ਸੇਵਾ ਦੀ ਮੂਰਤ: ਭਗਤ ਪੂਰਨ ਸਿੰਘ (-ਡਾ. ਚਰਨਜੀਤ ਕੌਰ)

4 ਜੂਨ ਨੂੰ ਜਨਮ ਦਿਨ ‘ਤੇ ਵਿਸ਼ੇਸ਼
-ਡਾ. ਚਰਨਜੀਤ ਕੌਰ

ਭਗਤ ਪੂਰਨ ਸਿੰਘ, ਜਿਨ੍ਹਾਂ ਦਾ ਪਹਿਲਾ ਨਾਂ ਰਾਮਜੀ ਦਾਸ ਸੀ, ਦਾ ਜਨਮ 4 ਜੂਨ 1904 ਨੂੰ ਛਿੱਬੂ ਮੱਲ ਅਤੇ ਮਹਿਤਾਬ ਕੌਰ ਦੇ ਘਰ ਪਿੰਡ ਰਾਜੇਵਾਲ ਰੇਹਣੋ, ਤਹਿਸੀਲ ਖੰਨਾ, ਜ਼ਿਲ੍ਹਾ ਲੁਧਿਆਣਾ ਵਿਚ ਹੋਇਆ। ਉਨ੍ਹਾਂ ਦੇ ਪਿਤਾ ਸ਼ਾਹੂਕਾਰ ਸਨ ਅਤੇ ਮਾਤਾ ਧਾਰਮਿਕ ਬਿਰਤੀ ਦੇ ਮਾਲਿਕ ਸਨ। ਮੁੱਢਲੀ ਵਿੱਦਿਆ ਉਨ੍ਹਾਂ ਨੇ ਪਿੰਡ ਦੇ ਸਰਕਾਰੀ ਸੀਨੀਅਰ ਸਕੂਲ ਖੰਨਾ ਤੋਂ ਪ੍ਰਾਪਤ ਕੀਤੀ। ਦਸਵੀਂ ਜਮਾਤ ਵਿਚ ਪੜ੍ਹਦਿਆਂ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਅਤੇ ਅਚਾਨਕ ਘਰ ਵਿਚ ਗ਼ਰੀਬੀ ਆ ਜਾਣ ਕਾਰਨ ਪੜ੍ਹਾਈ ਵਿਚਾਲੇ ਹੀ ਛੱਡ ਕੇ ਆਪਣੀ ਮਾਂ ਦੇ ਕੋਲ ਲਾਹੌਰ ਜਾਣਾ ਪਿਆ। ਉਂਥੇ ਉਨ੍ਹਾਂ ਦੇ ਮਾਤਾ ਲੋਕਾਂ ਦੇ ਘਰਾਂ ਵਿਚ ਭਾਂਡੇ ਮਾਂਜਣ ਦਾ ਕੰਮ ਕਰਦੇ ਸਨ।
ਭਗਤ ਪੂਰਨ ਸਿੰਘ ਦੇ ਜੀਵਨ ਵਿਚ ਕੁੱਝ ਘਟਨਾਵਾਂ ਅਜਿਹੀਆਂ ਘਟੀਆਂ, ਜਿਨ੍ਹਾਂ ਕਾਰਨ ਉਹ ਭਗਤ ਵੀ ਬਣੇ, ਪੂਰਨ ਵੀ ਹੋਏ ਅਤੇ ਸਿੰਘ ਵੀ ਸਜੇ। ਲਾਲਾ ਛਿੱਬੂ ਮੱਲ ਦਾ ਘਰ ਗੁਰਬਤ ਵਿਚ ਲਹਿ ਜਾਣਾ ਰਾਮਜੀ ਦਾਸ ਦਾ ਭਗਤ ਪੂਰਨ ਸਿੰਘ ਬਣਨ ਵਿਚ ਅਹਿਮ ਸਥਾਨ ਰੱਖਦਾ ਹੈ। ਅਜਿਹਾ ਨਾ ਹੋਣ ਦੀ ਹਾਲਤ ਵਿਚ ਰਾਮਜੀ ਦਾਸ ਕੋਈ ਵਪਾਰੀ ਜਾਂ ਹਟਵਾਣੀਆਂ ਬਣ ਕੇ ਲਾਲਾ ਰਾਮਜੀ ਦਾਸ ਤਾਂ ਭਾਵੇਂ ਬਣ ਜਾਂਦੇ ਪਰ ਉਹ ਭਗਤ ਪੂਰਨ ਸਿੰਘ ਨਹੀਂ ਸੀ ਬਣਨ ਲੱਗੇ।

ਭਗਤ ਪੂਰਨ ਸਿੰਘ ਦੇ ਜੀਵਨ ਵਿਚ ਕ੍ਰਿਸ਼ਮਾ ਉਸ ਵੇਲੇ ਵਾਪਰਿਆ ਜਦੋਂ ਉਹ ਨੌਕਰੀ ਦੀ ਤਲਾਸ਼ ਵਿਚ ਗੁਰੂ ਅਰਜਨ ਦੇਵ ਦੀ ਯਾਦਗਾਰ ਗੁਰਦੁਆਰਾ ਡੇਹਰਾ ਸਾਹਿਬ, ਲਾਹੌਰ ਵਿਚ ਸ਼ਰਨ ਲਈ ਗਏ। ਇੱਥੇ ਬਾਅਦ ਵਿਚ ਉਨ੍ਹਾਂ ਨੇ 24 ਸਾਲ ਸੇਵਾ ਕੀਤੀ। ਇੱਥੇ ਹੀ 1934ਈ. ਨੂੰ ਗੁਰਦੁਆਰੇ ਦੇ ਬੂਹੇ ਅੱਗਿਓਂ ਇਕ ਗੂੰਗਾ ਅਤੇ ਲੂਲ੍ਹਾ ਬੱਚਾ ਮਿਲਿਆ, ਜਿਸ ਨੇ ਉਨ੍ਹਾਂ ‘ਚ ਮੁਹੱਬਤ ਦੀ ਰਹਿਮ ਰੂਪੀ ਚਿਣਗ ਪੈਦਾ ਕੀਤੀ। ਭਗਤ ਪੂਰਨ ਸਿੰਘ ਨੇ ਇਸ ਬੱਚੇ ਦੀ ਸੰਭਾਲ ਕੀਤੀ ਅਤੇ ਇਸ ਬੱਚੇ ਦਾ ਨਾਂ ਮਗਰੋਂ ‘ਪਿਆਰਾ ਸਿੰਘ’ ਰੱਖਿਆ। ਉਨ੍ਹਾਂ ਨੇ 14 ਸਾਲ ਉਸ ਨੂੰ ਮੋਢਿਆਂ ਉਂਤੇ ਚੁੱਕ ਕੇ ਘੁੰਮਾਇਆ ਅਤੇ ਵੱਡਾ ਕੀਤਾ। ਚਿਕਿਤਸਿਕ ਸਮਾਜਿਕ ਸੰਸਥਾ ‘ਪਿੰਗਲਵਾੜਾ’ ਦੀ ਬੁਨਿਆਦ ਵੀ ਸ਼ਾਇਦ ਓਦੋਂ ਹੀ ਰੱਖੀ ਗਈ ਜਦੋਂ ਭਗਤ ਪੂਰਨ ਨੇ ਪਿਆਰਾ ਸਿੰਘ ਨੂੰ ਆਪਣੀ ਦੇਖ-ਰੇਖ ਵਿਚ ਲਿਆਂਦਾ ਸੀ। ਕਿਸੇ ਨੂੰ ਚਿੱਤ-ਚੇਤਾ ਵੀ ਨਹੀਂ ਸੀ ਕਿ ਇਸ ਘਟਨਾ ਮਗਰੋਂ ਇਕ ਬਹੁਤ ਵੱਡੀ ਸੰਸਥਾ ਜਨਮ ਲੈ ਸਕਦੀ ਹੈ।

ਦੇਸ਼ ਦੀ ਵੰਡ ਹੋਈ ਅਤੇ ਭਗਤ ਪੂਰਨ ਸਿੰਘ ਨੇ ਉਹ ਕਤਲੋ-ਗਾਰਤ ਆਪਣੀ ਅੱਖੀਂ ਵੇਖੀ ਜੋ 1947 ਵਿਚ ਹੋਈ। ਸਭ ਪਾਸਿਓਂ ਉਨ੍ਹਾਂ ਨੂੰ ਲਹੂ-ਲੁਹਾਣ ਹੋਏ ਬੱਚੇ ਅਤੇ ਇਸਤਰੀਆਂ ਨਜ਼ਰ ਆ ਰਹੇ ਸਨ। ਭਗਤ ਪੂਰਨ ਸ਼ਰਨਾਰਥੀਆਂ ਦੇ ਨਾਲ ਅੰਮ੍ਰਿਤਸਰ ਆ ਗਏ। ਉਨ੍ਹਾਂ ਨੂੰ ਇਹ ਵੇਖ ਕੇ ਬੜਾ ਦੁੱਖ ਹੋਇਆ ਕਿ ਜ਼ਖ਼ਮੀ, ਲੂਲ੍ਹੇ-ਲੰਗੜੇ, ਬੇਸਹਾਰਾ ਤੇ ਰੋਗੀ ਸ਼ਰਨਾਰਥੀਆਂ ਦਾ ਹਾਲ ਪੁੱਛਣ ਵਾਲਾ ਕੋਈ ਨਹੀਂ ਸੀ। ਉਨ੍ਹਾਂ ਨੇ ਪਹਿਲਾਂ ਖਾਲਸਾ ਕਾਲਜ ਦੇ ਸਾਹਮਣੇ ਤੰਬੂ ਗੱਡ ਕੇ ਅਪਾਹਜਾਂ ਤੇ ਬੇ-ਸਹਾਰਾ ਲੋਕਾਂ ਨੂੰ ਸੰਭਾਲਿਆ ਅਤੇ ਆਖ਼ਿਰ ਜੀ.ਟੀ. ਰੋਡ ‘ਤੇ ਤਹਿਸੀਲ ਨੇੜੇ ਇਮਾਰਤ ਬਣਾ ਕੇ ‘ਪਿੰਗਲਵਾੜਾ’ ਸਥਾਪਿਤ ਕੀਤਾ।

ਉਹ ਸਵੇਰੇ ਦਰਬਾਰ ਸਾਹਿਬ ਵਿਚ ਪਿਆਰਾ ਸਿੰਘ ਨੂੰ ਰੇਹੜੀ ਵਿਚ ਲਿਟਾ ਕੇ ਆਪਣੇ ਨਾਲ ਲੈ ਕੇ ਆਉਂਦੇ ਤੇ ਸਾਰਾ ਦਿਨ ਸੰਗਤ ਨੂੰ ਆਬਾਦੀ ਦੇ ਵਾਧੇ, ਪਾਣੀ-ਹਵਾ ਦੇ ਦੂਸ਼ਿਤ ਹੋ ਜਾਣ, ਜੰਗਲਾਂ ਦੇ ਕੱਟੇ ਜਾਣ, ਅੰਨ ਸੰਕਟ, ਦਰਿਆਵਾਂ ਦੇ ਗੰਦੇ ਪਾਣੀ, ਗ਼ਰੀਬੀ, ਅਨਪੜ੍ਹਤਾ, ਸੜਕ-ਰੇਲ ਹਾਦਸੇ, ਬੇਰੁਜ਼ਗਾਰੀ, ਧਾਰਮਿਕ ਤੇ ਸਮਾਜਿਕ ਆਦਿ ਕਈ ਸਮੱਸਿਆਵਾਂ ਬਾਰੇ ਇਸ਼ਤਿਹਾਰ ਤੇ ਕਿਤਾਬਚੇ ਵੰਡਦੇ ਅਤੇ ਵਿਚਾਰਾਂ ਕਰਦੇ। ਰਾਤ ਨੂੰ ਪਿਆਰਾ ਸਿੰਘ ਨਾਲ ਵਾਪਿਸ ਪਿੰਗਲਵਾੜੇ ਚਲੇ ਜਾਂਦੇ।
ਭਗਤ ਪੂਰਨ ਸਿੰਘ ਨੇ ਸਾਰੀ ਜ਼ਿੰਦਗੀ ਬ੍ਰਹਮਚਾਰੀ ਰਹਿ ਕੇ ਦੀਨ, ਦੁਖੀਆਂ, ਰੋਗੀਆਂ ਅਤੇ ਅਪਾਹਿਜਾਂ ਦੀ ਸੇਵਾ ਵਿਚ ਆਪਣਾ ਜੀਵਨ ਅਰਪਣ ਕੀਤਾ। ਉਨ੍ਹਾਂ ਦਾ ਆਦਰਸ਼ ਸੀ ਕਿ ਹਰੇਕ ਬੰਦਾ ਹੱਥੀਂ ਕੰਮ ਕਰੇ, ਘਰੇਲੂ ਦਸਤਕਾਰੀਆਂ ਅਪਣਾਏ, ਦਰਖ਼ਤ ਲਾਏ, ਅਪਾਹਜ ਲੋੜਵੰਦਾਂ ਦੀ ਸਹਾਇਤਾ ਕਰੇ। ਉਨ੍ਹਾਂ ਨੂੰ ਅਨੇਕਾਂ ਸੰਸਥਾਵਾਂ ਅਤੇ ਭਾਰਤ ਸਰਕਾਰ ਵੱਲੋਂ ਮਾਨ-ਸਨਮਾਨ ਪ੍ਰਾਪਤ ਹੋਇਆ। 1981 ਈ. ਵਿਚ ‘ਪਦਮਸ੍ਰੀ’ ਐਵਾਰਡ, 1990 ਈ. ਵਿਚ ਹਾਰਮਨੀ ਐਵਾਰਡ, 1991 ਈ. ਵਿਚ ਰੋਗ ਰਤਨ ਐਵਾਰਡ ਅਤੇ 1991 ਵਿਚ ਭਾਈ ਘਨ੍ਹੱਈਆ ਐਵਾਰਡ ਮਿਲੇ। ਭਗਤ ਪੂਰਨ ਸਿੰਘ ਦੇ ਦਿਲ ਨੂੰ 84 ਦੇ ਘੱਲੂਘਾਰੇ ਦੀ ਦੁਖਦਾਇਕ ਘਟਨਾ ਤੋਂ ਏਨਾ ਸਦਮਾ ਪਹੁੰਚਿਆ ਕਿ ਇਨ੍ਹਾਂ ਨੇ ਰੋਸ ਵਜੋਂ ਪਦਮ ਵਿਭੂਸ਼ਨ ਐਵਾਰਡ ਵਾਪਿਸ ਕਰ ਦਿੱਤਾ।
ਭਗਤ ਪੂਰਨ ਸਿੰਘ ਨੇ ਆਪਣਾ ਅਖ਼ੀਰਲਾ ਸਮਾਂ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਅੱਗੇ ਬੈਠ ਕੇ ਸੰਗਤ ਨੂੰ ਮਾਨਵ ਸੇਵਾ, ਪਰਉਪਕਾਰ ਅਤੇ ਵਾਤਾਵਰਨ ਸੰਭਾਲ ਵੀ ਪ੍ਰੇਰਦਿਆਂ ਬਤੀਤ ਕੀਤਾ। ਅਖੀਰ ਦੈਵੀ ਪੁਰਸ਼ ਭਗਤ ਪੂਰਨ ਸਿੰਘ 5 ਅਗਸਤ, 1992 ਨੂੰ ਸਦੀਵੀ ਵਿਛੋੜਾ ਦੇ ਗਏ।

ਪੰਜਾਬੀ ਵਿਭਾਗ,
ਚੌਧਰੀ ਦੇਵੀ ਲਾਲ ਯੂਨੀਵਰਸਿਟੀ, ਸਰਸਾ (ਹਰਿਆਣਾ) ਮੋ. 98784-47758

  •  
  •  
  •  
  •  
  •