ਗਿਆਨੀ ਕੇਵਲ ਸਿੰਘ ਵੱਲੋਂ ਮੂਲ ਨਾਨਕਸ਼ਾਹੀ ਕੈਲੰਡਰ ਮੁੜ ਲਾਗੂ ਕਰਨ ਦੀ ਮੰਗ

ਨਾਨਕਸ਼ਾਹੀ ਕੈਲੰਡਰ ਦਾ ਮੁੱਦਾ ਮੁੜ ਉੱਭਰਿਆ ਹੈ। ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਅਪੀਲ ਕੀਤੀ ਹੈ ਕਿ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਮੁੜ ਲਾਗੂ ਕੀਤਾ ਜਾਵੇ ਅਤੇ ਜੇ ਅਜਿਹਾ ਨਹੀਂ ਹੋ ਸਕਦਾ ਤਾਂ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਅਤੇ ਜੰਤਰੀ ਤੋਂ ‘ਨਾਨਕਸ਼ਾਹੀ’ ਸ਼ਬਦ ਹਟਾ ਦਿੱਤਾ ਜਾਵੇ।

ਦੋ ਸਫ਼ਿਆਂ ਦੇ ਆਪਣੇ ਪੱਤਰ ਵਿਚ ਗਿਆਨੀ ਕੇਵਲ ਸਿੰਘ, ਜੋ ਕਿ ਇਸ ਵੇਲੇ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਸਮੂਹ ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਵੀ ਹਨ, ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਅਪੀਲ ਕੀਤੀ ਹੈ ਕਿ ਸਮੁੱਚੇ ਪੰਥ ਦੀਆਂ ਭਾਵਨਾਵਾਂ ਨੂੰ ਧਿਆਨ ਵਿਚ ਰੱਖਦਿਆਂ 2003 ਵਾਲੇ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕੀਤਾ ਜਾਵੇ ਅਤੇ ਇਸੇ ਦਾ ਪ੍ਰਤੀਰੂਪ ਛਾਪਿਆ ਜਾਵੇ। ਅਜਿਹਾ ਕਰਨ ਨਾਲ ਸੰਸਾਰ ਭਰ ਦੇ ਸਿੱਖਾਂ ਅੰਦਰ ਹਰ ਸਾਲ ਗੁਰਪੁਰਬਾਂ ਅਤੇ ਸ਼ਹੀਦੀ ਦਿਹਾੜਿਆਂ ਸਬੰਧੀ ਪੈਦਾ ਹੁੰਦਾ ਭੰਬਲਭੂਸਾ ਖਤਮ ਹੋਵੇਗਾ। ਉਨ੍ਹਾਂ ਲਿਖਿਆ ਕਿ ਜੇ ਉਹ ਅਜਿਹਾ ਨਹੀਂ ਕਰ ਸਕਦੇ ਤਾਂ ਕੈਲੰਡਰ ਜਾਂ ਜੰਤਰੀ ਤੋਂ ‘ਨਾਨਕਸ਼ਾਹੀ’ ਸ਼ਬਦ ਹਟਾ ਦਿੱਤਾ ਜਾਵੇ। ‘ਨਾਨਕਸ਼ਾਹੀ’ ਸ਼ਬਦ ਦੇ ਨਾਲ ਹੋਰ ਕੈਲੰਡਰ ਛਾਪੇ ਜਾਣ ਨਾਲ ਸਮੁੱਚੇ ਪੰਥ ਨੂੰ ਦਰਦ ਹੁੰਦਾ ਹੈ।

ਉਨ੍ਹਾਂ ਕਿਹਾ ਕਿ 2003 ਵਿਚ ਸ੍ਰੀ ਅਕਾਲ ਤਖ਼ਤ ਦੀ ਪ੍ਰਵਾਨਗੀ ਮਗਰੋਂ ਜਾਰੀ ਕੀਤੇ ਗੁਰਮਤੇ ਰਾਹੀਂ ਸ਼੍ਰੋਮਣੀ ਕਮੇਟੀ ਨੇ ਇਹ ਕੈਲੰਡਰ ਲਾਗੂ ਕੀਤਾ ਸੀ। 1995 ਵਿਚ ਵਿਸ਼ਵ ਸਿੱਖ ਸੰਮੇਲਨ ਵੇਲੇ ਸਿੱਖਾਂ ਦੀ ਆਜ਼ਾਦ ਤੇ ਅੱਡਰੀ ਹੋਂਦ ਵਾਸਤੇ ਵੱਖਰਾ ਕੈਲੰਡਰ ਬਣਾਉਣ ਦੀ ਮੰਗ ਉੱਭਰੀ ਸੀ, ਜਿਸ ਤਹਿਤ ਪਾਲ ਸਿੰਘ ਪੁਰੇਵਾਲ ਨੇ ਸਿੱਖ ਕੈਲੰਡਰ ਦਾ ਖਰੜਾ ਤਿਆਰ ਕੀਤਾ ਸੀ, ਜਿਸ ਨੂੰ ਖਾਲਸਾ ਪੰਥ ਦੇ 300 ਸਾਲਾ ਖਾਲਸਾ ਦਿਵਸ ’ਤੇ ਲਾਗੂ ਕਰਨ ਦਾ ਫ਼ੈਸਲਾ ਲਿਆ ਗਿਆ ਸੀ। ਉਸ ਵੇਲੇ ਵੀ ਵਿਘਨ ਪਿਆ ਅਤੇ ਇਹ ਕਾਰਜ ਰੁਕ ਗਿਆ। ਮੁੜ 2003 ਵਿਚ ਸ਼੍ਰੋਮਣੀ ਕਮੇਟੀ ਦੇ ਤਤਕਾਲੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੀ ਅਗਵਾਈ ਹੇਠ ਮੂਲ ਨਾਨਕਸ਼ਾਹੀ ਕੈਲੰਡਰ ਲਾਗੂ ਕੀਤਾ ਗਿਆ। 2011 ਵਿਚ ਹਾਕਮਾਂ ਦੇ ਪ੍ਰਭਾਵ ਹੇਠ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਮੁੜ ਬਿਕਰਮੀ ਕੈਲੰਡਰ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਹੁਣ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਤੋਂ ਜਿਹੜਾ ਕੈਲੰਡਰ ਜਾਰੀ ਕੀਤਾ ਗਿਆ ਹੈ, ਉਹ ਨਾਨਕਸ਼ਾਹੀ ਨਹੀਂ ਸਗੋਂ ਬਿਕਰਮੀ ਕੈਲੰਡਰ ਹੈ। ਉਨ੍ਹਾਂ ਅਪੀਲ ਕੀਤੀ ਹੈ ਕਿ ਮੌਜੂਦਾ ਕੈਲੰਡਰ ਅਤੇ ਜੰਤਰੀ ਤੋਂ ‘ਨਾਨਕਸ਼ਾਹੀ’ ਸ਼ਬਦ ਹਟਾ ਦਿੱਤਾ ਜਾਵੇ।

  • 475
  •  
  •  
  •  
  •