ਭਾਰਤ ਦੇ ਵਿਰੋਧ ਦੇ ਬਾਵਜ਼ੂਦ ਨੇਪਾਲ ਵੱਲੋਂ ਭਾਰਤੀ ਖੇਤਰਾਂ ‘ਤੇ ‘ਕਬਜ਼ੇ’ ਵਾਲਾ ਨਕਸ਼ਾ ਪਾਸ

ਭਾਰਤ ਦੇ ਤਿੱਖੇ ਵਿਰੋਧ ਦੇ ਬਾਵਜੂਦ ਗੁਆਂਢੀ ਮੁਲਕ ਨੇਪਾਲ ਦੀ ਸੰਸਦ ਵਲੋਂ ਅੱਜ ਸਰਬਸੰਮਤੀ ਨਾਲ ਦੇਸ਼ ਦੇ ਨਵੇਂ ਨਕਸ਼ੇ ਸਬੰਧੀ ਸੋਧ ਬਿੱਲ ਪਾਸ ਕਰ ਦਿੱਤਾ ਗਿਆ। ਇਸ ਨਕਸ਼ੇ ਵਿੱਚ ਭਾਰਤ ਦੀ ਸਰਹੱਦ ਨਾਲ ਲੱਗਦੇ ਰਣਨੀਤਕ ਤੌਰ ’ਤੇ ਅਹਿਮ ਖੇਤਰਾਂ ਲਿਪੂਲੇਖ, ਕਾਲਾਪਾਣੀ ਅਤੇ ਲਿੰਪੀਆਧੁਰਾ ਨੂੰ ਸ਼ਾਮਲ ਕੀਤਾ ਗਿਆ ਹੈ। ਦੂਜੇ ਪਾਸੇ, ਭਾਰਤ ਨੇ ਕਿਹਾ ਹੈ ਕਿ ਨੇਪਾਲ ਵਲੋਂ ਨਵੇਂ ਨਕਸ਼ੇ ਸਬੰਧੀ ਬਿੱਲ ਪਾਸ ਕਰਨ ਦੀ ਕਾਰਵਾਈ ਜਾਇਜ਼ ਨਹੀਂ ਹੈ।
ਨੇਪਾਲ ਦੇ ਹੇਠਲੇ ਸਦਨ ਵਿੱਚ ਕੌਮੀ ਏਕਤਾ ਦਾ ਪ੍ਰਦਰਸ਼ਨ ਕਰਦਿਆਂ ਵਿਰੋਧੀ ਪਾਰਟੀਆਂ- ਜਿਨ੍ਹਾਂ ਵਿੱਚ ਨੇਪਾਲੀ ਕਾਂਗਰਸ (ਐੱਨਸੀ), ਰਾਸ਼ਟਰੀ ਜਨਤਾ ਪਾਰਟੀ-ਨੇਪਾਲ (ਆਰਜੇਪੀ-ਐੱਨ) ਅਤੇ ਰਾਸ਼ਟਰੀ ਪ੍ਰਜਾਤੰਤਰ ਪਾਰਟੀ (ਆਰਪੀਪੀ) ਸ਼ਾਮਲ ਹਨ, ਨੇ ਸੰਵਿਧਾਨ ਦੇ ਸ਼ਡਿਊਲ 3 ਵਿੱਚ ਸੋਧ ਸਬੰਧੀ ਬਿੱਲ ਦਾ ਸਮਰਥਨ ਕੀਤਾ। ਇਸ ਬਿੱਲ ਰਾਹੀਂ ਨਵੇਂ ਵਿਵਾਦਿਤ ਨਕਸ਼ੇ ਨੂੰ ਪ੍ਰਵਾਨਗੀ ਦੇ ਕੇ ਕੌਮੀ ਨਿਸ਼ਾਨ ਵਿੱਚ ਤਬਦੀਲੀ ਕੀਤੀ ਜਾਵੇਗੀ।

ਨੇਪਾਲ ਸੰਸਦ ਦੇ ਕੁੱਲ 275 ਕਾਨੂੰਨਸਾਜ਼ਾਂ ’ਚੋਂ ਹੇਠਲੇ ਸਦਨ ਵਿੱਚ ਮੌਜੂਦ 258 ਮੈਂਬਰਾਂ ਨੇ ਸੋਧ ਬਿੱਲ ਦੇ ਹੱਕ ਵਿੱਚ ਵੋਟ ਪਾਈ ਅਤੇ ਇੱਕ ਵੀ ਵੋਟ ਵਿਰੋਧ ਵਿੱਚ ਨਹੀਂ ਭੁਗਤੀ। ਸਪੀਕਰ ਅਗਨੀ ਸਾਪਕੋਟਾ ਨੇ ਐਲਾਨ ਕੀਤਾ, ‘‘ਸੋਧ ਪ੍ਰਸਤਾਵ ਦੋ-ਤਿਹਾਈ ਬਹੁਮਤ ਨਾਲ ਪਾਸ ਕਰ ਦਿੱਤਾ ਗਿਆ ਹੈ।’’

ਭਾਰਤ ਨੇ ਗੁਆਂਢੀ ਮੁਲਕ ਦੀ ਇਸ ਕਾਰਵਾਈ ਦਾ ਵਿਰੋਧ ਕੀਤਾ ਹੈ। ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਦੇ ਤਰਜਮਾਨ ਅਨੁਰਾਗ ਸ੍ਰੀਵਾਸਤਵ ਨੇ ਕਿਹਾ, ‘‘ਅਸੀਂ ਇਸ ਮੁੱਦੇ ਸਬੰਧੀ ਪਹਿਲਾਂ ਹੀ ਆਪਣਾ ਸਟੈਂਡ ਸਪੱਸ਼ਟ ਕਰ ਚੁੱਕੇ ਹਾਂ। ਮਨਸੂਈ ਤੌਰ ’ਤੇ ਖੇਤਰ ਵਿੱਚ ਵਾਧਾ ਕਰਨਾ ਕਿਸੇ ਤਰ੍ਹਾਂ ਦੇ ਇਤਿਹਾਸਕ ਤੱਥਾਂ ਜਾਂ ਸਬੂਤਾਂ ’ਤੇ ਆਧਾਰਿਤ ਨਹੀਂ ਹੈ ਅਤੇ ਇਹ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ। ਇਹ ਸਰਹੱਦਾਂ ਸਬੰਧੀ ਬਕਾਇਆ ਮੁੱਦਿਆਂ ਨੂੰ ਗੱਲਬਾਤ ਰਾਹੀਂ ਹੱਲ ਕਰਨ ਸਬੰਧੀ ਸਾਡੀ ਮੌਜੂਦਾ ਸਮਝ ਦੀ ਵੀ ਊਲੰਘਣਾ ਹੈ।

  • 419
  •  
  •  
  •  
  •