ਸਰਬੱਤ ਦੇ ਭਲੇ ਵਾਲਾ ਸਾਂਝਾ ਰਾਜ-ਪ੍ਰਬੰਧ

-ਗੁਰਤੇਜ ਸਿੰਘ

13 ਅਕਤੂਬਰ, 1973 ਨੂੰ ਸ੍ਰੀ ਅਕਾਲ ਤਖ਼ਤ ਤੋਂ ਨੈਸ਼ਨਲ ਪ੍ਰੋਫ਼ੈਸਰ ਔਵ ਸਿੱਖਿੲਜ਼ਮ ਦੀ ਉਪਾਧੀ ਗ੍ਰਹਿਣ ਕਰਦੇ ਵਕਤ ਸਿਰਦਾਰ ਕਪੂਰ ਸਿੰਘ ਨੇ ਅਕਾਲੀ ਸਿੰਘਾਂ ਪ੍ਰਤੀ ਇਹ ਬਚਨ ਕਹੇ ਹਨ : “ਪੰਥ ਦੀ ਸੈਨਿਕ ਸ਼ਕਤੀ ਦੇ ਸਰਚਾਲਕ ਜੇ ਖ਼ਾਲਸਾ ਜੀ ਦੇ ਬੋਲ ਬਾਲੇ ਅਤੇ ਸੁਤੰਤਰ ਦੇਸ਼ ਕਾਲ ਵਿਚ ਸੀਮਿਤ, ਆਜ਼ਾਦ ਪੰਥ ਦੇ ਨਿਸ਼ਾਨੇ ਨੂੰ ਪਿੱਠ ਦੇ ਕੇ ਨਿਗੂਣੇ ਨਿਜੀ ਹਿੱਤਾਂ ਦੀ ਪ੍ਰਾਪਤੀ (ਝੰਡੀ ਵਾਲੀਆਂ ਕਾਰਾਂ) ਵਾਸਤੇ ਪੰਥ ਦੀ ਅਗਾਧ ਸ਼ਕਤੀ ਅਤੇ ਪੰਥ ਦੀ ਸਹੀ ਮੰਜ਼ਿਲ ਨੂੰ ਭ੍ਰਿਸ਼ਟ-ਨਸ਼ਟ ਕਰਨ ਵਿਚ ਰੁੱਝੇ ਰਹਿਣਗੇ, ਤਦ ਉਹ ਇੱਥੇ ਉੱਥੇ ਦੋਹੀਂ ਜਹਾਨੀ ਖ਼ੁਆਰ ਹੀ ਹੋਣਗੇ, ਸਥਾਈ ਪ੍ਰਾਪਤੀ ਕੁਝ ਨਹੀਂ ਕਰ ਸਕਣਗੇ।” ਸਿਰਦਾਰ ਦੇ ਲਫ਼ਜ਼ ਰਣਜੀਤ ਸਿੰਘ ਦੇ ਸਮੇਂ ਦੇ ਸਿੱਖ ਇਤਿਹਾਸ ਦੇ ਰੋਲ-ਘਚੋਲੇ ਦਾ ਬੀਜ ਕਾਰਣ ਪ੍ਰਗਟ ਕਰਦੇ ਹਨ।

ਦਸਵੇਂ ਪਾਤਸ਼ਾਹ ਨੇ ਖ਼ਾਲਸਾ ਪੰਥ ਦੀ ਨੀਂਹ ਸੰਪੂਰਨ ਰਾਜਸੀ ਆਜ਼ਾਦੀ ਅਤੇ ਮੁਕੰਮਲ ਸ਼ਖ਼ਸੀ ਸਵੈ-ਨਿਰਭਰਤਾ ਉੱਤੇ ਰੱਖੀ ਸੀ। ਖ਼ਾਲਸਾ ਜਮਾਤ ਇਕ ਐਸਾ ਸਿਆਸੀ ਨਿਜ਼ਾਮ ਘੜਨ ਵਾਸਤੇ ਸਾਜੀ ਗਈ ਸੀ, ਜੋ ਸਭ ਦਾ ਸਾਂਝਾ ਹੋਵੇ ਅਤੇ ਜਿਸ ਵਿਚ ਹਰ ਮਨੁੱਖ ਆਪਣੇ ਅਕੀਦੇ ਅਨੁਸਾਰ ਬੇਖੌਫ਼ ਆਪਣੀ ਧਾਰਮਿਕ ਉੱਨਤੀ ਕਰ ਸਕੇ ਅਤੇ ਇਸ ਜਨ-ਸਮੂਹ ਨੂੰ ਕਿਸੇ ਦੂਜੇ ਜਨ-ਸਮੂਹ ਦਾ ਜੁਲਾ ਨਾ ਚੁੱਕਣਾ ਪਵੇ, “ਪੈ ਕੋਇ ਨ ਕਿਸੈ ਰਞਾਣਦਾ।” ਲੋਕ ਭਾਖਾ ਵਿਚ ਗੁਰੂ ਗੋਬਿੰਦ ਸਿੰਘ ਦੀ ਬਖ਼ਸ਼ੀ ਸ਼ਖ਼ਸੀ ਆਜ਼ਾਦੀ ਦਾ ਬੋਲਾ ‘ਹੰਨੇ ਹੰਨੇ ਮੀਰੀ’ ਪ੍ਰਚੱਲਤ ਹੈ। ਭਾਈ ਰਤਨ ਸਿੰਘ ਭੰਗੂ ਏਸ ਪੱਖ ਦੀ ਵਿਆਖਿਆ ਕਰਦੇ ਫ਼ੁਰਮਾਉਂਦੇ ਹਨ : ‘ਕਾਣ ਨਾ ਕਿਸਹੁ ਕੀ ਇਹ ਰਾਖਤ, ਸ਼ਹਿਨਸ਼ਾਹ ਖ਼ੁਦ ਹੀ ਕੋ ਭਾਖਤ।’ ਉਪਰੋਕਤ ਸੰਕਲਪ ਸਿੱਖੀ ਤੇ ਸਿਆਸਤ ਸੰਬੰਧੀ ਮੁੱਢਲੇ ਸੰਕਲਪ ਤੋਂ ਘੜੇ ਗਏ ਹਨ, ਜਿਸ ਅਨੁਸਾਰ ਪਰਮਾਤਮਾ ਹੀ ਸੱਚਾ ਪਾਤਿਸ਼ਾਹ ਹੈ :

ਕੋਊ ਹਰਿ ਸਮਾਨਿ ਨਹੀ ਰਾਜਾ॥
ਏ ਭੂਪਤਿ ਸਭ ਦਿਵਸ ਚਾਰਿ ਕੇ ਝੂਠੇ ਕਰਤ ਦਿਵਾਜਾ॥

ਇਨ੍ਹਾਂ ਸੰਕਲਪਾਂ ਦੀ ਸਥਾਨਿਕ ਭਾਵਨਾ ਇਹੋ ਹੈ ਕਿ ਕਿਸੇ ਵੀ ਨਿਜ਼ਾਮ ਵਿਚ ਰਹਿੰਦੇ ਹਰ ਜਨ-ਸਮੂਹ ਨੂੰ ਸਾਂਝੇ ਕਾਨੂੰਨਾਂ ਅਨੁਸਾਰ ਮੁਕੰਮਲ ਨਿਆਂ ਹਾਸਲ ਹੋ ਸਕੇ। ਕੇਵਲ ਉਹੋ ਰਾਜ ਬਣਤਰ ਸਿੱਖੀ ਨਿਯਮਾਂ ਅਨੁਸਾਰ ਸਮਝੀ ਜਾ ਸਕਦੀ ਹੈ, ਜਿਸ ਵਿੱਚ ਫਰਿਆਦੀ ਨੂੰ ਯਕੀਨ ਹੋਵੇ ਕਿ ਨਿਆਂਪਾਲਕਾ ਵਿਚ ਉਸ ਨੇ ਕਿਸੇ ਮਨੁੱਖ ਸਾਹਮਣੇ ਲਿਲਕੜੀਆਂ ਨਹੀਂ ਕੱਢਣੀਆਂ, ਬਲਕਿ ਪਰਮ ਪੁਰਖ ਦੇ ਸੱਚੇ ਦਰਬਾਰ ਵਿਚ ਹਾਜ਼ਰ ਹੋ ਕੇ ਹੱਕ ਮੰਗਣਾ ਹੈ

ਤਖਤਿ ਬਹੈ ਅਦਲੀ ਪ੍ਰਭੁ ਆਪੇ ਭਰਮੁ ਭੇਦੁ ਭਉ ਜਾਈ ਹੇ

ਸਾਹਿਬ ਨਾਨਕ ਦੇ ਨਿਰੂਪਣ ਕੀਤੇ ਉਪਰੋਕਤ ਰਾਜਸੀ ਸਿਧਾਂਤਾਂ ਨੇ ਨਿਤਾਣੇ, ਦੱਬੇ-ਕੁਚਲੇ ਲੋਕਾਂ ਵਿਚ ਅਥਾਹ ਸ਼ਕਤੀ ਭਰ ਦਿੱਤੀ ਸੀ। ਇਨ੍ਹਾਂ ਉੱਤੇ ਚੱਲਦਾ ਖ਼ਾਲਸਾ ਉੱਨੀਵੀਂ ਸਦੀ ਦੇ ਆਰੰਭ ਵਿਚ ਵੱਡੇ ਵੱਡੇ ਖੱਬੀਖ਼ਾਨਾ ਦੇ ਦੰਦ ਖੱਟੇ ਕਰ ਕੇ ਅਜਿਹੀ ਜਕੜੀ ਬਣ ਚੁੱਕਿਆ ਸੀ ਕਿ ਉਹ ਸਹਿਜੇ ਹੀ ਸਾਰੇ ਹਿੰਦੁਸਤਾਨ ਅਤੇ ਉਸ ਤੋਂ ਬਾਅਦ ਏਸ਼ੀਆ ਉੱਤੇ ਧਰਮ ਦਾ ਰਾਜ ਮੂਰਤੀਮਾਨ ਕਰਨ ਦੇ ਸਮਰੱਥ ਸੀ। ਮੁਗ਼ਲ ਸਾਮਰਾਜ ਦੀ ਹਿੱਕ ਉੱਤੇ ਨਿਸ਼ਾਨ ਸਾਹਿਬ ਗੱਡਿਆ ਜਾ ਚੁੱਕਾ ਸੀ ਅਤੇ ਅਗਲਾ ਇਤਿਹਾਸ ਦੱਸਦਾ ਹੈ ਕਿ ਉਹ ਅਫ਼ਗਾਨਿਸਤਾਨ, ਤਿੱਬਤ, ਚੀਨ, ਸਿੰਧ ਉੱਤੇ ਭਾਰੂ ਹੋਣ ਦੇ ਐਨ ਕਾਬਿਲ ਸੀ। ਪਰ ਵੇਖੋ ਰੰਗ ਕਰਤਾਰ ਦੇ ਕਿ ਜਦੋਂ ਫ਼ਸੀਲ ਨੂੰ ਹੱਥ ਪੈਣ ਹੀ ਵਾਲਾ ਸੀ, ਉਦੋਂ ਕਮੰਦ ਟੁੱਟ ਗਈ। ਖ਼ਾਲਸੇ ਦੇ ਅਵੇਸਲੇਪਣ ਕਾਰਣ ਅਥਾਹ ਲੋਕ ਸ਼ਕਤੀ ਦਾ ਅਰੁਕ ਵਹਿਣ ਇਕ ਲੋਭੀ ਮਨੁੱਖ (ਜਾਂ ਧਾੜਵੀ ਕਹੀਏ) ਦੀ ਸੌੜੀ ਸੋਚਣੀ ਦੇ ਘੜੇ ਦਾ ਸਮੁੰਦਰ ਬਣ ਕੇ ਰਹਿ ਗਿਆ।
19ਵੀਂ ਸਦੀ ਦੇ ਪਹਿਲੇ ਦਹਾਕੇ ਵਿਚ ਹੀ ਇਕ ਕੌਤਕ ਵਾਪਰਿਆ। ਹੋਲਕਰ ਦੇ ਲਾਰਡ ਲੇਕ ਕੋਲੋਂ ਹਾਰ ਕੇ ਪੰਜਾਬ ਆਉਣ ਤਕ ਖ਼ਾਲਸਾ ਗੁਰੂ ਵੱਲੋਂ ਬਖ਼ਸ਼ੀ ਅਣਮੁੱਲੀ ਰਾਜਸੀ ਮਣੀ ਨੂੰ ਗੁਰਮਤੇ ਦੇ ਰੂਪ ਵਿਚ ਸਾਂਭ-ਸਾਂਭ ਕੇ ਰੱਖਦਾ ਰਿਹਾ। ਅੰਗਰੇਜ਼ਾਂ ਅਤੇ ਹੋਲਕਰ ਪਤੀ ਵਤੀਰਾ ਗੁਰਮਤਾ ਕਰਕੇ ਹੀ ਨੀਯਤ ਕੀਤਾ ਗਿਆ। ਉਸ ਤੋਂ ਤੁਰੰਤ ਬਾਅਦ ਖ਼ਾਲਸੇ ਨੇ ਗੁਰਮਤੇ ਦੇ ਸਿਧਾਂਤ ਨੂੰ ਵਿਸਾਰ ਦਿੱਤਾ ਅਰਥਾਤ ਗੁਰੂ ਨੂੰ ਪਿੱਠ ਦੇ ਕੇ ਬੰਦਾ ਬਣ ਗਿਆ ਇਸ ਦਾ ਸਿਆਸੀ ਰੁਝਾਨ ਇਕ ਪੁਰਖੀ ਪ੍ਰਭੂਸੱਤਾ ਵੱਲ ਹੋ ਗਿਆ। ਸ਼ੁਰੂ-ਸ਼ੁਰੂ ਵਿਚ ਤਾਂ ਰਣਜੀਤ ਸਿੰਘ ਨੇ ਖ਼ਾਲਸੇ ਦੀ ਰੂਹ ਵਿੱਚੋਂ ਸਿਮਦੇ ਪ੍ਰਚੰਡ ਪ੍ਰਕਾਸ਼ ਤੋਂ ਡਰ ਕੇ ਆਜ਼ਾਦੀ ਦੇ ਸੰਕਲਪ ਦੇ ਕਲਬੂਤ ਨੂੰ ਆਨੇ-ਬਹਾਨੇ ਜਿਊਂਦਾ ਰੱਖਿਆ। ਉਹ ਗੱਦੀ ਉੱਤੇ ਨਾ ਬੈਠਾ ਅਤੇ ਆਪਣੇ-ਆਪ ਨੂੰ ਖ਼ਾਲਸੇ ਦਾ ਸੇਵਾਦਾਰ ਅਖਵਾਉਂਦਾ ਰਿਹਾ। ਇਸ ਤੋਂ ਬਾਅਦ ਵਿਚ ਆਉਣ ਵਾਲਿਆਂ ਨੇ ਲੋਈ ਹੀ ਲਾਹ ਦਿੱਤੀ।

ਆਖ਼ਰ ਧਰਮੀ ਫੌਜੀਆਂ ਨੂੰ ਛੱਡ ਕੇ ਸਭ ਦੀਆਂ ਨਜ਼ਰਾਂ ਵਿਚ ਸਹੀ ਸਿਆਸੀ ਸੰਕਲਪ ਧੁੰਦਲੇ ਪੈ ਗਏ । ਸਮਾਂ ਆਉਣ ਉੱਤੇ ਕੇਵਲ ਖ਼ਾਲਸਾ ਫ਼ੌਜਾਂ ਹੀ ਇਨ੍ਹਾਂ ਸਰਬੋਤਮ ਸੰਕਲਪਾਂ ਦੀ ਰਾਖੀ ਦੇ ਕਾਬਿਲ ਰਹਿ ਗਈਆਂ। ਜੇ ਉਹ ਵੀ ਨਾ ਨਿੱਤਰਦੇ ਤਾਂ ਅਣਮੁੱਲਾ ਖ਼ਜ਼ਾਨਾ ਸਮੇਂ ਦੀ ਧੂੜ ਨੇ ਆਪਣੇ ਵਿਚ ਸਮਾ ਲੈਣਾ ਸੀ; ਉਹ ਇਨ੍ਹਾਂ ਦਾਤਾਂ ਦੀ ਸੰਭਾਲ ਲਈ ਮਰਦਾਂ ਵਾਂਗ ਉੱਡੇ। ‘ਸ਼ਾਹ ਮੁਹੰਮਦਾ ਸਿਰਾਂ ਦੀ ਲਾਈ ਬਾਜ਼ੀ, ਨਹੀਂ ਮੋੜਦੇ ਸੂਰਮੇ ਅੰਗ ਮੀਆਂ।’ ਇਨ੍ਹਾਂ ਨੇ ਗੁਰਮਤੇ ਦੀ ਪਰੰਪਰਾ ਨੂੰ ਮੁੜ ਸੁਰਜੀਤ ਕੀਤਾ।

ਕਬ ਤਕਾਜ਼ਾ ਹੈ ਫ਼ਕਤ ਮੇਰੇ ਦਿਲੇ ਸਰਸ਼ਾਰ ਕਾ,
ਮੁੰਤਜ਼ਿਰ ਹੈ ਇਕ ਜ਼ਮਾਨਾ ਸੁਬਹ ਪੁਰ-ਅਨਵਾਰ ਕਾ।
ਆ ਰਹਾ ਹੈ ਬਹਾਰੋਂ ਕਾ ਮੌਸਮ ਭੀ ਕਰੀਬ,
ਗੁੰਚਾ ਗੁੰਚਾ ਹੰਸ ਪੜੇਗਾ ਜਬ ਮੇਰੇ ਗੁਲਜ਼ਾਰ ਕਾ

  • 54
  •  
  •  
  •  
  •