਰੀ ਲੇਅਰ ਸਰਜੀਕਲ ਮਾਸਕ ਭੇਜੇ ਹਨ। ਇਸ ਨਾਲ ਕਰੋਨਾਵਾਇਰਸ ਦੀ ਲਾਗ ਤੋਂ ਲੋਕਾਂ ਨੂੰ ਬਚਾਉਣ ਲਈ ਜੂਝ ਰਹੇ ਇਨ੍ਹਾਂ ਜ਼ਿਲ੍ਹਿਆਂ ਦੇ ਸਿਹਤ, ਸਿਵਲ ਤੇ ਪੁਲੀਸ ਪ੍ਰਸ਼ਾਸਨ ਨੂੰ ਵੱਡੀ ਰਾਹਤ ਮਿਲੇਗੀ।

ਡਾ. ਐਸਪੀ ਸਿੰਘ ਉਬਰਾਏ ਨੇ ਦੱਸਿਆ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਅੱਜ ਆਪਣੇ ਪਹਿਲੇ ਪੜਾਅ ਤਹਿਤ ਜਲੰਧਰ, ਨਵਾਂਸ਼ਹਿਰ, ਹੁਸ਼ਿਆਰਪੁਰ, ਫਗਵਾੜਾ, ਕਪੂਰਥਲਾ ਤੇ ਟਾਂਡਾ ਦੇ ਪ੍ਰਸ਼ਾਸਨ ਨੂੰ ਉਨ੍ਹਾਂ ਦੀ ਮੰਗ ਅਨੁਸਾਰ 1000 ਪੀਪੀਈ ਕਿੱਟਾਂ, 1000 ਐਨ-95 ਮਾਸਕ, 5000 ਧੋਣ ਉਪਰੰਤ ਮੁੜ ਵਰਤੋਂ ’ਚ ਆਉਣ ਵਾਲੇ ਸਰਜੀਕਲ ਟ੍ਰਿਪਲ ਲੇਅਰ ਮਾਸਕ ਭੇਜੇ ਗਏ ਹਨ ਜਦਕਿ ਜਲੰਧਰ ਪੁਲੀਸ ਪ੍ਰਸ਼ਾਸਨ ਨੂੰ ਦੋ ਬਕਸੇ ਸੈਨੀਟਾਈਜ਼ਰ ਵੀ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੀਜੀਆਈ ਚੰਡੀਗੜ੍ਹ ਦੇ ਕਾਰਡੀਓ ਵਿੰਗ ਦੇ ਮੁਖੀ ਡਾ. ਯਸਪਾਲ ਦੀ ਮੰਗ ’ਤੇ ਉਨ੍ਹਾਂ ਨੂੰ ਵੀ ਲੋੜੀਂਦਾ ਸਾਮਾਨ ਟਰੱਸਟ ਵੱਲੋਂ ਭੇਜ ਦਿੱਤਾ ਗਿਆ ਹੈ ਜਦ ਕਿ ਬਾਕੀ ਰਹਿੰਦੇ ਜ਼ਿਲ੍ਹਿਆਂ ਅੰਦਰ ਵੀ ਲੋੜੀਂਦਾ ਸਾਰਾ ਸਾਮਾਨ ਬਹੁਤ ਜਲਦ ਪਹੁੰਚ ਜਾਵੇਗਾ। ਉਨ੍ਹਾਂ ਦੱਸਿਆ ਕਿ ਟਰੱਸਟ ਦੇ ਬਜਟ ਵਿਚ ਵਾਧਾ ਕਰਦਿਆਂ ਵੱਡੀ ਰਕਮ ਸਿਹਤ ਤੇ ਪੁਲੀਸ ਕਰਮਚਾਰੀਆਂ ਲਈ ਲੋੜੀਂਦੇ ਸਾਮਾਨ ਮੁਹੱਈਆ ਕਰਾਉਣ ਤੋਂ ਇਲਾਵਾ ਕਰਫਿਊ ਕਾਰਨ ਬੇਰੁਜ਼ਗਾਰ ਹੋਏ ਦਿਹਾੜੀਦਾਰ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਸੁੱਕਾ ਰਾਸ਼ਨ ਦੇਣ ਲਈ ਖਰਚ ਕੀਤੀ ਜਾ ਰਹੀ ਹੈ।

  •  
  •  
  •  
  •  
  •