ਯੂਕੇ ਸੰਸਦ ‘ਚ ਗੂੰਜਿਆ ਜੂਨ 84 ਘੱਲੂਘਾਰੇ ਦਾ ਮੁੱਦਾ

ਬ੍ਰਿਟਿਸ਼ ਸਿੱਖ ਓਪੋਜ਼ੀਸ਼ਨ ਲੇਬਰ ਪਾਰਟੀ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਜੂਨ 1984 ਵਿੱਚ ਤੀਜੇ ਘੱਲੂਘਾਰੇ ਵਿੱਚ ਮਾਰਗਰੇਟ ਥੈਚਰ ਦੀ ਅਗਵਾਈ ਵਾਲੀ ਬ੍ਰਿਟਿਸ਼ ਸਰਕਾਰ ਦੀ ਸ਼ਮੂਲੀਅਤ ਦੀ ਸੁਤੰਤਰ ਜਾਂਚ ਕਰਨ ਦੀ ਮੰਗ ਕੀਤੀ ਹੈ। ਬ੍ਰਿਟੇਨ ਦੇ ਸਭ ਤੋਂ ਪਹਿਲੇ ਦਸਤਾਰਧਾਰੀ ਸਿੱਖ ਸੰਸਦ ਮੈਂਬਰ ਨੇ ਵੀਰਵਾਰ ਨੂੰ ਹਾਊਸ ਆਫ ਕਾਮਨਜ਼ ਵਿੱਚ 36 ਸਾਲਾ ਪੁਰਾਣਾ ਮੁੱਦਾ ਉਠਾਇਆ ਤੇ ਇਸ ਮੁੱਦੇ ‘ਤੇ ਬਹਿਸ ਦਾ ਸੱਦਾ ਵੀ ਦਿੱਤਾ। ਢੇਸੀ ਨੇ ਕਿਹਾ ਕਿ ਇਸ ਹਫਤੇ ਅਪਰੇਸ਼ਨ ਬਲਿਊ ਸਟਾਰ ਨੂੰ 36 ਸਾਲ ਹੋ ਗਏ ਹਨ ਜਦੋਂ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਸਭ ਤੋਂ ਸਤਿਕਾਰਤ ਅਸਥਾਨ ਅੰਮ੍ਰਿਤਸਰ ਦੇ ਸ੍ਰੀ ਦਰਬਾਰ ਸਾਹਿਬ ‘ਤੇ ਘਿਨਾਉਣੇ ਹਮਲੇ ਦਾ ਆਦੇਸ਼ ਦਿੱਤਾ ਸੀ।
ਢੇਸੀ ਨੇ ਅੱਗੇ ਕਿਹਾ ਕਿ ਹਾਲ ਹੀ ਦੇ ਖੁਲਾਸਿਆਂ ਤੇ ਬ੍ਰਿਟਿਸ਼ ਸਿੱਖ ਭਾਈਚਾਰੇ ਵਿੱਚੋਂ ਵੱਡੀ ਮੰਗ ਤੇ ਲੇਬਰ ਪਾਰਟੀ ਤੇ ਹੋਰ ਵਿਰੋਧੀ ਪਾਰਟੀਆਂ ਦੀ ਹਮਾਇਤ ਦੇ ਬਾਵਜੂਦ, ਹਮਲੇ ਵਿੱਚ ਥੈਚਰ ਸਰਕਾਰ ਦੀ ਸ਼ਮੂਲੀਅਤ ਦੀ ਹੱਦ ਤੈਅ ਕਰਨ ਲਈ ਇੱਕ ਸੁਤੰਤਰ ਜਾਂਚ ਅਜੇ ਤੱਕ ਨਹੀਂ ਹੋ ਸਕੀ ਹੈ। ਕਾਮਨਜ਼ ਦੇ ਲੀਡਰ, ਜੈਕਬ ਰੀਸ-ਮੋਗ ਨੇ ਸਰਕਾਰ ਵੱਲੋਂ ਜਵਾਬ ਦਿੰਦੇ ਹੋਏ ਕਿਹਾ ਕਿ ਮੈਨੂੰ ਪੂਰਾ ਭਰੋਸਾ ਹੈ ਕਿ ਮਾਰਗਰੇਟ ਥੈਚਰ, ਦੇਸ਼ ਦੇ ਮਹਾਨ ਨੇਤਾਵਾਂ ਵਿੱਚੋਂ ਇੱਕ ਰਹੀ ਹੈ, ਉਸ ਨੇ ਹਮੇਸ਼ਾਂ ਸਹੀ ਵਿਵਹਾਰ ਕੀਤਾ ਹੋਵੇਗਾ। ਜਾਂਚ ਦੀ ਮੰਗ ਕੁਝ ਸਾਲ ਪਹਿਲਾਂ ਉੱਠੀ ਸੀ ਜਦੋਂ ਇਹ ਗੱਲ ਉੱਭਰ ਕੇ ਸਾਹਮਣੇ ਆਈ ਸੀ, 84 ਘੱਲੂਘਾਰੇ ਤੋਂ ਪਹਿਲਾਂ ਬ੍ਰਿਟਿਸ਼ ਫੌਜ ਵੱਲੋਂ ਭਾਰਤੀ ਫੌਜਾਂ ਨੂੰ ਇਸ ਸਬੰਧ ‘ਚ ਸਲਾਹ ਦਿੱਤੀ ਗਈ ਸੀ।
ਉਸ ਸਮੇਂ ਦੇ ਬ੍ਰਿਟਿਸ਼ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਨੇ ਇਸ ਖੋਜ ਦੀ ਅੰਦਰੂਨੀ ਸਮੀਖਿਆ ਦਾ ਆਦੇਸ਼ ਦਿੱਤਾ ਸੀ, ਜਿਸ ਕਾਰਨ ਸੰਸਦ ਵਿੱਚ ਇਹ ਐਲਾਨ ਹੋਇਆ ਸੀ ਕਿ ਬ੍ਰਿਟੇਨ ਦੀ ਭੂਮਿਕਾ ਪੂਰੀ ਤਰ੍ਹਾਂ “ਸਲਾਹਕਾਰ” ਰਹੀ ਹੈ ਤੇ ਵਿਸ਼ੇਸ਼ ਹਵਾਈ ਸੇਵਾ (ਐਸਏਐਸ) ਦੀ ਸਲਾਹ ਦਾ ਹਮਲੇ ਉੱਤੇ “ਸੀਮਤ ਪ੍ਰਭਾਵ”ਪਿਆ।

  •  
  •  
  •  
  •  
  •