ਘੱਲੂਘਾਰੇ ਦੇ ਜ਼ਖਮਾਂ ਤੋਂ ਅੰਤਿਮ ਫ਼ਤਹਿ ਤੱਕ

-ਪ੍ਰਭਸ਼ਰਨਬੀਰ ਸਿੰਘ

ਜੂਨ 1984 ਦਾ ਘੱਲੂਘਾਰਾ ਸਿੱਖ ਪੰਥ ਦੇ ਪਿੰਡੇ ਉੱਤੇ ਲੱਗਿਆ ਅਜਿਹਾ ਜ਼ਖਮ ਹੈ ਜਿਹੜਾ ਸ਼ਾਇਦ ਸਦੀਆਂ ਬਾਅਦ ਭਰ ਤਾਂ ਭਾਵੇਂ ਜਾਵੇ, ਪਰ ਇਸ ਦਾ ਨਿਸ਼ਾਨ ਸਦਾ ਸਲਾਮਤ ਰਹੇਗਾ। ਜ਼ਖਮ ਭਰਦਾ ਕੇਵਲ ਉਦੋਂ ਹੀ ਹੈ ਜਦੋਂ ਇਸਨੂੰ ਦੇਣ ਵਾਲੀ ਤਾਕਤ ਦਾ ਨਾਸ਼ ਹੋ ਜਾਵੇ। ਪਰ ਨਿਸ਼ਾਨ ਸਮੂਹਿਕ ਯਾਦ ਵਿਚ ਸਦਾ ਬਰਕਰਾਰ ਰਹਿੰਦਾ ਹੈ।
ਕਈ ਜ਼ਖਮ ਅਜਿਹੇ ਹੁੰਦੇ ਹਨ ਜਿਹਨਾਂ ਦੀ ਕਸਕ ਰੂਹ ਤੱਕ ਨੂੰ ਫੱਟੜ ਕਰ ਜਾਂਦੀ ਹੈ। ’84 ਦਾ ਜ਼ਖਮ ਵੀ ਅਜਿਹਾ ਹੀ ਹੈ। ਇਸ ਜ਼ਖਮ ਨੇ ਸਿੱਖ ਸਪਿਰਿਟ ਨੂੰ ਸ਼ਹਾਦਤਾਂ ਦੇ ਗੂੜ੍ਹੇ ਰੰਗ ਵਿਚ ਰੰਗ ਦਿੱਤਾ। ਸ਼ਹਾਦਤਾਂ ਦੇ ਇਸ ਰੰਗ ਨੇ ਹੀ ਸਾਡੇ ਸੁਪਨਿਆਂ ਦੇ ਦੇਸ ਨੂੰ ਆਬਾਦ ਕਰਨਾ ਹੈ।

ਕਾਮਲ ਸੂਫ਼ੀ ਫਕੀਰ ਤੇ ਬੇਮਿਸਾਲ ਸ਼ਾਇਰ ਮੌਲਾਨਾ ਰੂਮੀ ਆਖਦੇ ਹਨ ਕਿ ਜ਼ਖਮ ਉਹ ਥਾਂ ਹੁੰਦੀ ਹੈ ਜਿਸ ਰਾਹੀਂ ਇਲਾਹੀ ਪ੍ਰਕਾਸ਼ ਤੁਹਾਡੇ ਅੰਦਰ ਦਾਖਲ ਹੁੰਦਾ ਹੈ। ਜਿਸਨੇ ਕਦੇ ਫੱਟ ਨਹੀਂ ਖਾਧਾ, ਉਹ ਚਾਨਣ ਤੋਂ ਵਿਰਵਾ ਹੁੰਦਾ ਹੈ। ਜ਼ਖਮ ਤੇ ਚਾਨਣ, ਦੋਵੇਂ ਇੱਕ ਅਜੀਬ ਸਾਂਝ ਵਿਚ ਬੱਝੇ ਹਨ। ਇੱਕ ਤੋਂ ਬਿਨਾਂ ਦੂਜਾ ਹੋ ਨਹੀਂ ਸਕਦਾ। ਸ਼ਾਇਦ ਇਸੇ ਲਈ ਸਤਿਗੁਰਾਂ ਨੇ ਦੁਖਾਂ ਨੂੰ ਦਾਰੂ ਅਤੇ ਸੁਖਾਂ ਨੂੰ ਰੋਗ ਆਖਿਆ ਹੈ। ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਤਿਹਾਸ ਨੇ ਜਿਹੜੇ ਬੇਸ਼ੁਮਾਰ ਜ਼ਖਮ ਸਾਨੂੰ ਦਿੱਤੇ ਹਨ, ਉਹਨਾਂ ਦੇ ਸਦਕਾ ਹੀ ਅਸੀਂ ਅਜੇ ਤਾਂਈਂ ਸਲਾਮਤ ਹਾਂ। ਆਪਣੀ ਰੂਹ ‘ਤੇ ਲੱਗੇ ਜ਼ਖਮਾਂ ਦੀ ਕਸਕ ਤੋਂ ਭੱਜਣ ਵਾਲੀਆਂ ਕੌਮਾਂ ਇਤਿਹਾਸ ਦੇ ਮਾਰੂਥਲਾਂ ਵਿਚ ਭਟਕ ਕੇ ਗੁਆਚ ਜਾਂਦੀਆਂ ਹਨ। ਇਹ ਜ਼ਖਮ ਵੀ ਸਤਿਗੁਰਾਂ ਦੀ ਦਾਤ ਹਨ। ਇਹਨਾਂ ਨੂੰ ਪਿਆਰ ਕਰਨਾ ਸਿੱਖੋ। ਇਹਨਾਂ ਦੀ ਪੀੜ ਨੂੰ ਆਪਣੇ ਅਮਲ ਵਿਚ ਇਸ ਕਦਰ ਉਤਾਰੋ ਕਿ ਇਤਿਹਾਸ ਦੇ ਵਹਿਣ ਬਦਲ ਜਾਣ।

ਜਿਹਨਾਂ ਬੇਮਿਸਾਲ ਕੁਰਬਾਨੀਆਂ, ਘੋਰ ਤਸੀਹਿਆਂ ਅਤੇ ਅਜਰ ਦੁਖਾਂ ਨੂੰ ਜਰਨ ਵਾਲੇ ਸਿਦਕ ਦਾ ਜ਼ਿਕਰ ਸਿੱਖ ਅਰਦਾਸ ਵਿਚ ਆਉਂਦਾ ਹੈ, ਉਹਨਾਂ ਦਾ ਭੇਤ ਵੀ ਇਹੀ ਹੈ। ਇਹਨਾਂ ਜ਼ਖਮਾਂ ਦੀ ਯਾਦ ਰਾਹੀਂ ਹੀ ਗੁਰਬਾਣੀ ਦਾ ਚਾਨਣ ਸਾਡੇ ਅੰਦਰ ਪ੍ਰਵੇਸ਼ ਕਰਦਾ ਹੈ। ਅਰਦਾਸ ਸਾਡੀ ਰੂਹ ਦੇ ਦਰਾਂ ਨੂੰ ਪਰਮਾਤਮਾ ਵੱਲੋਂ ਆਉਂਦੇ ਚਾਨਣ ਵੱਲ ਖੋਲ੍ਹਦੀ ਹੈ। ਜਿਹੜੇ ਤਸੀਹੇ ਸਿੱਖਾਂ ਨੇ ਆਪਣੇ ਪਿੰਡਿਆਂ ਅਤੇ ਰੂਹਾਂ ਉੱਤੇ ਝੱਲ ਕੇ ਸਿਦਕਾਂ ਨੂੰ ਸਲਾਮਤ ਰੱਖਿਆ, ਉਹਨਾਂ ਨੂੰ ਯਾਦ ਕੀਤੇ ਬਿਨਾਂ ਅਸੀਂ ‘ਸਿੱਖੀ ਦਾਨ’ ਮੰਗਣ ਦੇ ਵੀ ਹੱਕਦਾਰ ਨਹੀਂ ਬਣਦੇ। ਇਹਨਾਂ ਜ਼ਖਮਾਂ ਦੀ ਯਾਦ ਸਾਡੀ ਰੂਹ ਤੇ ਲੱਗੀਆਂ ਉਹ ਅਗੰਮੀ ਬਾਰੀਆਂ ਹਨ ਜਿਹਨਾਂ ਰਾਹੀਂ ਜੋਤ ਸਰੂਪ ਬਾਣੀ ਦਾ ਜਲੌਅ ਸਾਡੇ ਅੰਦਰ ਨੂੰ ਸਰਸ਼ਾਰ ਕਰਦਾ ਹੈ।

ਜਿਹਨਾਂ ਨੇ ਇਸ ਪੀੜ ਨੂੰ ਪਿੱਠ ਵਿਖਾਈ ਹੈ, ਉਹਨਾਂ ਨੂੰ ਗੁਰੂ ਦੇ ਦਰ ‘ਤੇ ਢੋਈ ਨਹੀਂ ਮਿਲ ਸਕਦੀ। ਉਹ ਆਪਣੇ ਨਫਰਤ ਭਰੇ ਕੁਫਰਾਂ ਹੇਠ ਦਬ ਕੇ ਹੀ ਮਰ ਜਾਣਗੇ। ਹਰ ਸਾਲ ਜਦੋਂ ਜੂਨ ਦੇ ਪਹਿਲੇ ਹਫਤੇ ਪੂਰੀ ਦੁਨੀਆਂ ਵਿਚ ਵਸਦੇ ਗੁਰੂ ਨਾਨਕ ਨਾਮ ਲੇਵਾ ਸਿੱਖ ਆਪਣੇ ਦਿਲਾਂ ਨੂੰ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਵਿਚ ਰੰਗਦੇ ਹਨ ਤਾਂ ਇਸ ਪੀੜ ਨਾਲ ਬੇਵਫ਼ਾਈ ਪਾਲਣ ਵਾਲੇ ਕੀਟਾਂ ਦੇ ਵੀ ਖੰਭ ਉੱਗਣ ਲੱਗਦੇ ਹਨ। ਉਹ ਬੇਹਯਾਈ ਦੀ ਹੱਦ ਤੱਕ ਜਾ ਕੇ ਸ਼ਹੀਦਾਂ ਦਾ ਅਪਮਾਨ ਕਰਨ ਦੀ ਕੋਸ਼ਿਸ਼ ਕਰਦੇ ਹਨ। ਅਜਿਹਾ ਕਰਦਿਆਂ ਉਹ ਭੁੱਲ ਜਾਂਦੇ ਹਨ ਕਿ ਗੁਰੂ ਜਾਣੀਜਾਣ ਹੈ। ਪੰਥ-ਦੋਖੀ ਤਾਕਤਾਂ ਨਾਲ ਉਹਨਾਂ ਦੀ ਸਾਂਝ-ਭਿਆਲੀ ਦਾ ਲੇਖਾ ਜੋਖਾ ਉਸ ਰੱਬ ਸੱਚੇ ਦੇ ਦਰਾਂ ਉੱਤੇ ਇੱਕ ਦਿਨ ਜ਼ਰੂਰ ਹੋਵੇਗਾ।

ਖਾਲਸਾ ਜੀ, ਇਤਿਹਾਸ ਤੁਹਾਨੂੰ ਉਡੀਕ ਰਿਹਾ ਹੈ। ਕਲਜੁਗ ਦੇ ਦੌਰ ਵਿਚ ਇਤਿਹਾਸ ਦੀ ਜ਼ਮੀਨ ਬੰਜਰ ਹੁੰਦੀ ਹੈ। ਇਸਨੂੰ ਸ਼ਹੀਦਾਂ ਦਾ ਲਹੂ ਜਲ ਰੂਪ ਹੋ ਆਬਾਦ ਕਰਦਾ ਹੈ। ਸੋਹਣੇ ਪੰਜਾਬ ਦੀ ਧਰਤੀ ਬਹੁਤ ਉਪਜਾਊ ਹੈ ਪਰ ਇਸ ਉੱਤੇ ਫ਼ਸਲਾਂ ਉਦੋਂ ਹੀ ਮਹਿਕਦੀਆਂ ਹਨ ਜਦੋਂ ਨਾਮ ਰੱਤੀਆਂ ਰੂਹਾਂ ਇਸਨੂੰ ਆਪਣੇ ਲਹੂ ਨਾਲ ਸਿੰਜਦੀਆਂ ਹਨ। ਨਾਮ-ਬਾਣੀ ਦਾ ਨਾਦ ਤੇ ਸ਼ਹੀਦ ਸਿਖਾਂ ਦੀ ਯਾਦ, ਇਸ ਧਰਤੀ ਨੂੰ ਕਾਲ ਦੇ ਆਖਰੀ ਲਮਹੇ ਤੱਕ ਵਰੋਸਾਉਂਦੇ ਰਹਿਣਗੇ।

ਜੂਨ 1984 ਦੇ ਘੱਲੂਘਾਰੇ ਨੂੰ ਯਾਦ ਕਰਦਿਆਂ ਆਪਣੇ ਆਪ ਨੂੰ ਹਰ ਕਿਸਮ ਦੀਆਂ ਗਿਣਤੀਆਂ ਮਿਣਤੀਆਂ ਤੋਂ ਆਜ਼ਾਦ ਰੱਖੋ। ਜਦੋਂ ਇਹ ਯਾਦ ਸ਼ਬਦ-ਗੁਰੂ ਦੇ ਨਾਦ ਨਾਲ ਮਿਲ ਕੇ ਸਾਡੇ ਮਨ-ਮਸਤਕ ਉੱਤੇ ਦਸਤਕ ਦੇਵੇਗੀ ਤਾਂ ਇਤਿਹਾਸ ਵੀ ਸਾਨੂੰ ਝੁਕ ਕੇ ਸਲਾਮਾਂ ਕਰੇਗਾ। ਖਾਲਸੇ ਦੀ ਅੰਤਿਮ ਫ਼ਤਹਿ ਦਾ ਨਿਹਚਾ ਕਲਗੀਧਰ ਪਾਤਸ਼ਾਹ ਨੇ ਸਾਨੂੰ ਖੁਦ ਬਖਸ਼ਿਆ ਹੈ। ਕਲਗੀਆਂ ਵਾਲੇ ਚੋਜੀ ਪ੍ਰੀਤਮ ਦੇ ਪਾਵਨ ਕਰ-ਕਮਲਾਂ ਦੁਆਰਾ ਸਾਡੇ ਨਸੀਬਾਂ ਵਿਚ ਲਿਖੀ ਗਈ ਇਹ ਫ਼ਤਹਿ ਕਾਲ ਵੀ ਸਾਡੇ ਹੱਥੋਂ ਖੋਹ ਨਹੀਂ ਸਕਦਾ। ਕਿਉਂਕਿ ਖਾਲਸਾ ਅਕਾਲ ਰੂਪੀ ਵਾਹਿਗੁਰੂ ਜੀ ਦਾ ਸੇਵਕ ਹੈ। ਜੇ ਖਾਲਸਾ ਵਾਹਿਗੁਰੂ ਦਾ ਹੈ ਤਾਂ ਫਿਰ ਫ਼ਤਹਿ ਤਾਂ ਉਸਦੀ ਹੋਣੀ ਹੀ ਹੋਣੀ ਹੈ।
ਆਪਣੇ ਸਿਦਕ ਨੂੰ ਬੁਲੰਦ ਤੇ ਨਿਸਚੇ ਨੂੰ ਪ੍ਰਚੰਡ ਰੱਖੋ।
ਵਾਹਿਗੁਰੂ ਜੀ ਕਾ ਖਾਲਸਾ।।
ਵਾਹਿਗੁਰੂ ਜੀ ਕੀ ਫ਼ਤਹਿ।।

  • 103
  •  
  •  
  •  
  •