ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਹਸ਼ਰ (ਲੇਖਕ: ਰਾਜਵਿੰਦਰ ਸਿੰਘ ਰਾਹੀ)

ਰਾਜਵਿੰਦਰ ਸਿੰਘ ਰਾਹੀ

ਜੂਨ 1984 ’ਚ ਦਰਬਾਰ ਸਾਹਿਬ ਉਪਰ ਹੋਏ ਭਿਆਨਕ ਹਮਲੇ ਨੂੰ ਛੱਤੀ ਸਾਲ ਬੀਤ ਚੁੱਕੇ ਹਨ। ਸਮਾਂ ਲੰਘਣ ਨਾਲ ਇਸ ਜਖ਼ਮ ਦੀ ਪੀੜ੍ਹ ਦਿਨੋ ਦਿਨ ਡੂੰਘੀ ਹੋਈ ਜਾਂਦੀ ਹੈ। ਇਸ ਹਮਲੇ ਦੌਰਾਨ ਫੌਜ ਵੱਲੋਂ ਇਥੋਂ ਚੁੱਕੀ ਗਈ ਸਿੱਖ ਰੈਫਰੈਂਸ ਲਾਇਬਰੇਰੀ ਦੀ ਹਾਲਾਂ ਵੀ ਕੋਈ ਉੱਘ–ਸੁੱਘ ਨਹੀਂ ਮਿਲ ਰਹੀ। ਇਤਿਹਾਸਕ ਲਾਇਬਰੇਰੀ ਦਾ ਮਾਮਲਾ ਪੂਰੀ ਤਰਾਂ ਕੌਡੀਆਂ-ਘੱਟੇ ਰੁਲ਼ ਚੁੱਕਿਆਂ ਹੈ। ਇਸ ਦੇ ਲਈ ਆਪਣੇ ਵੀ ਜਿਮੇਵਾਰ ਹਨ, ਤੇ ਬੇਗਾਨੇ ਵੀ । ਇਹੋ ਕਿਹਾ ਜਾ ਸਕਦਾ ਹੈ ਕਿ ਲਾਇਬਰੇਰੀ ਦੀ ਵਾਪਸੀ ਲਈ ਕੋਈ ਬੱਝਵੇਂ ਤੇ ਠੋਸ ਯਤਨ ਹੀ ਨਹੀਂ ਹੋਏ। ਇਸ ਦੇ ਲਈ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਸਮੇਤ ਸਿੱਖਾਂ ਦੀਆਂ ਹੋਰ ਜਥੇਬੰਦੀਆਂ ਵੀ ਬਰਾਬਰ ਦੀਆਂ ਜਿਮੇਵਾਰ ਹਨ।

ਜਾਬਰ ਹਮਲਾਵਰਾਂ ਵਲੋਂ, ਕਿਸੇ ਦੇਸ਼, ਕੌਮ ਜਾਂ ਭਾਈਚਾਰੇ ਦੇ ਗਿਆਨ ਦੇ ਸੋਮਿਆਂ ਨੂੰ ਤਬਾਹ ਕਰਨ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਇਤਿਹਾਸ ਅਜਿਹੇ ਭਿਆਨਕ ਕਾਰਨਾਮਿਆਂ ਨਾਲ ਭਰਿਆਂ ਪਿਆ ਹੈ ਬੁੱਧ ਧਰਮ ਦੇ ਵਿਦਵਾਨਾਂ ਵਲੋਂ ਨਾਲੰਦਾ (ਬਿਹਾਰ) ਵਿਚ ਸਥਾਪਤ ਕੀਤੀ ਗਈ ਲਾਇਬਰੇਰੀ ਬ੍ਰਾਹਮਣਾਂ ਵਲੋਂ ਸਾੜ ਦਿੱਤੀ ਗਈ ਸੀ, ਜੋ ਕਈ ਮਹੀਨੇ ਧੁਖਦੀ ਰਹੀ ਸੀ। ਮਿਸਰ ਵਿਚ ਅਲੈਗਜੈਂਡਰੀਆਂ ਦੀ ਮਸ਼ਹੂਰ ਲਾਇਬਰੇਰੀ ਨੂੰ ਜੁਲੀਅਸ ਸੀਜਰ ਦੇ ਫੌਜੀਆਂ ਨੇ ਅੱਗ ਲਗਾ ਦਿਤੀ ਸੀ। ਫੌਜੀ ਕਈ ਮਹੀਨੇ ਕਿਤਾਬਾਂ ਬਾਲ਼ ਬਾਲ਼ ਕੇ ਅੱਗ ਸੇਕਦੇ ਰਹੇ ਸਨ। ਵੀਹਵੀਂ ਸਦੀ ਵਿਚ 1915 ਦੀ ਪਹਿਲੀ ਸੰਸਾਰ ਜੰਗ ਦੌਰਾਨ ਜਰਮਨੀ ਦੇ ਹਮਲੇ ਵਿਚ ਵੀ ਬੈਲਜੀਅਮ ਦੀ ਲਾਇਬਰੇਰੀ ਸੜ ਕੇ ਸੁਆਹ ਹੋ ਗਈ ਸੀ। ਪਰ ਜਿਹੜੇ ਸਿੱਖਾਂ ਦਾ ਗਿਆਨ ਦਾ ਸੋਮਾ ਲਾਇਬਰੇਰੀ ਤਬਾਹ ਕਰ ਦਿੱਤੀ ਹੋਵੇ, ਉਹ ਖੁਦ ਇਸ ਦੋਸ਼ ਤੋਂ ਪੂਰੀ ਤਰਾਂ ਬਰੀ ਹਨ। ਖਾਲਸਾ ਰਾਜ ਦੀਆਂ ਕਈ ਮਿਸਾਲਾਂ ਮਿਲਦੀਆਂ ਹਨ, ਜਦ ਮਹਾਰਾਜਾ ਰਣਜੀਤ ਸਿੰਘ ਨੇ ਖੁਦ ਅਣਪੜ ਹੋਣ ਦੇ ਬਾਵਜੂਦ ਲਾਇਬਰੇਰੀਆਂ ਨੂੰ ਬਚਾਉਣ ਲਈ ਖਾਸ ਹਦਾਇਤਾਂ ਦਿੱਤੀਆਂ ਸਨ। ਇਸ ਗੱਲ ਦੀ ਪੁਸ਼ਟੀ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਤੇ ਭਾਈ ਸਾਹਿਬ ਭਾਈ ਵੀਰ ਸਿੰਘ ਕਰਦੇ ਹਨ। ਭਾਈ ਸਾਹਿਬ ਅਨੁਸਾਰ :‘‘ਪਿਸ਼ਾਵਰ ਦੇ ਧਾਵੇ ਵੇਲੇ ਜਦੋਂ ਫ਼ੌਜ ਚੜੀ ਤਾਂ ਸਰਦਾਰ ਹਰੀ ਸਿੰਘ ਜੀ ਨੂੰ ਮਹਾਰਾਜਾ ਸਾਹਿਬ ਦਾ ਫ਼ਰਮਾਨ ਪਹੁੰਚਾ ਕਿ ਚਮਕਨੀ ਵਿਚ ਇੱਕ ਪੁਰਾਣਾ ਪੁਸਤਕਾਲਯ ਸੁਣੀਦਾ ਹੈ, ਜੰਗ ਵੇਲੇ ਕਿਸੇ ਗੱਲ ਦਾ ਧੁਰ ਸਿਰ ਨਹੀਂ ਰਹਿੰਦਾ, ਪਰ ਤੁਸਾਂ ਖਿਆਲ ਰੱਖਣਾ ਕਿ ਇਹ ਪੁਸਤਕਾਲਯ ਬਰਬਾਦ ਹੋਣ ਤੋਂ ਬਚਾ ਲਿਆ ਜਾਵੇਂ।’’
ਲਾਇਬਰੇਰੀਆਂ ਨੂੰ ਸਾੜਨਾ, ਕਿਸੇ ਕੌਮ ਨੂੰ ਬੌਧਿਕ ਤੌਰ ’ਤੇ ਹੀਣਾ ਕਰਨਾ ਹੁੰਦਾ ਹੈ। ਚੈਕੋਸਲੋਵਾਕੀਆਂ ਦਾ ਨਾਵਲਕਾਰ ਮਿਲਾਨ ਕੁੰਦਰਾ ਇਸ ਕੁਕਰਮ ਦੀ ਵਿਆਖਿਆ ਇਸ ਤਰਾਂ ਕਰਦਾ ਹੈ: ‘‘ਇੱਕ ਕੌਮ ਨੂੰ ਨਸ਼ਟ ਕਰਨ ਵਿਚ ਪਹਿਲਾਂ ਕਦਮ ਉਸ ਦੀ ਯਾਦਦਾਸ਼ਤ ਨੂੰ ਮੇਟ ਦੇਣਾ ਹੁੰਦਾ ਹੈ। ਉਸ ਦੀਆਂ ਕਿਤਾਬਾਂ, ਉਸ ਦੇ ਸੱਭਿਆਚਾਰ ਅਤੇ ਉਸ ਦੇ ਇਤਿਹਾਸ ਨੂੰ ਤਬਾਹ ਕਰ ਦੇਵੋ। ਫਿਰ ਕਿਸੇ ਕੋਲੋਂ ਨਵੀਆਂ ਕਿਤਾਬਾਂ ਲਿਖਵਾ ਲਵੋ, ਨਵਾਂ ਸੱਭਿਆਚਾਰ ਘੜ ਲਵੋਂ, ਇਕ ਨਵਾਂ ਇਤਿਹਾਸ ਰਚ ਲਵੋ। ਕੁੱਝ ਚਿਰ ਬਾਅਦ ਉਹ ਕੌਮ ਆਪੇ ਇਹ ਗੱਲ ਭੁੱਲ ਜਾਏਗੀ ਕਿ ਉਹ ਕੀ ਹੈ ਤੇ ਕੀ ਸੀ।’’

ਇਹ ਅਰਥ ਵਿਆਖਿਆ ਸ੍ਰੀ ਦਰਬਾਰ ਸਾਹਿਬ ’ਤੇ ਕੀਤੇ ਗਏ ਹਮਲੇ ’ਤੇ ਇੰਨ ਬਿੰਨ ਪੂਰੀ ਢੁੱਕਦੀ ਹੈ। ਜਦ ਭਾਰਤੀ ਹਾਕਮਾਂ ਨੇ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਕੀਤਾ ਤਾਂ ਉਹਨਾਂ ਨੂੰ ਸਿੱਖ ਕੌਮ ਅੰਦਰ ਪੈਦਾ ਹੋਣ ਵਾਲੇ ਰੋਹੀਲੇ ਪ੍ਰਤੀਕਰਮ ਦਾ ਅੰਦਾਜਾ ਸੀ ਵੀ ਤੇ ਨਹੀਂ ਵੀ। ਰੋਹ ਭਰੇ ਫੌਰੀ ਪ੍ਰਤੀਕਰਮ ਨੂੰ ਥਾਏਂ ਨੱਪਣ ਲਈ ਤਾਂ ਉਹਨਾਂ ਨੇ ਪਹਿਲਾਂ ਹੀ ਪੂਰੇ ਪੰਜਾਬ ਨੂੰ ਸਿਕੰਜੇ ਵਾਂਗ ਜਕੜ ਰੱਖਿਆ ਸੀ। ਪਰ ਇਸ ਰੋਹੀਲੇ ਪ੍ਰਤੀਕਰਮ ਦੀ ਉਮਰ ਐਨੀ ਲੰਬੀ ਹੋ ਜਾਵੇਗੀ , ਇਸ ਦਾ ਉਹਨਾਂ ਨੂੰ ਅੰਦਾਜਾ ਨਹੀਂ ਸੀ। ਹਮਲੇ ਤੋਂ ਫੌਰੀ ਬਾਦ ਉਹਨਾਂ ਨੇ ਜਿੱਥੇ ਹਮਲੇ ਦੇ ਸਾਰੇ ਨਿਸ਼ਾਨ ਮਿਟਾਉਣ ਦੀ ਤੱਦੀ ਦਿਖਾਈ , ਉਥੇ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਸਮੇਤ ਸਿੱਖ ਲੀਡਰਸ਼ਿੱਪ ਵੀ ਇਹੋ ਜਿਹੀ ਚਾਹੀਦੀ ਸੀ ਜੋ, ਕੌਮ ਅੰਦਰ ਪਨਪੇ ਇਸ ਰੋਹ ਨੂੰ ਹੌਲੀ ਹੌਲੀ ਸ਼ਾਂਤ ਕਰ ਦੇਵੇ ਤੇ ਸਿੱਖ ਮਨਾਂ ਚੋਂ ਇਸ ਦੀ ਯਾਦ ਨੂੰ ਧੁੰਦਲਾ ਕਰ ਦੇਵੇ। ਸਿੱਖ ਰੈਫਰੈਂਸ ਲਾਇਬਰੇਰੀ ਵੀ ਇਹਨਾਂ ਕੁਟਲ ਚਾਲਾਂ ਦੀ ਹੀ ਭੇਟ ਚੜ ਗਈ ਹੈ।
ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬੰਡੂਗਰ, ਸਕੱਤਰ ਮਨਜੀਤ ਸਿੰਘ ਕਲਕੱਤਾ, ਸੁਰਜੀਤ ਸਿੰਘ ਤੇ ਬੇਅੰਤ ਸਿੰਘ ਵਲੋਂ 1991 ਤੋਂ ਲੈ ਕੈ 2003 ਤੱਕ ਪ੍ਰਧਾਨ ਮੰਤਰੀ ਸ੍ਰੀ ਵੀ.ਪੀ ਸਿੰਘ, ਸ੍ਰੀ ਇੰਦਰ ਕੁਮਾਰ ਗੁਜਰਾਲ, ਗ੍ਰਹਿ ਮੰਤਰੀ ਸ੍ਰੀ ਐਲ. ਕੇ ਅਡਬਾਨੀ, ਮੈਂਬਰ ਪਾਰਲੀਮੈਂਟ ਸ: ਸੁਰਿੰਦਰ ਸਿੰਘ ਆਹਲੂਵਾਲਿਆ ਤੇ ਸ: ਜਗਮੀਤ ਸਿੰਘ ਬਰਾੜ ਆਦਿ ਨੂੰ ਪੱਤਰ ਤਾਂ ਲਿਖੇ ਗਏ ਹਨ ਕਿ ਰੈਫਰੈਂਸ ਲਾਇਬਰੇਰੀ ਵਾਪਸ ਕਰਵਾਈ ਜਾਵੇ ਪਰ ਚੰਗੇ ਵਕੀਲ ਕਰ ਕੇ ਕਿਸੇ ਅਦਾਲਤ ਦਾ ਸਹਾਰਾ ਨਹੀਂ ਲਿਆ ਗਿਆ। ਹੋਰ ਤਾਂ ਹੋਰ ਸ਼੍ਰੋਮਣੀ ਕਮੇਟੀ ਨੇ ਤਾਂ ਸ੍ਰੀ ਦਰਬਾਰ ਸਾਹਿਬ ’ਤੇ ਹਮਲੇ ਬਾਰੇ ਆਪਣਾ ਵਾਈਟ ਪੇਪਰ ਵੀ 1996 ਵਿੱਚ ਜਾਰੀ ਕੀਤਾ ਸੀ, ਜੋ ਹੁਣ ਕਿਤੇ ਵੀ ਨਹੀਂ ਮਿਲਦਾ।
ਲਾਇਬਰੇਰੀ ਦੇ ਮਾਮਲੇ ਨੂੰ ਕਿਸੇ ਨੇ ਕਿੰਨੀ ਕੁ ਗੰਭੀਰਤਾਂ ਨਾਲ ਲਿਆ , ਇਸ ਦੀ ਮਿਸਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਉਸ ਵਕਤ ਦੇ ਜਥੇਦਾਰ ਗਿ: ਕਿਰਪਾਲ ਸਿੰਘ ਦੀ ਪੁਸਤਕ ‘‘ਅੱਖੀਂ ਡਿੱਠਾ-ਸਾਕਾ ਨੀਲਾ ਤਾਰਾ’’ ਵਿਚੋਂ ਵੀ ਮਿਲਦੀ ਹੈ। ਉਹਨਾਂ ਅਨੁਸਾਰ ‘‘ਸਿੱਖ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਲਾਭ ਸਿੰਘ ਨੂੰ ਕਿਸੇ ਸੀ. ਆਈ. ਡੀ.ਵਾਲੇ ਨੇ ਦੱਸਿਆ ਸੀ ਕਿ ਲਾਇਬਰੇਰੀ ਦੇ ਹੱਥ ਲਿਖਤ ਗੁਟਕੇ ਤੇ ਪੋਥੀਆਂ ਦਿੱਲੀ ਵਿਚ ਰੁਲ਼ ਰਹੇ ਹਨ। ਉਸ ਨੇ, ਇਕ ਦੋ ਗੁਟਕੇ ਲਿਆਕੇ ਵੀ ਦਿੱਤੇ ਸਨ। ਪਰ ਕੋਈ ਜਿਮੇਵਾਰ ਵਿਆਕਤੀ ਇੱਧਰ ਪੜਤਾਲ ਕਰਨ ਵੱਲ ਹੀ ਨਹੀਂ ਤੁਰਿਆ।’’ ਇਹ ਸੁਆਲ ਤਾਂ ਜਥੇਦਾਰ ਸਾਹਿਬ ’ਤੇ ਹੀ ਬਣਦਾ ਹੈ ਕਿ ਤੁਸੀਂ ਜਥੇਦਾਰ ਹੋਣ ਦੀ ਹੈਸੀਅਤ ਵਿਚ ਜਿੰਮੇਵਾਰ ਬੰਦਿਆਂ ਦੀ ਡਿਊਟੀ ਕਿਉਂ ਨਹੀਂ ਲਗਾਈ ?

ਸਾਕੇ ਤੋਂ ਪੂਰੇ ਚੌਦਾ ਸਾਲ ਬਾਦ ਮਾਰਚ 2000 ਵਿਚ ਉਦੋਂ ਦੇ ਗ੍ਰਹਿ ਮੰਤਰੀ ਜਾਰਜ ਫਰਨਾਡੇਜ ਨੇ ਸ਼੍ਰੋਮਣੀ ਕਮੇਟੀ ਵਲੋਂ ਲਿਖੇ ਪੱਤਰ ਦੇ ਜੁਆਬ ਵਿਚ ਲਿਖਿਆ ਸੀ ਕਿ ਸਿੱਖ ਰੈਫਰੈਂਸ ਲਾਇਬਰੇਰੀ ਦੇ ਦਸਤਾਵੇਜ ਸੀ.ਬੀ.ਆਈ ਕੋਲ ਹਨ। ਉਸ ਵਕਤ ਪੰਜਾਬ ਵਿਚ ਸ੍ਰ: ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ, ਪਰ ਸਰਕਾਰ ਨੇ ਇਸ ਸਬੰਧੀ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਨਾਲ ਕੀ ਚਿੱਠੀ ਪੱਤਰ ਕੀਤਾ , ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ। ਇਸੇ ਦੌਰਾਨ ਗਿਆਰਾਂ ਅਤੇ 12 ਜੂਨ 2000 ਦੇ ਰੋਜ਼ਾਨਾਂ ‘ਅਜੀਤ’ ਵਿਚ ਪੱਤਰਕਾਰ ਮੇਜਰ ਸਿੰਘ ਅਤੇ ਜਗਤਾਰ ਸਿੰਘ ਲਾਂਬਾ ਵਲੋਂ ਪੰਜਾਬ ਦੇ ਡੀ.ਐਸ.ਪੀ ਰਹੇ ਸਬਦਲ ਸਿੰਘ ਅਤੇ ਪੰਜਾਬ ਪੁਲਸ ਦੇ ਇੰਸਪੈਕਟਰ ਰਣਜੀਤ ਸਿੰਘ ਨੰਦਾ ਨਾਲ ਮੁਲਾਕਾਤਾਂ ਕਰਕੇ ਵਿਸਥਾਰਤ ਰਿਪੋਰਟਾਂ ਛਾਪੀਆਂ ਸਨ, ਜਿੰਨਾਂ ਵਿੱਚ ਦੋਵਾਂ ਅਫਸਰਾਂ ਨੇ ਰੈਫਰੈਂਸ ਲਾਇਬਰੇਰੀ ਦੀਆਂ ਹੱਥ ਲਿਖਤ ਪੋਥੀਆਂ, ਗੁਟਕੇ , ਹੁਕਮਨਾਮੇ ਤੇ ਹੋਰ ਦਸਤਾਵੇਜ ਸੀ.ਬੀ.ਆਈ ਦੇ ਕਬਜੇ ਵਿਚ ਹੋਣ ਦੀ ਪੁਸ਼ਟੀ ਕੀਤੀ ਸੀ। ਸਬਦਲ ਸਿੰਘ ਨੇ ਦੱਸਿਆ ਸੀ ਕਿ ਉਹ 5 ਜੂਨ 1984 ਨੂੰ ਸ੍ਰੀ ਅੰਮ੍ਰਿਤਸਰ ਵਿਚ ਸੀ.ਬੀ.ਆਈ ਨਾਲ ਡਿਊਟੀ ’ਤੇ ਸੀ। ਦੋ ਹਫਤਿਆਂ ਬਾਦ ਉਹ ਸੀ.ਬੀ.ਆਈ ਦੇ ਡਾਇਰੈਕਟਰ ਬਾਵਾ ਹਰਕਿਸ਼ਨ ਸਿੰਘ ਨਾਲ ਜਦ ਰਾਜਾਸਾਂਸੀ ਹਵਾਈ ਅੱਡੇ ਅੰਦਰ ਦਾਖਲ ਹੋਇਆ ਤਾਂ ਉਸ ਵਕਤ ਭਾਰਤੀ ਫੌਜ ਦੇ ਜਹਾਜ ਵਿਚੋਂ ਬਹੁਤ ਸਾਰੇ ਬੈਗ ਥੱਲੇ ਸੁੱਟੇ ਹੋਏ ਸਨ, ਜਿੰਨਾਂ ਵਿੱਚੋਂ ਹੱਥ ਲਿਖਤ ਪੋਥੀਆਂ ਤੇ ਗੁਟਕੇ ਧਰਤੀ ’ਤੇ ਖਿੰਡੇ ਪਏ ਸਨ। ਉਹਨਾਂ ਕਿਹਾ ਕਿ ਇਕ ਅੰਮ੍ਰਿਤਧਾਰੀ ਸਿੱਖ ਹੋਣ ਦੇ ਨਾਤੇ ਉਸ ਦੇ ਮਨ ਨੂੰ ਬਹੁਤ ਧੱਕਾ ਲੱਗਿਆ। ਉਹਨਾਂ ਅਨੁਸਾਰ ਪਹਿਲਾਂ ਇਹ ਸਾਰਾ ਸਮਾਨ ਫੌਜ ਦਿੱਲੀ ਲੈ ਗਈ ਸੀ ਤੇ ਫਿਰ ਸ੍ਰੀ ਅੰਮ੍ਰਿਤਸਰ ਲਿਆਂਦਾ ਗਿਆ। ਬਾਦ ਵਿਚ ਇਥੋਂ ਦੇ ਯੂਥ ਹੋਸਟਲ ਵਿਚ ਦੋ ਮਹੀਨੇ ਇਸ ਸਮਾਨ ਦੀ ਜਾਂਚ ਪੜਤਾਲ ਚੱਲਦੀ ਰਹੀ ਸੀ। ਸਬਦਲ ਸਿੰਘ ਦਾ ਕਹਿਣਾ ਸੀ ਕਿ ਛੇ ਜੂਨ ਤੋਂ ਬਾਦ ਹੀ ਫੌਜ ਤਾਂ ਕਹਿੰਦੀ ਆ ਰਹੀ ਸੀ ਕਿ ਸਿੱਖ ਰੈਫਰੈਂਸ ਲਾਇਬਰੇਰੀ ਤਾਂ ਅੱਗ ਨਾਲ ਸੜ ਗਈ ਹੈ, 9 ਜੂਨ ਨੂੰ ਸੜੀ ਹੋਈ ਲਾਇਬਰੇਰੀ ਦਾ ਚਾਰਜ ਵੀ ਦੇਵਿੰਦਰ ਸਿੰਘ ਦੁੱਗਲ ਨੂੰ ਦੇਣ ਦਾ ਯਤਨ ਕੀਤਾ ਗਿਆ ਸੀ ਪਰ ਫਿਰ ਦੋ ਹਫਤਿਆਂ ਬਾਦ ਹੀ ਹੱਥ ਲਿਖਤ ਪੁਸਤਕਾਂ ਗੁਟਕੇ ਤੇ ਹੋਰ ਦਸਤਾਵੇਜ ਕਿਥੋਂ ਆ ਗਏ?
ਰਣਜੀਤ ਸਿੰਘ ਨੰਦਾ ਨੇ ਵੀ ਸਬਦਲ ਸਿੰਘ ਦੀਆਂ ਗੱਲਾਂ ਦੀ ਪੁਸ਼ਟੀ ਕੀਤੀ ਹੈ। ਉਹਨਾਂ ਕਿਹਾ ਕਿ ਸੀ.ਬੀ.ਆਈ ਦੀ ਜਾਂਚ ਟੀਮ ਵਿਚ ਪੰਜਾਬ ਪੁਲਸ ਦੇ ਡੀ.ਆਈ. ਜੀ ਬਜਿੰਦਰ ਕੁਮਾਰ ਵੀ ਸਾਮਲ ਸਨ । ਉਹਨਾਂ ਕਿਹਾ ਕਿ 190 ਬੈਗ ਪੋਥੀਆਂ, ਗੁਟਕਿਆਂ, ਹੁਕਮਨਾਮਿਆਂ ਤੇ ਹੋਰ ਦਸਤਾਵੇਜਾਂ ਨਾਲ ਭਰੇ ਹੋਏ ਸਨ। ਪਰ ਜਾਂਚ ਤੋਂ ਬਾਦ ਸੀ.ਬੀ.ਆਈ ਇਸ ਸਮਾਨ ਨੂੰ ਕਿਥੇ ਲੈ ਗਈ ਇਹ ਹਾਲਾਂ ਤੱਕ ਬੁਝਾਰਤ ਬਣੀ ਹੋਈ ਹੈ।

ਰੋਜ਼ਾਨਾਂ ‘ਅਜੀਤ’ ਵਿਚ ਇਹ ਰਿਪੋਰਟਾਂ ਛਪਣ ਤੋਂ ਬਾਅਦ ਜੁਲਾਈ 2003 ਵਿਚ ਤਰਨਤਾਰਨ ਜ਼ਿਲੇ ਦੇ ਪਿੰਡ ਪੰਡੋਰੀ ਰੋਮਾਣਾ ਦੇ ਭਾਈ ਸਤਨਾਮ ਸਿੰਘ ਵਲੋਂ ਐਡਵੋਕੇਟ ਰੰਜਨ ਲਖਨਪਾਲ ਰਾਹੀਂ ਹਾਈ ਕੋਰਟ ਵਿਚ ਰਿੱਟ ਪਟੀਸਨ ਪਾਈ ਗਈ। ਪਟੀਸਨ ਵਿਚ ਭਾਰਤ ਸਰਕਾਰ ਦੇ ਗ੍ਰਹਿ ਵਿਭਾਗ ਦਾ ਸਕੱਤਰ ਰੱਖਿਆ ਮੰਤਰਾਲੇ ਦਾ ਸਕੱਤਰ, ਸੀ.ਬੀ.ਆਈ ਦਾ ਡਾਇਰੈਕਟਰ , ਪੰਜਾਬ ਸਰਕਾਰ ਦਾ ਮੁੱਖ ਸਕੱਤਰ ਤੇ ਸ਼੍ਰੋਮਣੀ ਕਮੇਟੀ ਨੂੰ ਪਾਰਟੀ ਬਣਾਇਆਂ ਗਿਆ । ਪਰ ਬਾਅਦ ਵਿਚ ਅਰਜੀ ਦੇ ਕੇ ਸ਼੍ਰੋਮਣੀ ਕਮੇਟੀ ਸਤਨਾਮ ਸਿੰਘ ਨਾਲ ਹੀ ਦੂਜੇ ਨੰਬਰ ਦੀ ਧਿਰ ਬਣ ਗਈ। ਨਾਲ ਹੀ ਸ਼੍ਰੋਮਣੀ ਕਮੇਟੀ ਨੇ ਹਾਈਕੋਰਟ ਵਿੱਚ ਰੈਫਰੈਂਸ ਲਾਇਬਰੇਰੀ ਦੇ ਸਮਾਨ ਦੀ ਇੱਕ ਸੂਚੀ ਪੇਸ਼ ਕਰ ਦਿੱਤੀ ਜਿਸ ਵਿੱਚ ਵੀਹ ਲੱਖ ਰੁਪਏ ਦੀਆਂ ਵੀਹ ਹਜ਼ਾਰ ਕਿਤਾਬਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥ ਲਿਖਤ ਸਰੂਪਾਂ ਸਮੇਤ ਪੋਥੀਆਂ ਤੇ ਗੁਟਕੇ ਪੱਚੀ ਸੌ, ਦੁਰਲੱਭ ਪੁਸਤਕਾਂ ਦੇ ਹੱਥ ਲਿਖਤ ਖਰੜੇ ਪੰਜ ਸੌ, ਦੁਰਲੱਭ ਕਿਤਾਬਾਂ, ਦਸਤਾਵੇਜਾਂ ਤੇ ਲੇਖਾਂ ਦੇ ਟਾਈਪਡ ਖਰੜੇ ਦੋ ਸੌ, ਨਵੀਂਆਂ ਪੁਰਾਣੀਆਂ ਅਖਬਾਰਾਂ ਦੀਆਂ ਜਿਲਦਾਂ ਬਾਰਾਂ ਸੌ, ਦੁਰਲੱਭ ਚਿਤਰਾਂ ਦੀਆਂ ਅਠਾਰਾਂ ਐਲਬਮਾਂ ਸਾਮਲ ਸਨ।

ਸੀ.ਬੀ.ਆਈ ਨੇ ਦਸੰਬਰ 2003 ਵਿਚ ਵਕੀਲ ਰਾਜਨ ਗੁਪਤਾ ਰਾਂਹੀ ਜੁਆਬ ਦਾਅਵਾ ਦਾਇਰ ਕਰਕੇ ਮੰਨਿਆ ਸੀ ਕਿ ਸੀ.ਬੀ.ਆਈ ਨੇ ਫੌਜ ਕੋਲੋਂ 26-4-1984, 4-7-1984, 6-7-1984 ਨੂੰ ਚਾਰ ਹਜ਼ਾਰ ਦਸਤਾਵੇਜ ਪ੍ਰਾਪਤ ਕੀਤੇ ਸਨ । ਇਹ ਦਸਤਾਵੇਜ ਅੰਮ੍ਰਿਤਸਰ ਦੇ ਯੂਥ ਹੋਸਟਲ ਵਿੱਚ ਲਿਜਾਕੇ ਜਾਂਚ ਪੜਤਾਲ ਕੀਤੀ ਗਈ ਸੀ। ਇਸੇ ਦੌਰਾਨ ਗ੍ਰਹਿ ਵਿਭਾਗ ਦੇ ਅੰਡਰ ਸੈਕਟਰੀ ਵੀਰੇਂਦਰ ਕੁਮਾਰ ਵਲੋਂ ਵਕੀਲ ਪ੍ਰਵੀਨ ਚੰਦਰ ਨੇ ਜੁਆਬ ਦਾਅਵਾ ਦਾਇਰ ਕੀਤਾ, ਜਿਸ ਵਿਚ ਕਿਹਾ ਗਿਆ ਕਿ ਮਿਤੀ 5-7-1984 ਨੂੰ ਰਸੀਦ ਨੰ:RC2/84 iii/SIC/CBI/SPE/N; DELH Iਰਾਹੀ ਸੀ.ਬੀ.ਆਈ ਨੂੰ ਚਾਰ ਵੱਡੇ ਬੈਗ ਤੇ 72 ਛੋਟੇ ਬੈਗ ਸੌਪੇਂ ਗਏ ਸਨ। ਮਿਤੀ 6 ਜੁਲਾਈ 1984 ਨੂੰ 36 ਬੈਗ , ਮਿਤੀ 7-7-1984 ਨੂੰ 16 ਵੱਡੇ ਬੈਗ ਤੇ 47 ਛੋਟੇ ਬੈਗ ਸੌਪੇਂ ਗਏ ਸਨ। ਇਸੇ ਤਰਾਂ 6 ਮਾਰਚ 1985 ਨੂੰ 12 ਬੈਗ ਸੌਪੇਂ ਗਏ ਸਨ।
ਸੀ.ਬੀ.ਆਈ ਨੇ ਆਪਣੇ ਜੁਆਬ ਦਾਅਵੇ ਵਿਚ ਪੂਰੀ ਚਤੁਰਾਈ ਤੋਂ ਕੰਮ ਲਿਆ ਹੈ। ਉਨਾਂ ਅਨੁਸਾਰ ਏਜੰਸੀ ਨੇ ਕੋਰਟ ਦੇ ਹੁਕਮਾਂ ’ਤੇ 13-10-1989 , 20-6-1990 ਤੇ 28-12-1990 ਨੂੰ ਕੁਛ ਦਸਤਾਵੇਜ ਸ਼੍ਰੋਮਣੀ ਕਮੇਟੀ ਨੂੰ ਵਾਪਸ ਵੀ ਕਰ ਦਿੱਤੇ ਸਨ। ਉਹਨਾਂ 117 ਚੀਜਾਂ ਦੀ ਸੂਚੀ ਵੀ ਪੇਸ਼ ਕੀਤੀ ਸੀ ਪਰ ਇਹਨਾਂ ਚੀਜਾਂ ਵਿਚ ਸਿਰਫ ਸ਼੍ਰੋਮਣੀ ਕਮੇਟੀ ਦੇ ਦਫਤਰ ਦਾ ਰਿਕਾਰਡ ਜਾਂ ਹੋਰ ਕਮਰਿਆ ਦਾ ਫੁਟਕਲ ਸਮਾਨ ਸੀ। ਜਿਨਾਂ ਵਿਚ ਡਾਇਰੀਆਂ, ਪਾਸ ਬੁੱਕਾਂ, ਚੈਕ ਬੁੱਕਾਂ, ਸ਼ਨਾਖਤੀ ਕਾਰਡ ਤੇ ਰਜਿਸਟਰ ਆਦਿ ਸਨ। ਸੀ.ਬੀ.ਆਈ ਨੇ ਕਿਹਾ ਕਿ ਉਹਨਾਂ ਕੋਲ ਚਾਰ ਹਜ਼ਾਰ ਦਸਤਾਵੇਜ ਸਨ। ਜਿਨਾਂ ਵਿਚੋਂ ਕੁਛ ਜੋਧਪੁਰ ਵਿਚ ਚੱਲ ਰਹੇ ਕੇਸਾਂ ਦੇ ਚਲਾਣਾਂ ਨਾਲ ਲਗਾ ਦਿਤੇ ਸਨ ਤੇ ਕੁਛ ਭੜਾਕਾਉ ਸਮਝਕੇ ਸਾੜ ਦਿਤੇ ਸਨ। ਸੀ.ਬੀ.ਆਈ ਨੇ ਕਿਹਾ ਕਿ ਹੁਣ ਸਿਰਫ ਉਸ ਕੋਲ ਪੰਜ ਚੀਜਾਂ ਬਾਕੀ ਹਨ,

  1. ਮਈ 1984 ਦਾ ‘ਸੰਤ ਸਿਪਾਹੀ ਮੈਗਜ਼ੀਨ

2. ਵੱਖ ਵੱਖ ਚਿੱਠੀਆਂ ਦੀ ਫਾਈਲ, ਜਿਸ ਦੇ 49 ਵਰਕੇ ਹਨ

3. ਬਲਵਿੰਦਰ ਸਿੰਘ ਖੋਜਕੀਪੁਰ ਦੀ 1983 ਦੀ ਡਾਇਰੀ

4. ਸਿੱਖ ਸਟੂਡੈਂਟਸ ਫੈਡਰੇਸਨ ਦੀ 29-9-83 ਦੀ ਸਲਾਨਾ ਰਿਪਰੋਟ

5. ਇਕ ਅਸਲੇ ਦਾ ਲਾਇਸੰਸ No- 926/(AVG) ਅੰਮ੍ਰਿਤਸਰ ਜੋ ਚੰਨਣ ਸਿੰਘ ਦੇ ਨਾਂ ਹੈ।

ਇਹ ਇੱਕ ਬਹੁਤ ਵੱਡਾ ਮਜ਼ਾਕ ਸੀ। ਕੀ ਸੀ.ਬੀ.ਆਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹੱਥ ਲਿਖਤ ਸਰੂਪ, ਪੋਥੀਆਂ, ਗੁਟਕੇ, ਹੁਕਮਨਾਮੇ ਤੇ ਧਰਮ ਪੁਸਤਕਾਂ ਨੂੰ ਭੜਕਾਊ ਕਹਿ ਕੇ ਸਾੜ ਸਕਦੀ ਸੀ? ਇੱਕ ਤਰਾਂ ਨਾਲ ਸੀ.ਬੀ.ਆਈ ਸਾਰੀ ਰੈਡਰੈਂਸ ਲਾਇਬਰੇਰੀ ਤੋਂ ਹੀ ਮੁਨਕਰ ਹੋ ਗਈ ਹੈ। ਸਾਰੇ ਕੇਸ ਦੀ ਸੁਣਵਾਈ ਉਪਰੰਤ ਚੀਫ ਜਸਟਿਸ ਬਿਨੋਦ ਕੁਮਾਰ ਰਾਏ ਤੇ ਜਸਟਿਸ ਸੂਰੀਆਂ ਕਾਂਤ ਨੇ ਐਡਵੋਕੇਟ ਹਰਦੇਵ ਸਿੰਘ ਮੱਤੇਨੰਗਲ, ਐਡਵੋਕੇਟ ਰੰਜਨ ਲਖਨਪਾਲ, ਕੇਂਦਰ ਸਰਕਾਰ ਦੇ ਵਕੀਲ ਪੀ.ਸੀ. ਗੋਇਲ ਤੇ ਪੰਜਾਬ ਸਰਕਾਰ ਦੇ ਸੀਨੀਅਰ 4.1.7 ਮਿਸਜ ਚਾਰੂ ਤੁਲੀ ਦੀ ਹਾਜ਼ਰੀ ਵਿਚ 26-4-2004 ਨੂੰ ਸੁਣਾਏ ਤਿੰਨ ਪੰਨਿਆਂ ਦੇ ਫੈਸਲੇ ਵਿਚ ਸੀ.ਬੀ.ਆਈ ਦੇ ਜੁਆਬ ਨੂੰ ਇੰਨ ਬਿੰਨ ਪ੍ਰਵਾਨ ਕਰ ਲਿਆ ਤੇ ਕੇਂਦਰ ਸਰਕਾਰ ਨੂੰ ਕਹਿ ਦਿੱਤਾ ਕਿ ਜੇ ਕੋਈ ਚੀਜ ਬਾਕੀ ਹੈ ਤਾਂ ਉਹ ਵਾਪਸ ਕਰ ਦਿੱਤੀ ਜਾਵੇ।

ਪਰ ਇਸ ਫੈਸਲੇ ਤੋਂ ਬਾਦ ਸੁਆਲ ਖੜਾ ਹੁੰਦਾ ਹੈ ਕਿ ਭਾਈ ਸਤਨਾਮ ਸਿੰਘ ਤੇ ਸ਼੍ਰੋਮਣੀ ਕਮੇਟੀ ਵਲੋਂ ਸੁਪਰੀਮ ਕੋਰਟ ਵਿੱਚ ਅਪੀਲ ਕਿਉਂ ਨਾ ਪਾਈ ਗਈ ? ਭਾਈ ਸਤਨਾਮ ਸਿੰਘ ਦੇ ਪਿਤਾ ਮੇਜਾ ਸਿੰਘ ਸਮੇਤ ਉਸ ਦੇ ਪ੍ਰਵਾਰ ਦੇ ਛੇ ਮਰਦ ਮੈਂਬਰ ਪੁਲਸ ਨੇ ਝੂਠੇ ਮੁਕਾਬਲਿਆਂ ਵਿਚ ਮਾਰਕੇ ਖਪਾਏ ਹੋਏ ਹਨ। ਜਿਨਾਂ ਦਾ ਕੇਸ ਸੀ.ਬੀ.ਆਈ ਅਦਾਲਤ ਪਟਿਆਲਾ ਵਿੱਚ ਚੱਲ ਰਿਹਾ ਹੈ, ਤੇ ਜਿਥੇ ਪੁਲਸ ਨੇ ਸਟੇਅ ਲੈ ਰੱਖੀ ਹੈ, ਉਹ ਉੱਧਰ ਉਲਝ ਗਿਆ । ਪਰ ਸ਼੍ਰੋਮਣੀ ਕਮੇਟੀ ਨੇ ਅਗਾਂਹ ਉਜਰ ਕਿਉਂ ਨਾ ਕੀਤਾ? ਕੀ ਇਹ ਘੇਸਲ ਜਾਣ ਬੁੱਝ ਕੇ ਮਾਰੀ ਗਈ ਸੀ? ਇਹ ਵੱਡਾ ਸੁਆਲ ਖੜਾ ਹੈ। ਜਦ ਸਤੰਬਰ 2004 ਦੇ ਵਿਚ ਪ੍ਰਧਾਨ ਮੰਤਰੀ ਸ੍ਰ: ਮਨਮੋਹਨ ਸਿੰਘ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਆਏ ਸਨ ਤਾਂ ਉਸ ਵਕਤ ਸ਼੍ਰੋਮਣੀ ਕਮੇਟੀ ਨੇ ਉਹਨਾਂ ਕੋਲੋਂ ਲਾਇਬਰੇਰੀ ਲਈ ਸੀ.ਬੀ.ਆਈ ਜਾਂਚ ਦੀ ਮੰਗ ਕੀਤੀ ਸੀ। ਪਰ ਅਸਲ ਚੋਰ ਤਾਂ ਖੁਦ ਸੀ.ਬੀ.ਆਈ ਹੈ, ਚੋਰ ਕੋਲੋਂ ਹੀ ਚੋਰੀ ਦੀ ਜਾਂਚ ਦੀ ਮੰਗ ਕਰਨਾ ਕਿਧਰਲੀ ਦਾਨਸ਼ਮੰਦੀ ਸੀ? ਉਂਝ ਸ਼੍ਰੋਮਣੀ ਕਮੇਟੀ ਨੇ ਦਿੱਲੀ ਹਾਈਕੋਰਟ ਵਿੱਚ ਭਾਰਤ ਸਰਕਾਰ ’ਤੇ ਹਜ਼ਾਰ ਕਰੋੜ ਦੇ ਮੁਆਵਜੇ ਦਾ ਕੇਸ ਕੀਤਾ ਹੋਇਆ ਹੈ ਜਿਸ ਵਿਚ ਲਾਇਬਰੇਰੀ ਵੀ ਸਾਮਲ ਹੈ। ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥ ਲਿਖਤ ਸਰੂਪਾਂ, ਪੋਥੀਆਂ, ਗੁਟਕਿਆਂ, ਹੁਕਮਨਾਮਿਆਂ ਦਾ ਮੁੱਲ ਪੈਸਿਆਂ ’ਚ ਆਂਕਿਆ ਜਾ ਸਕਦਾ ਹੈ? ਪੰਜਾਬ ਵਿਚ ਦਸ ਸਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਰਾਜ ਰਿਹਾ ਹੈ ਤੇ ਪਿਛਲੇ ਚਾਰ ਸਾਲ ਤੋਂ ਕੇਂਦਰ ਵਿਚ ਉਹਨਾਂ ਦੀ ਭਾਈਵਾਲ ਭਾਜਪਾ ਦੀ ਸਰਕਾਰ ਹੈ, ਇਸ ਦੌਰਾਨ ਲਾਇਬਰੇਰੀ ਦੀ ਤਲਾਸ਼ ਲਈ ਕੀ ਯਤਨ ਹੋਏ ਹਨ, ਇਹ ਕਿਸੇ ਨੂੰ ਨਹੀਂ ਪਤਾ।

ਪਿਛਲੇ ਸਾਲ ਕੇਂਦਰ ਸਰਕਾਰ ਨੇ ਸੀ. ਬੀ. ਆਈ ਦੇ ਹਵਾਲੇ ਨਾਲ ਇੱਕ ਸੂਚੀ ਜਾਰੀ ਕਰਕੇ ਕਿਹਾ ਸੀ ਕਿ ਉਹ ਲਾਇਬਰੇਰੀ ਦਾ ਸਾਰਾ ਸਮਾਨ ਵਾਪਸ ਕਰ ਚੁੱਕੇ ਹਨ। ਉਨਾਂ ਨੇ ਕੁੱਛ ਵਿਆਕਤੀਆਂ ਦੇ ਨਾਂਅ ਵੀ ਜਾਰੀ ਕੀਤੇ ਸਨ ਜਿਨਾਂ ਵਿੱਚ ਮੌਜੂਦਾ ਸਕੱਤਰ ਦਿਲਮੇਘ ਸਿੰਘ ਅਤੇ ਸਾਬਕਾ ਸਕੱਤਰ ਕੁਲਵੰਤ ਸਿੰਘ ਦੇ ਨਾਂਅ ਬੋਲਦੇ ਸਨ ਕਿ ਇਹਨਾਂ ਵਿਆਕਤੀਆਂ ਦੇ ਦਸਖਤ ਲੈ ਕੇ ਵਸਤੂਆਂ ਸੌਪੀਆਂ ਗਈਆ ਸਨ। ਮਾਮਲਾ ਭਖਣ ’ਤੇ ਸ਼੍ਰੋਮਣੀ ਕਮੇਟੀ ਨੇ ਕਿਰਪਾਲ ਸਿੰਘ ਬਡੂੰਗਰ ਦੀ ਪ੍ਰਧਾਨਗੀ ਹੇਠ ਪੰਜ ਮੈਂਬਰੀ ਕਮੇਟੀ ਕਾਇਮ ਕਰ ਦਿੱਤੀ ਸੀ, ਇਸ ਵਿੱਚ ਮੁੱਖ ਸਕੱਤਰ ਰੂਪ ਸਿੰਘ , ਬੀਬੀ ਜ਼ਗੀਰ ਕੌਰ, ਦਿਲਮੇਘ ਸਿੰਘ, ਅਤੇ ਸੁਖਦੇਵ ਸਿੰਘ ਭੂਰਾ ਕੋਹਨਾ ਸਾਮਲ ਸਨ। ਪਰ ਬਡੂੰਗਰ ਦੇ ਦੱਸਣ ਮੁਤਾਬਕ ਕਮੇਟੀ ਦੀਆਂ ਹੁਣ ਤੱਕ ਦੋ ਮੀਟਿੰਗਾਂ ਹੋਈਆ ਹਨ ਪਰ ਜਾਂਚ ਅਗਾਂਹ ਨਹੀਂ ਤੁਰ ਸਕੀ। ਸਪੱਸ਼ਟ ਹੈ ਕਿ ਜਾਂਚ ਅਗਾਂਹ ਤੁਰੇਗੀ ਵੀ ਨਹੀਂ ਕਿਉਂਕਿ ਕਮੇਟੀ ਵਿੱਚ ਉਹੀ ਵਿਅਕਤੀ ਸਾਮਲ ਹਨ ਜਿਨਾਂ ਨੂੰ ਸਰਕਾਰ ਨੇ ਵਸਤੂਆਂ ਸੌਪੀਆਂ ਹਨ। ਲੱਗਦਾ ਹੈ ਕਿ ਕਮੇਟੀ ਸਿਰਫ ਵਕਤ ਪੂਰਾ ਕਰਕੇ ਕੌਮ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਦਾ ਯਤਨ ਹੀ ਕਰੇਗੀ। ਇਹ ਵੀ ਪਤਾ ਲੱਗਾ ਹੈ ਕਿ ਸਰਕਾਰ ਨੇ ਕਲਚਰ ਸੈਂਟਰ ਚੰਡੀਗੜ੍ਹ ਮਾਰਫਤ ਗੁਰਦੁਅਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਪਿ੍ੰਰ: ਸਤਵੀਰ ਸਿੰਘ ਨੂੰ 87 ਦੁਰਲੱਭ ਪੇਟਿੰਗਾਂ ਸੌਪੀਆਂ ਸਨ, ਹੁਣ ਪੇਟਿੰਗਾਂ ਕਿਥੇ ਹਨ ਇਹ ਵੀ ਉਘ ਸੁਘ ਨਹੀਂ ਲੱਗਦੀ ।
ਇਸ ਸਾਰੇ ਘਟਨਾ ਕਰਮ ਚੋਂ ਇਹੋ ਸਿੱਟਾ ਨਿੱਕਲਦਾ ਹੈ ਕਿ ਸੀ.ਬੀ.ਆਈ ਦੇ ਅਫਸ਼ਰ ਅਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਇਹ ਦੁਰਲੱਭ ਸਰੂਪ , ਪੋਥੀਆਂ, ਗੁਟਕੇ , ਹੁਕਮਨਾਮੇ ਆਦਿ ਬਾਹਰਲੇ ਮੁਲਕਾਂ ਦੇ ਵਪਾਰੀਆਂ ਨੂੰ ਵੇਚ ਚੁੱਕੇ ਹਨ, ਜੋ ਸਮਾਂ ਪਾਕੇ ਬਾਹਰ ਨਿਕਲਣਗੇ । ਜਿਵੇਂ ਅੰਗਰੇਜ ਲਹੌਰ ਦਰਬਾਰ ਲੁੱਟ ਕੇ ਲੈ ਗਏ ਸਨ ਤੇ ਹੁਣ ਮਹਾਰਾਣੀ ਜਿੰਦ ਕੌਰ ਦੀਆਂ ਬਾਲੀਆਂ ਦੀ ਨਿਲਾਮੀ ਲਾਕੇ ਕਰੋੜਾ ਰੁਪਏ ਵੱਟ ਰਹੇ ਹਨ, ਸ਼ਾਇਦ ਇਹ ਵਸਤੂਆਂ ਵੀ ਇਸੇ ਲਾਲਚ ਦੀ ਭੇਟ ਚੜ ਗਈਆ ਹਨ। ਹੁਣ ਇਥੇ ਸਿਰਫ ਅਮੀਰ ਮੀਨਾਈ ਦਾ ਸ਼ੇਅਰ ਹੀ ਢੁਕਦਾ ਹੈ :
‘‘ਹੂਏ ਨਾਮਵਾਰ ਬੇਨਿਸ਼ਾਂ ਕੈਸੇ ਕੈਸੇ।
ਜ਼ਮੀਂ ਖਾ ਗਈ ਆਸਮਾਂ ਕੈਸੇ ਕੈਸੇ।’’

– ਫੋਨ ਨੰ: 9815751332

  • 195
  •  
  •  
  •  
  •