ਧਰਮੀ ਫੌਜੀਆਂ ਦੀਆਂ ਸ਼ਹਾਦਤਾਂ ਨੂੰ ਵੀ ਯਾਦ ਕਰੀਏ…

ਗੁਰਿੰਦਰਪਾਲ ਸਿੰਘ ਧਨੌਲਾ

ਜੂਨ 1984 ਵਿੱਚ ਭਾਰਤੀ ਨਿਜ਼ਾਮ ਨੇ ਸਿਰਫ ਦਰਬਾਰ ਸਾਹਿਬ ਉੱਤੇ ਹੀ ਫੌਜੀ ਹਮਲਾ ਨਹੀਂ ਕੀਤਾ ਸੀ। ਸਗੋਂ ਚਾਲੀ ਹੋਰ ਗੁਰਦਵਾਰਿਆਂ ਨੂੰ ਵੀ ਨਿਸ਼ਾਨਾਂ ਬਣਾਇਆ ਸੀ ਅਤੇ ਹਰ ਥਾਂ ਕਿਸੇ ਨਾ ਕਿਸੇ ਨੂੰ ਸ਼ਹੀਦ ਵੀ ਕੀਤਾ। ਸਾਰਾ ਪੰਜਾਬ ਫੌਜ ਦੇ ਘੇਰੇ ਵਿੱਚ ਸੀ। ਰੇਡੀਓ ਅਖਬਾਰ ਸਭ ਕੁਝ ਸੈਂਸਰ ਦੀ ਭੇਟ ਚੜ੍ਹ ਚੁੱਕਾ ਸੀ। ਜੋ ਸਰਕਾਰ ਕਹਿੰਦੀ ਸੀ ਉਹ ਹੀ ਖਬਰਾਂ ਵਿੱਚ ਸੁਣਨ ਨੂੰ ਮਿਲਦਾ ਸੀ। ਬਸ ਇੱਕ ਬੀ.ਬੀ.ਸੀ.ਰੇਡੀਓ ਉੱਤੇ ਸਤੀਸ਼ ਜੈਕਬ ਅਤੇ ਮਾਰਕ ਟੈਲੀ ਦੀਆਂ ਖਬਰਾਂ ਹੀ ਭਰੋਸੇਮੰਦ ਮੰਨੀਆਂ ਜਾ ਰਹੀਆਂ ਸਨ। ਲੰਗੋਟਾ ਡਾਕ ਰਾਹੀਂ ਸੁਣੀਆਂ ਸੁਣਾਈਆਂ ਖਬਰਾਂ ਹੋਰ ਘਬਰਾਹਟ ਪੈਦਾ ਕਰ ਰਹੀਆਂ ਸਨ। ਸੜਕਾਂ ਉੱਤੇ ਸਿਰਫ ਫੌਜ ਦੀਆਂ ਗੱਡੀਆਂ ਦੀ ਅਵਾਜ ਸੀ। ਪਿੰਡਾਂ ਦੀ ਗਲੀਆਂ ਤੱਕ ਫੌਜ ਦੀ ਗਸ਼ਤ ਸੀ। ਕੋਈ ਉੱਚਾ ਸਾਹ ਨਹੀਂ ਲੈ ਸਕਦਾ ਸੀ। ਕੁਝ ਅਕਾਲੀ ਆਗੂ ਅੰਦਰ ਘਿਰੇ ਹੋਏ ਸਨ। ਉਹਨਾਂ ਦਾ ਬਿਆਨ ਆਉਣਾ ਜਾਂ ਉਹਨਾਂ ਬਾਰੇ ਕੋਈ ਖਬਰ ਆਉਣੀ ਨਾ ਮੁੰਮਕਿਨ ਸੀ। ਇੱਕ ਹੀ ਵੱਡੇ ਅਕਾਲੀ ਆਗੂ ਸ.ਪ੍ਰਕਾਸ਼ ਸਿੰਘ ਬਾਦਲ ਬਾਹਰ ਸਨ। ਅਚਾਨਕ ਸੀ ਸ.ਬਾਦਲ ਚੰਡੀਗੜ੍ਹ ਵਿੱਚ ਪ੍ਰਗਟ ਹੋਏ ਅਤੇ ਬੜੀ ਕਾਹਲੀ ਵਿੱਚ ਇੱਕ ਪ੍ਰੈਸ ਨੋਟ ਜਾਰੀ ਕੀਤਾ ਕਿ ”ਇੰਦਰਾ ਗਾਂਧੀ ਦੀ ਅਗਵਾਈ ਵਿੱਚ ਕਾਂਗਰਸ ਸਰਕਾਰ ਨੇ ਦਰਬਾਰ ਸਾਹਿਬ ਉੱਤੇ ਫੌਜੀ ਹਮਲਾ ਕਰਕੇ ਸਿੱਖਾਂ ਨਾਲ ਜੱਗੋਂ ਤੇਰ੍ਹਵੀਂ ਕਰ ਦਿੱਤੀ ਹੈ। ਹੁਣ ਸਿੱਖ ਫੌਜੀਆਂ ਨੂੰ ਫੌਜ ਵਿਚੋਂ ਬਗਾਵਤ ਕਰ ਦੇਣੀ ਚਾਹੀਦੀ ਹੈ।”

ਹਰ ਸਿੱਖ ਦਰਬਾਰ ਸਾਹਿਬ ਵਿੱਚ ਸ਼ਰਧਾ ਰੱਖਦਾ ਹੈ। ਸਿੱਖ ਫੌਜੀ ਵੀ ਆਮ ਤੌਰ ਉੱਤੇ ਛੁੱਟੀ ਆਉਂਦੇ ਤਾਂ ਬੱਚਿਆਂ ਨੂੰ ਦਰਬਾਰ ਸਾਹਿਬ ਦੇ ਦਰਸ਼ਨ ਕਰਵਾਉਣ ਨੂੰ ਪਹਿਲ ਦਿੰਦੇ। ਇੱਕ ਫੌਜੀ ਨੂੰ ਫੌਜ ਵਿੱਚ ਨੌਕਰੀ ਦੇਣ ਸਮੇਂ ਦੇਸ਼ ਨਾਲ ਵਫ਼ਾਦਾਰੀ ਰੱਖਣ ਦੀ ਸਹੁੰ ਵੀ ਉਸ ਦੇ ਧਰਮ ਅਨੁਸਾਰ ਹੀ ਚੁਕਾਈ ਜਾਂਦੀ ਹੈ। ਇਸ ਕਰਕੇ ਹਰ ਫੌਜੀ ਉਬਲਿਆ ਪਿਆ ਸੀ ਕਿ ਜਿਸ ਇਸ਼ਟ ਦੀ ਸਹੁੰ ਲੈਕੇ ਅਸੀਂ ਫੌਜੀ ਬਣੇ ਹਾਂ। ਅੱਜ ਉਸ ਫੌਜ ਨੇ ਸਾਡੇ ਇਸ਼ਟ ਉੱਤੇ ਹੀ ਹਮਲਾ ਕਰ ਦਿੱਤਾ ਹੈ। ਦੂਜੇ ਪਾਸੇ ਸ.ਪ੍ਰਕਾਸ਼ ਸਿੰਘ ਬਾਦਲ ਦਾ ਬਿਆਨ, ਕਿ ਸਿੱਖ ਫੌਜੀਆਂ ਨੂੰ ਬਗਾਵਤ ਕਰ ਦੇਣੀ ਚਾਹੀਦੀ ਹੈ, ਬਲਦੀ ਉੱਤੇ ਤੇਲ ਦਾ ਕੰਮ ਕਰ ਗਿਆ। ਫੌਜੀ ਵੀਰਾਂ ਨੇ ਆਪਣੀਆਂ ਬੈਰਕਾਂ ਛੱਡਕੇ ਦਰਬਾਰ ਸਾਹਿਬ ਵੱਲ ਨੂੰ ਚਾਲੇ ਪਾ ਦਿੱਤੇ। ਇਹਨਾਂ ਫੌਜੀਆਂ ਅੰਦਰ ਬਦਲੇ ਦੀ ਭਾਵਨਾ ਨਹੀਂ ਸੀ। ਸਗੋਂ ਇਹ ਤੜਫ਼ਣਾ ਸੀ ਕਿ ਅਸੀਂ ਜਾ ਕੇ ਦੇਖੀਏ ਕਿ ਕਿਤੇ ਫੌਜ ਨੇ ਸਾਡਾ ਦਰਬਾਰ ਸਾਹਿਬ ਹੀ ਤਾਂ ਨਹੀਂ ਢਾਹ ਦਿੱਤਾ? ਜੇ ਇਹਨਾਂ ਫੌਜੀਆਂ ਦੇ ਅੰਦਰ ਕੋਈ ਮੰਦਭਾਵਨਾ ਹੁੰਦੀ ਤਾਂ ਕਿਸੇ ਇੱਕ ਸ਼ਹਿਰ ਵਿੱਚ ਵੜਕੇ, ਜਾਂ ਕਿਸੇ ਇੱਕ ਵੀ.ਆਈ.ਪੀ. ਇਲਾਕੇ ਨੂੰ ਘੇਰ ਕੇ, ਉੱਥੋਂ ਦੇ ਵਸਿੰਦਿਆਂ ਨੂੰ ਬੰਦੀ ਬਣਾਕੇ, ਮੰਗ ਕਰ ਸਕਦੇ ਸਨ ਕਿ ਦਰਬਾਰ ਸਾਹਿਬ ਅਤੇ ਪੰਜਾਬ ਵਿੱਚੋਂ ਤਰੁੰਤ ਫੌਜ ਨੂੰ ਵਾਪਿਸ ਬੁਲਾਓ ਨਹੀਂ ਤਾਂ ਅਸੀਂ ਇਹਨਾ ਲੋਕਾਂ ਨੂੰ ਖਤਮ ਕਰ ਦੇਵਾਂਗੇ। ਪ੍ਰੰਤੂ ਫੌਜੀ ਵੀਰਾਂ ਦੀ ਆਮ ਲੋਕਾਂ ਨਾਲ ਕੋਈ ਦੁਸ਼ਮਣੀ ਨਹੀਂ ਸੀ। ਇਸ ਕਰਕੇ ਉਹਨਾਂ ਬੈਰਕਾਂ ਛੱਡਣ ਵਾਲੇ ਫੌਜੀਆਂ ਨੇ ਕਿਸੇ ਦਾ ਨੁਕਸਾਨ ਕੀਤੇ ਬਿਨ੍ਹਾਂ, ਅਮ੍ਰਿਤਸਰ ਸਾਹਿਬ ਵੱਲ ਨੂੰ ਸਫ਼ਰ ਅਰੰਭਿਆ। ਪ੍ਰੰਤੂ ਭਾਰਤ ਦੇ ਸਿੱਖ ਵਿਰੋਧੀ ਨਿਜ਼ਾਮ ਦੇ ਹੁਕਮ ਨਾਲ ਰਸਤੇ ਵਿੱਚ ਹੀ ਭਾਰਤੀ ਫੌਜ ਨੇ ਇਹਨਾਂ ਫੌਜੀਆਂ ਉੱਤੇ ਗੋਲੇ ਦਾਗਕੇ ਬਹੁਤ ਸਾਰਿਆਂ ਨੂੰ ਸ਼ਹੀਦ ਕਰ ਦਿੱਤਾ ਅਤੇ ਬਾਕੀਆਂ ਨੂੰ ਗ੍ਰਿਫਤਾਰ ਕਰ ਲਿਆ। ਉਹਨਾਂ ਦਾ ਕੋਰਟ ਮਾਰਸ਼ਲ ਹੋਇਆ ਨੌਕਰੀਆਂ ਗਈਆਂ,ਤਸੀਹੇ ਮਿਲੇ,ਪਰਿਵਾਰਾਂ ਦੀ ਖੱਜਲ ਖੁਆਰੀ ਹੋਈ।

ਪ੍ਰੰਤੂ ਸਿੱਖ ਪੰਥ ਨੇ ਇਹਨਾਂ ਫੌਜੀ ਵੀਰਾਂ ਨੂੰ ਧਰਮੀਂ ਫੌਜੀਆਂ ਦਾ ਨਾਮ ਦੇ ਕੇ ਸਤਿਕਾਰਿਆ। ਬਸ ਇਹ ਹੀ ਆਖਰੀ ਸਤਿਕਾਰ ਸੀ। ਜੋ ਧਰਮੀਂ ਫੌਜੀਆਂ ਨੂੰ ਮਿਲ ਗਿਆ। ਉਸ ਤੋਂ ਬਾਅਦ ਸਿੱਖ ਸੰਗਤ ਤਾਂ ਇਜ਼ਤ ਕਰਦੀ ਰਹੀ। ਪਰ ਜਿਹੜੇ ਸਿਆਸੀ ਆਗੂ ਬਗਾਵਤ ਕਰਨ ਵਾਸਤੇ ਉਕਸਾਉਣ ਵਾਲੇ ਬਿਆਨ ਦਿੰਦੇ ਸਨ, ਜਦੋਂ ਉਹ ਮੁੱਖ ਮੰਤਰੀ ਜਾਂ ਕੇਂਦਰ ਸਰਕਾਰ ਵਿੱਚ ਭਾਈਵਾਲ ਬਣੇ, ਅੱਜ ਤੱਕ ਵੀ ਕੇਂਦਰ ਵਿੱਚ ਭਾਈਵਾਲ ਹਨ, ਨੇ ਇਹਨਾਂ ਦੀ ਸਾਰ ਨਾ ਲਈ। ਅੱਜ ਜੇ ਇਹਂਨਾਂ ਯੋਧਿਆਂ ਦੇ ਘਰਾਂ ਦਾ ਹਾਲ ਵੇਖਿਆ ਜਾਵੇ ਤਾਂ ਤਰਸ ਵੀ ਆਵੇਗਾ ਅਤੇ ਆਪਣੇ ਸਿੱਖ ਆਗੂਆਂ ਉੱਤੇ ਗੁੱਸਾ ਵੀ ਆਵੇਗਾ ਕਿ ਪੰਜ ਪੰਜ ਵਾਰ ਮੁੱਖ ਮੰਤਰੀ ਬਣਨ ਵਾਲੇ,ਕੇਦਰੀ ਸਰਕਾਰ ਵਿੱਚ ਹਿੱਸੇਦਾਰੀਆਂ ਪਾਉਣ ਵਾਲੇ,ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਉੱਤੇ ਕਾਬਜ਼ ਹੋਣ ਵਾਲੇ,ਇਹਨਾਂ ਧਰਮੀਂ ਫੌਜੀਆਂ ਦੀ ਬਾਂਹ ਨਾ ਫੜ੍ਹ ਸਕੇ। ਬੜੇ ਵਾਅਦੇ ਕੀਤੇ ਗਏ ਅਕਾਲੀ ਦਲ ਦੀਆਂ ਮੀਟਿੰਗਾਂ ਵਿੱਚ ਮਤੇ ਪਾਏ ਗਏ। ਧਰਮੀਂ ਫੌਜੀਆਂ ਦੇ ਮੁੜ ਵਸੇਬੇ ਬਾਰੇ ਸ਼ੇਖ ਚਿੱਲੀ ਵਰਗੇ ਖਿਆਲੀ ਪਲਾਓ ਵੀ ਬਣਾਏ ਗਏ। ਪ੍ਰੰਤੂ ਅਸਲੀਅਤ ਕੁਝ ਹੋਰ ਹੈ। ਅਸੀਂ ਵੀ ਬੇਸ਼ੱਕ ਇੱਕ ਜੂਨ ਤੋਂ ਛੇ ਜੂਨ ਤੱਕ ਹਰ ਸਾਲ ਘੱਲੂਘਾਰਾ ਹਫਤਾ ਮਨਾਉਂਦੇ ਹਾਂ। ਪ੍ਰੰਤੂ ਅਸੀਂ ਦਰਬਾਰ ਸਾਹਿਬ ਦੀ ਚਾਰਦੀਵਾਰੀ ਦੇ ਅੰਦਰ ਹੀ ਸਿਮਟਕੇ ਰਹਿ ਜਾਂਦੇ ਹਾਂ। ਇਹ ਹਮਲਾ ਸਿਰਫ ਦਰਬਾਰ ਸਾਹਿਬ ਉੱਤੇ ਜਾਂ ਕੇਵਲ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਸ਼ਹੀਦ ਕਰਨ ਤੱਕ ਸੀਮਤ ਨਹੀਂ ਸੀ। ਸਗੋਂ ਇਹ ਤਾਂ ਕੌਮ ਦਾ ਹਰ ਪੱਖੋਂ ਲੱਕ ਤੋੜਨ ਵਾਸਤੇ ਸੀ।

ਇਹ ਵੀ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜੂਨ 1984 ਦਾ ਦਰਬਾਰ ਸਾਹਿਬ ਉੱਤੇ ਫੌਜੀ ਹਮਲਾ ਕੋਈ ਆਖਰੀ ਹਮਲਾ ਨਹੀਂ ਹੈ? ਜਾਂ ਅਸੀਂ ਅਵੇਸਲੇ ਹੋ ਜਾਈਏ ਕਿ ਹੁਣ ਕਦੇ ਅਜਿਹਾ ਨਹੀਂ ਵਾਪਰੇਗਾ? ਕਿਉਂਕਿ ਭਾਰਤੀ ਨਿਜ਼ਾਮ ਸਿੱਖਾਂ ਦੀ ਵੱਖਰੀ ਪਛਾਣ ਉੱਤੇ ਚਿੜ੍ਹਦਾ ਹੈ ਅਤੇ ਓਦੋਂ ਤੱਕ ਚੈਨ ਨਾਲ ਨਹੀਂ ਬੈਠ ਸਕਦਾ, ਜਿੰਨੀ ਦੇਰ ਸਿੱਖਾਂ ਨੂੰ ਨਿਗਲ ਨਾ ਲਵੇ। ਇਸ ਕਰਕੇ ਅਗਲਾ ਹਮਲਾ ਕਿਸੇ ਵੇਲੇ ਵੀ ਹੋ ਸਕਦਾ ਹੈ। ਇਹ ਵੱਖਰੀ ਗੱਲ ਹੈ ਕਿ ਉਹ ਹਮਲਾ ਫੌਜੀ ਨਾ ਹੋਵੇ। ਉਸ ਵਿੱਚ ਹਥਿਆਰ ਜਾਂ ਬਰੂਦ ਨਾ ਵਰਤਿਆ ਜਾਵੇ। ਪ੍ਰੰਤੂ ਇਸ ਤੋਂ ਵੀ ਖਤਰਨਾਕ ਹਮਲਾ ਹੋ ਸਕਦਾ ਹੈ। ਇਸ ਵਾਸਤੇ ਸਾਨੂੰ ਸੁਚੇਤ ਰਹਿਣ ਦੇ ਨਾਲ ਨਾਲ,ਹੁਣ ਤੱਕ ਦੇ ਹਮਲਿਆਂ ਵਿੱਚ ਸਰਕਾਰ ਦਾ ਜਬਰ ਸਹਿਣ ਵਾਲੇ ਜਾਂ ਮੁਕਾਬਲੇ ਕਰਨ ਵਾਲੇ,ਖਾਸ ਕਰਕੇ ਧਰਮੀਂ ਫੌਜੀਆਂ ਦੀ ਕਦਰ ਅਤੇ ਸੰਭਾਲ ਕਰਨੀ ਚਾਹੀਦੀ ਹੈ ਤਾਂ ਕਿ ਜੇ ਹਮਲਾ ਹੋਵੇ ਤਾਂ ਸਾਡੇ ਜੰਗਜੂ ਕੁਰਬਾਨੀ ਵਾਸਤੇ ਕਿਸੇ ਗੱਲੋਂ ਝਿਜਕ ਨਾ ਵਿਖਾਉਣ। ਅੱਜ ਵੀ ਕੁਝ ਨਹੀਂ ਵਿਗੜਿਆ। ਮੇਰੀ ਕੌਮ ਕੋਲ ਬਹੁਤ ਸਰਮਾਇਆ ਹੈ। ਇਹ ਹੀ ਸੋਚ ਲਵੋ ਕਿ ਇਸ ਸਾਲ ਵਿੱਚ ਇੱਕ ਚੋਣ ਹੋਰ ਲੜਨੀ ਪੈ ਗਈ। ਬਸ ਜਿੰਨਾਂ ਕੁ ਚੋਣ ਫ਼ੰਡ ਅਸੀਂ ਝੂਠੇ,ਮਕਾਰ,ਕੌਮ ਧ੍ਰੋਹੀ ਅਤੇ ਦਿੱਲੀ ਦੇ ਦੱਲੇ ਸਿੱਖ ਆਗੂਆਂ ਨੂੰ ਦਿੰਦੇ ਹਾਂ। ਓਨੇ ਕੁ ਫ਼ੰਡ ਇੱਕ ਵਾਰ ਧਰਮੀਂ ਫੌਜੀ ਵੀਰਾਂ ਦੀ ਸੰਭਾਲ ਅਤੇ ਵਸੇਬੇ ਉੱਤੇ ਖਰਚ ਕਰਕੇ ਆਪਣੇ ਕੌਮੀਂ ਫਰਜਾਂ ਦੀ ਪੂਰਤੀ ਕਰੀਏ।
ਗੁਰੂ ਰਾਖਾ।

  • 70
  •  
  •  
  •  
  •