ਸਿੱਖ ਰੈਫਰੈਂਸ ਲਾਇਬ੍ਰੇਰੀ ਦੀ ਤਬਾਹੀ

ਲੇਖਕ: ਸ਼ਮਸ਼ੇਰ ਸਿੰਘ ਅਸ਼ੋਕ

ਕੋਈ ਵੀ ਸਰਕਾਰ ਹੋਵੇ, ਚਾਹੇ ਉਹ ਇੱਕ ਪੁਰਖੀ ਹੋਵੇ ਚਾਹੇ ਬਹੁ ਪੁਰਖੀ, ਉਸਦਾ ਮੁੱਖ ਕਰਤੱਵ ਦੇਸ਼ ਕੌਮ ਦੇ ਸਭਿਆਚਾਰ ਤੇ ਤਾਰੀਖੀ ਸਰਮਾਏ ਦੀ ਹਿਫਾਜ਼ਤ ਕਰਨਾ ਹੁੰਦਾ ਹੈ। ਸਾਡੇ ਪੁਰਾਣੇ ਇਤਿਹਾਸ ਵਿੱਚ ਇਸ ਕਿਸਮ ਦੀਆਂ ਅਨੇਕਾਂ ਮਿਸਾਲਾਂ ਮਿਲਦੀਆਂ ਹਨ। ਅਨੇਕਾਂ ਪੜ੍ਹੇ ਲਿਖੇ ਰਾਜੇ, ਰਾਣੇ ਤੇ ਰਹੀਸ ਜੋ ਪਰਜਾ ਨੂੰ ਆਪਣੀ ਸਮਝਦੀ ਰਹੇ, ਹਮੇਸ਼ਾ ਇਸ ਅਸੂਲ ਦਾ ਪਾਲਣ ਕਰਦੇ ਰਹੇ ਸਨ।
ਮਿਸਾਲ ਵਜੋਂ ਸਿੱਖ ਰਾਜ ਦੀ ਪ੍ਰਾਪਤੀ ਨਮਿਤ ਜਦੋਂ ਸ਼ੁਕਰਚੱਕੀਏ ਸਰਦਾਰ ਮਹਾਂ ਸਿੰਘ ਨੇ ਗੁੱਜਰਾਂਵਾਲਿਓ ਰਸੂਲ ਨਗਰ ਦੇ ਚੱਠੇ ਮੁਸਲਮਾਨ ਸਰਦਾਰ ਉੱਤੇ ਹਮਲਾ ਕੀਤਾ ਤਾਂ ਉਸ ਨੂੰ ਕ੍ਰਿਤ ਦੇ ਅਲੂਫੇ ਵਜੋਂ ਇਸਲਾਮ ਦੇ ਮਾਨਯੋਗ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਦੀਆਂ ਪਵਿੱਤਰ ਯਾਦਗਾਰੀ ਚੀਜ਼ਾਂ ਮਿਲੀਆਂ ਜੋ ਇਹ ਸਨ:

 • ਹਜ਼ਰਤ ਮੁਹੰਮਦ ਸਾਹਿਬ ਦੇ ਜੁੱਤੇ
 • ਹਜ਼ਰਤ ਮੁਹੰਮਦ ਸਾਹਿਬ ਦੀ ਕਮੀਜ਼
 • ਸੈਰ ਕਰਨ ਵਾਲੀ ਛੜੀ
 • ਸਿਰ ਉਤੇ ਰੱਖਣ ਵਾਲੀ ਟੋਪੀ
 • ਪਜਾਮਾ
 • ਕੂਫੇ ਦੀ ਲਿੱਪੀ ਵਿੱਚ ਲਿਖੀ ਹੋਈ ਬੰਦਗੀ ਦੀ ਇਕ ਮਕੱਦਸ ਕਿਤਾਬ
 • ਸਿਰ ਦੇ ਵਾਲ।

ਇਹ ਸਭ ਪਵਿੱਤਰ ਚੀਜ਼ਾਂ ਸਰਦਾਰ ਮਹਾਂ ਸਿੰਘ ਤੇ ਮਹਾਰਾਜਾ ਰਣਜੀਤ ਬੜੇ ਆਦਬ ਅਦਾਬ ਨਾਲ ਆਪਣੇ ਤੋਸ਼ੇ ਖਾਨੇ ਦੇ ਨਾਲ ਇਕ ਅਲੱਗ ਮਕਾਨ ਵਿੱਚ ਰੱਖੀਆਂ ਤੇ ਇਨ੍ਹਾਂ ਦੀ ਸੇਵਾ ਸੰਭਾਲ ਲਈ ਉਹਨਾਂ ਵੱਲੋਂ ਇੱਕ ਮੌਲਵੀ ਸਾਹਿਬ ਬੜੇ ਯਤਨ ਨਾਲ ਕਰਦੇ ਰਹੇ ਫੇਰ ਸੰਨ 1849 ਈ. ਵਿਚ ਪੰਜਾਬ ’ਤੇ ਅੰਗਰੇਜ਼ੀ ਸਰਕਾਰ ਦਾ ਕਬਜ਼ਾ ਹੋਣ ਸਾਰ ਇਹ ਪਵਿੱਤਰ ਚੀਜ਼ਾਂ ਮੁਸਲਮਾਨਾਂ ਦੇ ਹਵਾਲੇ ਕੀਤੀਆਂ ਗਈਆਂ ਜੋ ਹੁਣ ਲਾਹੌਰ ਕਿਲ੍ਹੇ ਦੇ ਸਾਹਮਣੇ ਸ਼ਾਹ ਮਸਜਿਦ ਵਿੱਚ ਰੱਖੀਆਂ ਹੋਈਆਂ ਹਨ।
ਇਸ ਤੋਂ ਇਲਾਵਾ ਸੰਨ 1824 ਈ. ਵਿੱਚ ਜਦ ਇਲਾਕਾ ਪਿਸ਼ਾਵਰ ਉੱਤੇ ਚੜ੍ਹਾਈ ਕੀਤੀ ਤਾਂ ਉੱਥੇ ਰਸਤੇ ਮਿਨਚਨੀ ਦੇ ਇੱਕ ਫਕੀਰ ਦੀ ਦਰਗਾਹ ਨੂੰ ਜਿੱਥੇ ਕਿ ਉਸਦੀ ਬੜੀ ਭਾਰੀ ਲਾਇਬੇ੍ਰਰੀ ਕਾਇਮ ਕੀਤੀ ਹੋਈ ਸੀ, ਇਸ ਹਮਲੇ ਵਿੱਚ ਪੂਰੀ ਤਰ੍ਹਾਂ ਬਚਾ ਕੇ ਰੱਖਿਆ ਤੇ ਉਸ ਫਕੀਰ ਨੂੰ ਚੋਖਾ ਦਾਨ ਸਨਮਾਨ ਦੇ ਕੇ ਉਹ ਅਦੁੱਤੀ ਇਸਲਾਮਿਕ ਲਾਇਬ੍ਰੇਰੀ ਬੜੀ ਹਿਫਾਜ਼ਤ ਨਾਲ ਲਾਹੌਰ ਲਿਆਂਦੀ ਗਈ ਜਿੱਥੇ ਕਿ ਉਹ ਸਿੱਖ ਰਾਜ ਦੇ ਅੰਤਲੇ ਦਿਨਾਂ ਵਿੱਚ ਰਹੀ ਤੇ ਅੰਗਰੇਜ਼ ਸਰਕਾਰ ਦੇ ਕਬਜ਼ੇ ਵਿੱਚ ਚਲੀ ਗਈ।

ਮੇਰਾ ਇਸ ਕਥਨ ਤੋਂ ਭਾਵ ਇਹ ਹੈ ਕਿ ਨਾ ਤਾਂ ਸਿੱਖ ਰਾਜ ਸਮੇਂ ਤੇ ਨਾ ਹੀ ਅੰਗਰੇਜ਼ੀ ਰਾਜ ਸਮੇਂ ਕਿਸੇ ਵੀ ਸਰਵਜਨਿਕ ਲਾਇਬੇ੍ਰਰੀ ਨੂੰ ਕੋਈ ਨੁਕਸਾਨ ਪੁੱਜਾ ਸਗੋਂ ਹਰੇਕ ਪੁਸਤਕਾਲਿਆ ਦੀ ਹਰ (ਮੁਸ਼ਕਿਲ) ਤਰੀਕਾ ਵਰਤ ਕੇ ਪੂਰੀ- ਪੂਰੀ ਸੰਭਾਲ ਹੁੰਦੀ ਰਹੀ। ਪਰ ਹੁਣ ਦੇਸ਼ ਦੀ ਆਜ਼ਾਦੀ ਪਿੱਛੋਂ ਸਾਡੀ ਆਪਣੀ ਹੀ ਹਕੂਮਤ ਵੱਲੋਂ 4-7 ਜੂਨ ਸੰਨ 1984 ਦੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਮ੍ਰਿਤਸਰ ਉੱਤੇ ਹੋਏ ਫੌਜੀ ਹਮਲੇ ਸਮੇਂ ਇੱਕ ਨਵੀਨ ਮਿਸਾਲ ਸਾਡੇ ਸਾਹਮਣੇ ਆਈ ਹੈ। ਕਿਸੇ ਗੁਪਤ ਸਾਜ਼ਿਸ਼ ਦੇ ਅਧੀਨ ਸਾਡੀ ਅਦੁੱਤੀ ਸਿੱਖ ਰੈਫਰੈਂਸ ਲਾਇਬ੍ਰੇਰੀ ਸ਼ੋ੍ਰਮਣੀ ਅਕਾਲੀ ਦਲ ਤੋਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਬਹੁਮੁੱਲੇ ਤਾਰੀਖੀ ਰਿਕਾਰਡ ਅੰਨ੍ਹੇਵਾਹ ਬੰਬ ਮਾਰ ਕੇ ਉਡਾ ਦਿੱਤੇ ਗਏ ਹਨ। ਇਸ ਬਾਰੇ ਜਿੰਨਾ ਵੀ ਅਫਸੋਸ ਕੀਤਾ ਜਾਵੇ ਉਨਾਂ ਹੀ ਥੋੜ੍ਹਾ ਹੈ।

ਸ਼ੋ੍ਮਣੀ ਅਕਾਲੀ ਦਲ ਤੇ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਨ੍ਹਾਂ ਹੱਥ ਲਿਖਤ ਤੇ ਟਾਈਪ ਸ਼ੁਦਾ ਕੀਮਤੀ ਰਿਕਾਰਡ ਜੋ ਬੜੇ ਸੁਹਜ ਨਾਲ ਵੱਖੋ-ਵੱਖ ਬਸਤਿਆਂ ਵਿੱਚ ਕ੍ਰਮਵਾਰ ਲਪੇਟੇ ਹੋਏ ਹਨ, 24 ਨਵੰਬਰ 1920 ਤੋਂ ਲੈ ਕੇ 1984 ਦੇ ਮਈ ਮਹੀਨੇ ਤੱਕ ਦੇ ਸਨ। ਇਹਨਾਂ ਦੇ ਨਾਲ ਸ਼ੋ੍ਮਣੀ ਅਕਾਲੀ ਦਲ ਤੇ ਕਮੇਟੀ ਜਨਰਲ ਕਾਰਵਾਈਆਂ ਦੇ ਹੱਥ ਲਿਖੇ ਰਜਿਸਟਰ ਵੀ ਸਨ।

ਅਦੁੱਤੀ ਸਿੱਖ ਰੈਫਰੈਂਸ ਲਾਇਬ੍ਰੇਰੀ ਜੋ ਫੌਜੀ ਹਮਲੇ ਕਾਰਨ ਸਮੁੱਚੇ ਰੂਪ ਵਿੱਚ ਖਤਮ ਹੋ ਚੁੱਕੀ ਹੈ, ਨੂੰ ਸਿੱਖ ਰਹਿਤ ਤੇ ਇਤਿਹਾਸ ਬਾਰੇ ਖੋਜ ਦੇ ਪੱਖ ਤੋਂ ਦੋ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ।

ਪਹਿਲਾ ਹਿੱਸਾ:-
ਸ਼੍ਰੀ ਗੁਰੂ ਗ੍ਰੰਥ ਸਾਹਿਬ ਤੇ ਦਸਮ ਗ੍ਰੰਥ ਜੀ ਦੀਆਂ ਪਵਿੱਤਰ ਹੱਥ-ਲਿਖਤ ਬੀੜਾਂ ਦਾ ਜਿਸ ਵਿੱਚ 1500 ਦੁਰਲੱਭ ਹੱਥ ਲਿਖਤ ਨੁਸਖੇ, ਪੰਜਾਬੀ (ਗੁਰਮੁਖੀ) ਦੇ ਲਿਖਣ ਢੰਗ ਦੇ ਸਦੀਵਾਰ ਉਤੱਮ ਤੋਂ ਉਤੱਮ ਵੱਖੋ ਵੱਖਰੇ ਨਮੂਨੇ ਪੇਸ਼ ਕਰਦੇ ਹਨ।

ਦੂਜਾ ਹਿੱਸਾ:-
1500 ਦੇ ਲਗਭਗ ਗੁਰਮੁਖੀ, ਪੰਜਾਬੀ, ਉਰਦੂ, ਫਾਰਸੀ, ਅਰਬੀ ਤੇ ਤਿੱਬਤੀ ਜ਼ਬਾਨ ਦੇ ਅਨੁਪਮ ਗ੍ਰੰਥ ਜਿਨ੍ਹਾਂ ਦੀ ਮਨੋਹਰ ਜਹੀ ਯਾਦ ਮੇਰੇ ਦਿਲ ਵਿੱਚ ਅਜੇ ਵੀ ਬਣੀ ਹੋਈ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਅਨੂਪਮ ਬੀੜਾਂ ਵਿੱਚ ਸ੍ਰੀ ਆਦਿ ਗ੍ਰੰਥ ਜੀ ਦੀ ਕਰਤਾਰ ਪੁਰੀ ਬੀੜ ਦੇ ਕੁਝ ਅਨੂਪਮ ਉਤਾਰੇ ਉਨ੍ਹਾਂ ਦੇ ਨਾਲ ਹੀ ਮਾਗਟ ਵਾਲੀ ਖਾਰੀ ਬੀੜ ਦੀਆਂ ਸੰਨ-ਸੰਮਤ ਵਾਰ ਬਹੁਤ ਸਾਰੀਆਂ ਦੁਰਲੱਭ ਹੱਥ ਲਿਖਤ ਪ੍ਰਤੀਆਂ, ਇਸੇ ਤਰ੍ਹਾਂ ਕਈ ਕੁ ਦਮਦਮੀ ਬੀੜ ਦੇ ਦੋ ਅਜਿਹੇ ਨਾਯਾਬ ਨੁਸਖੇ, ਜਿਨ੍ਹਾਂ ਵਿਚ ਇੱਕ ਤਾਂ ਸੰਮਤ 1739 ਬਿਕਰਮੀ ਦਾ ਉਹ ਹੱਥ-ਲਿਖਤ ਨੁਸਖਾ ਸੀ, ਜੋ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਆਦਿ ਸਿੰਘਾਸਨ ਦਮਦਮਾ ਸਾਹਿਬ ਦੇ ਸਥਾਨ ਪਰ ਆਪਣੇ ਪੂਜ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਪੂਰੇ ਪੰਜ ਸਾਲ ਬਾਅਦ ਉਨ੍ਹਾਂ ਦੀ ਬਾਣੀ ਨੂੰ ਆਪਣੇ ਹੱਥੀਂ ਚਾੜ੍ਹ ਕੇ ਤਿਆਰ ਕਰਵਾਇਆ ਸੀ ਤੇ ਉਸ ਬੀੜ ਉੱਤੇ, ਜਿਵੇਂ ਕਿ ਮੈਂ ਦੇਖਿਆ, ਤਤਕਰੇ ਦੇ ਨਾਲ ਹੀ ਉਸ ਦੇ ਤਿਆਰ ਕਰਨ ਦਾ ਸੰਮਤ 1739 ਬਿ. ਲਿਖਿਆ ਹੋਇਆ ਸੀ ਤੇ ਦੂਜਾ ਦਮਦਮੀ ਬੀੜ ਦਾ ਉਹ ਨੁਸਖਾ ਸੀ ਜੋ ਸੰਨ 1948-49 ਵਿਚ ਸਰਦਾਰ ਗਿਆਨ ਸਿੰਘ ਜੀ ਮੁੱਖ ਮੰਤਰੀ ਪਟਿਆਲਾ ਦੇ ਯਤਨ ਨਾਲ ਸ੍ਰੀ ਦਮਦਮਾ ਸਾਹਿਬ ਤਲਵੰਡੀ ਤੋਂ ਬੜਾ ਤਰੱਦਦ ਕਰਕੇ ਹਾਸਲ ਹੋਇਆ ਸੀ, ਇਸਦੇ ਅੰਤ ਵਿਚ ਰਾਗਮਾਲਾ ਨਹੀਂ ਸੀ।

ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਹਰਦਾਸ ਲਿਖਾਰੀ ਦੀ ਬੀੜ ਇਸ ਸੰਬੰਧ ਵਿੱਚ ਇੱਕ ਹੋਰ ਅਨੂਪਮ ਨਮੂਨਾ ਪੇਸ਼ ਕਰਦੀ ਹੈ। ਇਨ੍ਹਾਂ ਹੱਥ ਲਿਖਤ ਬੀੜਾਂ ਦੇ ਮੁਕੰਮਲ ਵੇਰਵੇ ਜਿਨ੍ਹਾਂ ਦੇ ਨਾਲ 509 ਤੋਂ ਕੁਝ ਉੱਪਰ ਹੱਥ ਲਿਖੀਆਂ ਬੀੜਾਂ ਦੇ ਹੋਰ ਵੇਰਵੇ ਵੀ ਸਨ। ਮੈਂ ਖੁਦ ਜਦ 1964 ਤੋਂ 1981 ਈ. ਤੱਕ ਲਗਾਤਾਰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੀ ਖੋਜ ਸੰਬੰਧੀ ਸਰਵਿਸ ਕੀਤੀ ਤਾਂ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀਆਂ ਹੱਥ ਲਿਖਤਾਂ ਦੀ ਸੂਚੀ ਦੇ ਰੂਪ ਲਗਭਗ 450 ਪੰਨਿਆਂ ਦੇ ਕ੍ਰਮਵਾਰ ਅੰਕਿਤ ਕੀਤੇ ਸਨ। ਮੇਰੀ ਇਹ ਖੋਜ ਪੁਸਤਕ ਜਿਸਦਾ ਵੇਰਵਾ ਸੰਨ 1983 ਈ. ਵਿੱਚ ਛਪੀ ਮੇਰੀ ਪੁਸਤਕ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੰਜਾਹ ਸਾਲਾਂ ਦਾ ਇਤਿਹਾਸ (1920-1976) ਦੀ ਭੂਮਿਕਾ ਵਿੱਚ ਦਿੱਤਾ ਹੋਇਆ ਹੈ, ਛਪਣ ਲਈ ਤਿਆਰ ਸੀ, ਪਰ ਇਸਦਾ ਹੱਥ ਲਿਖਤ ਖਰੜਾ ਵੀ ਹੋਰ ਹੱਥ ਲਿਖਤਾਂ ਦੇ ਨਾਲ ਹੀ 4 ਜੂਨ ਤੋਂ 7 ਜੂਨ 1984 ਦੇ ਫੌਜੀ ਹਮਲੇ ਸਮੇਂ ਬੰਬਾਂ ਦੀ ਭੇਟ ਹੋਇਆ ਹੈ। ਇਸ ਲਈ ਇਸ ਬਾਰੇ ਇਸ ਦੁਖਦਾਈ ਯਾਦ ਤੋਂ ਸਿਵਾਇ ਹੋਰ ਕੁਝ ਨਹੀਂ ਰਹਿ ਗਿਆ।
ਇਸੇ ਤਰ੍ਹਾਂ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀਆਂ ਹੱਥ ਲਿਖਤ ਬੀੜਾਂ ਦੇ ਨਾਲ ਹੀ ਸ੍ਰੀ ਦਸਮ ਗੰ੍ਰਥ ਜੀ ਦੀਆਂ ਪਵਿੱਤਰ ਬੀੜਾਂ ਜਿਨ੍ਹਾਂ ਵਿੱਚ ਬਾਣੀਆਂ ਦੀ ਤਰਤੀਬ ਇੱਕ ਦੂਜੀ ਨਾਲ ਨਹੀਂ ਸੀ ਮਿਲਦੀ ਤੇ ਆਪਸ ਵਿੱਚ ਪਾਠਾਂ ਦੇ ਵੀ ਬਹੁਤ ਸਾਰੇ ਫਰਕ ਸਨ, ਇਸੇ ਸ੍ਰੀ ਗੁਰੂ ਗੰ੍ਰਥ ਸਾਹਿਬ ਵਿਚ ਸ਼ਾਮਿਲ ਸਨ। ਮੇਰੀ ਤਜਵੀਜ਼ ਸੀ ਕਿ ਇਨ੍ਹਾਂ ਬੀੜਾਂ ਦੀ ਵੇਰਵੇ ਸਹਿਤ ਇੱਕ ਪੁਸਤਕ ਦੀ ਸ਼ਕਲ ਵਿੱਚ ਛਾਪ ਕੇ ਫੇਰ ਇਨ੍ਹਾਂ ਸਾਰੀਆਂ ਹੀ ਬੀੜਾਂ ਦਾ ਇੱਕ ਵੱਖ ਵਿਸ਼ਾਲ ਅਜਾਇਬ ਘਰ ਬਣਾਇਆ ਜਾਵੇ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਟੌਹੜਾ ਸਾਹਿਬ ਵੀ ਇਸ ਹੱਥ ਲਿਖਤ ਸਰਮਾਏ ਦੀ ਸਦੀਵੀ ਰਖਵਾਲੀ ਬਾਰੇ ਵੀ ਕੁਝ ਉਸਾਰੂ ਤਜਵੀਜ਼ਾਂ ਸੋਚ ਰਹੇ ਸਨ ਕਿ ਉਪਰੋਂ ਚਾਣਚੱਕ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਉਤੇ ਫੌਜੀ ਹਮਲੇ ਦਾ ਅਜਿਹਾ ਝੱਖੜ ਝੁੱਲਿਆ ਜਿਸ ਵਿੱਚ ਇਹ ਸਾਰੀਆਂ ਤਜਵੀਜ਼ਾਂ ਅਧਵਾਟੇ ਹੀ ਰਹਿ ਗਈਆਂ ਤੇ ਇਹ ਪ੍ਰਯਤਨ ਸਫਲ ਨਾ ਹੋ ਸਕਿਆ।

 • 73
 •  
 •  
 •  
 •