ਗੁਰਮੀਤ ਪਿੰਕੀ ਨੇ ਸੁਮੇਧ ਸੈਣੀ ਖਿਲਾਫ਼ ਦਰਜ ਅਗਵਾ ਮਾਮਲੇ ‘ਚ ਸਿੱਟ ਕੋਲ ਬਿਆਨ ਕਰਵਾਏ ਦਰਜ

ਆਖ਼ਰਕਾਰ ਪੰਜਾਬ ਪੁਲਿਸ ਦੇ ਸਾਬਕਾ ਅਧਿਕਾਰੀ ਗੁਰਮੀਤ ਸਿੰਘ ਪਿੰਕੀ (ਪਿੰਕੀ ਕੈਟ) ਵਿਸ਼ੇਸ਼ ਜਾਂਚ ਟੀਮ (ਸਿੱਟ) ਦੇ ਸਾਹਮਣੇ ਪੇਸ਼ ਹੋਏ ਅਤੇ ਉਨ੍ਹਾਂ ਬਲਵੰਤ ਸਿੰਘ ਮੁਲਤਾਨੀ ਦੇ ਲਾਪਤਾ ਹੋਣ ਦੇ ਮਾਮਲੇ ‘ਚ ਸਾਬਕਾ ਡੀ. ਜੀ. ਪੀ. ਪੰਜਾਬ ਸੁਮੇਧ ਸੈਣੀ ਖ਼ਿਲਾਫ਼ ਦਰਜ ਮਾਮਲੇ ਦੇ ਸਬੰਧ ‘ਚ ਆਪਣੇ ਬਿਆਨ ਦਰਜ ਕਰਵਾਏ। ਪਿੰਕੀ ਅੱਜ ਸਵੇਰੇ 10 ਵਜੇ ਥਾਣਾ ਮਟੌਰ ਵਿਖੇ ਪੁੱਜੇ ਸਨ ਅਤੇ ਸਿੱਟ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਬਾਅਦ ਦੁਪਹਿਰ 1 ਵਜੇ ਇਥੋਂ ਗਏ |
ਸੂਤਰਾਂ ਮੁਤਾਬਿਕ ਪਿੰਕੀ ਨੇ ਪੁਲਿਸ ਨੂੰ ਦੱਸਿਆ ਕਿ ਉਹ ਸੁਮੇਧ ਸੈਣੀ ਨੂੰ ਕਿਵੇਂ ਮਿਲਿਆ, ਸੈਣੀ ਨਾਲ ਉਸ ਦੀ ਨੇੜਤਾ ਕਿਵੇਂ ਹੋਈ ਅਤੇ ਅੰਤ ਵਿਚ ਉਸ ਨੇ ਦੱਸਿਆ ਕਿ ਮੁਲਤਾਨੀ ਦੀ ਹਿਰਾਸਤ ‘ਚ ਤਸੀਹੇ ਦੇਣ ਕਾਰਨ ਮੌਤ ਹੋ ਗਈ ਸੀ | ਮੁਹਾਲੀ ਪੁਲਿਸ ਨੇ 6 ਮਈ ਨੂੰ ਮੁਲਤਾਨੀ ਦੇ ਭਰਾ ਪਲਵਿੰਦਰ ਸਿੰਘ ਮੁਲਤਾਨੀ ਵਲੋਂ ਦਿੱਤੀ ਸ਼ਿਕਾਇਤ ਤੋਂ ਬਾਅਦ ਪਿੰਕੀ ਵਲੋਂ ਸਾਲ 2015 ‘ਚ ਇਕ ਮੈਗਜ਼ੀਨ ‘ਚ ਕੀਤੇ ਖ਼ੁਲਾਸਿਆਂ ਦੇ ਆਧਾਰ ‘ਤੇ ਸੁਮੇਧ ਸੈਣੀ ਤੋਂ ਇਲਾਵਾ ਸਾਬਕਾ ਡਿਪਟੀ ਸੁਪਰਡੈਂਟ ਬਲਦੇਵ ਸਿੰਘ ਸੈਣੀ, ਇੰਸਪੈਕਟਰ ਸਤਵੀਰ ਸਿੰਘ, ਸਬ-ਇੰਸਪੈਕਟਰ ਹਰ ਸਹਾਏ ਸ਼ਰਮਾ, ਜਗੀਰ ਸਿੰਘ ਅਤੇ ਅਨੂਪ ਸਿੰਘ, ਏ. ਐਸ. ਆਈ. ਕੁਲਦੀਪ ਸਿੰਘ ਤੇ ਇਕ ਨਾਮਾਲੂਮ ਨੂੰ ਵੱਖ-ਵੱਖ ਧਾਰਾਵਾਂ ਤਹਿਤ ਨਾਮਜ਼ਦ ਕੀਤਾ ਸੀ, ਜਿਸ ਸਬੰਧ ‘ਚ ਹੁਣ ਪੁਲਿਸ ਇਸ ਮਾਮਲੇ ‘ਚ ਪੁਖਤਾ ਸਬੂਤ ਇਕੱਠੇ ਕਰਨ ‘ਚ ਲੱਗੀ ਹੋਈ ਹੈ | ਇਸ ਸਬੰਧੀ ਸਿੱਟ ਇੰਚਾਰਜ ਹਰਮਨਦੀਪ ਸਿੰਘ ਹਾਂਸ ਐਸ. ਪੀ. (ਜਾਂਚ) ਨੇ ਪਿੰਕੀ ਸਬੰਧੀ ਕੋਈ ਵੀ ਵੇਰਵਾ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ |

  • 956
  •  
  •  
  •  
  •