ਖ਼ਾਲਿਸਤਾਨ ਦੀ ਮੰਗ ਅਤੇ ਨਾਅਰੇ ਬਿਲੁਕਲ ਜਾਇਜ਼: ਜਥੇਦਾਰ ਅਕਾਲ ਤਖ਼ਤ ਸਾਹਿਬ

ਅੱਜ ਜੂਨ 84 ਦੇ ਘੱਲੂਘਾਰੇ ਦੀ 36ਵੀਂ ਵਰ੍ਹੇਗੰਢ ਅਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਮੀਡੀਆ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਜੂਨ 84 ਦੇ ਘੱਲੂਘਾਰੇ ਦਾ ਹਮਲਾ ਸਿੱਖ ਮਾਨਸਕਿਤਾ ‘ਤੇ ਕੀਤਾ ਹਮਲਾ ਸੀ ਅਤੇ ਇਸ ਦੀ ਪੀੜ੍ਹ ਰਹਿੰਦੀ ਦੁਨੀਆਂ ਤੱਕ ਸਿੱਖ ਕਦੇ ਭੁਲਾ ਨਹੀਂ ਸਕਣਗੇ। ਜਥੇਦਾਰ ਨੇ ਕਿਹਾ ਕਿ ਭਾਰਤ ਸਰਕਾਰ ਦੀ ਪੇਸ਼ਕਾਰੀ 36 ਸਾਲਾਂ ਬਾਅਦ ਹਾਲੇ ਵੀ ਸਿੱਖ ਵਿਰੋਧੀ ਹੈ।
ਉਨ੍ਹਾਂ ਕਿਹਾ ਖਾਲਿਸਤਾਨ ਦੀ ਮੰਗ ਨੂੰ ਜਾਇਜ਼ ਠਹਿਰਾਇਆ ਅਤੇ ਕਿਹਾ ਕਿ ਜੇਕਰ ਦਰਬਾਰ ਸਾਹਿਬ ਕਿਸੇ ਸਮਾਗਮ ਤੋਂ ਬਾਅਦ ਖਾਲਿਸਤਾਨ ਦੇ ਨਾਅਰੇ ਲਗਦੇ ਹਨ ਤਾਂ ਉਹ ਜਾਇਜ਼ ਹਨ।ਉਨ੍ਹਾਂ ਕਿਹਾ ਕਿ ਜੇ ਸਰਕਾਰ ਸਾਨੂੰ ਖ਼ਾਲਿਸਤਾਨ ਦੀ ਪੇਸ਼ਕਸ਼ ਕਰੇ, ਤਾਂ ਹੋਰ ਸਾਨੂੰ ਕੀ ਚਾਹੀਦਾ ਹੈ? ਅਸੀਂ ਅਤੇ ਦੁਨੀਆਂ ਦੇ ਸਾਰੇ ਸਿੱਖ ਇਹ ਪ੍ਰਵਾਨ ਕਰਨਗੇ ਕਿਉਂਕਿ ਹਰ ਸਿੱਖ ਖ਼ਾਲਿਸਤਾਨ ਚਾਹੁੰਦਾ ਹੈ।
ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ 1984 ਦੇ ਘੱਲੂਘਾਰੇ ਨੂੰ ਹੱਢੀਂ ਹਢਾਉਣ ਅਤੇ ਅੱਖੀਂ ਦੇਖਣ ਵਾਲਿਆਂ ਦੇ ਬਿਆਨ ਕਲਮਬੱਧ ਕੀਤੇ ਜਾਣੇ ਚਾਹੀਦੇ ਹਨ ਅਤੇ ਇੱਕ ਦਸਤਾਵੇਜ਼ ਬਣਾ ਕੇ ਵੱਖ-ਵੱਖ ਭਾਸ਼ਾਵਾਂ ‘ਚ ਪ੍ਰਿੰਟ ਕਰਾ ਕੇ ਵੰਡਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਉਹ ਆਪ ਵੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਹਿਯੋਗ ਨਾਲ ਇਹ ਕਾਰਜ ਆਰੰਭ ਕਰਨਗੇ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੀ ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨਾਲ ਮੌਜੂਦ ਸਨ। ਉਨ੍ਹਾਂ ਵੀ ਜੱਥੇਦਾਰ ਦੇ ਸਟੈਂਡ ਦੀ ਪ੍ਰੋੜ੍ਹਤਾ ਕੀਤੀ। ਉਨ੍ਹਾਂ ਕਿਹਾ ਕਿ ਜੇ ਸਰਕਾਰ ਖ਼ਾਲਿਸਤਾਨ ਦੀ ਪੇਸ਼ਕਸ਼ ਕਰੇ, ਤਾਂ ਉਹ ਉਸ ਨੂੰ ਪ੍ਰਵਾਨ ਕਰਨਗੇ।

  • 2.9K
  •  
  •  
  •  
  •