ਇਸ ਸਾਲ ਹੱਜ ਲਈ ਸਾਊਦੀ ਅਰਬ ਨਹੀਂ ਜਾਣਗੇ ਭਾਰਤੀ ਮੁਸਲਮਾਨ

ਇਸ ਸਾਲ ਕੋਈ ਵੀ ਭਾਰਤੀ ਮੁਸਲਮਾਨ ਹੱਜ ਯਾਤਰਾ ‘ਤੇ ਨਹੀਂ ਜਾ ਸਕੇਗਾ। ਕੋਰੋਨਾ ਵਾਇਰਸ ਕਾਰਨ ਇਹ ਫ਼ੈਸਲਾ ਲਿਆ ਗਿਆ ਹੈ। ਭਾਰਤ ਸਰਕਾਰ ਦੇ ਘੱਟ ਗਿਣਤੀ ਮੰਤਰਾਲਾ ਮੁਤਾਬਕ ਅਰਬ ਸਰਕਾਰ ਦੇ ਫ਼ੈਸਲੇ ਦਾ ਸਨਮਾਨ ਕਰਦੇ ਹੋਏ ਹਾਲਾਤ ਦੇ ਮੱਦੇਨਜ਼ਰ ਲੋਕਾਂ ਦੀ ਸਿਹਤ ਸਲਾਮਤੀ ਨੂੰ ਪਹਿਲ ਦਿੰਦੇ ਹੋਏ ਇਹ ਫ਼ੈਸਲਾ ਲਿਆ ਹੈ। ਘੱਟ ਗਿਣਤੀ ਮੰਤਰਾਲਾ ਮੰਤਰੀ ਮੁਖ਼ਤਾਰ ਅੱਬਾਸ ਨਕਵੀ ਨੇ ਕਿਹਾ, 2 ਲੱਖ 13 ਹਜ਼ਾਰ ਐਪਲੀਕੈਂਟਾਂ ਵੱਲੋਂ ਜਮ੍ਹਾ ਕਰਾਏ ਗਏ ਪੂਰੇ ਪੈਸੇ ਬਿਨਾ ਕਿਸੇ ਕਟੌਤੀ ਦੇ ਤਤਕਾਲ ਵਾਪਸ ਕੀਤੇ ਜਾਣ ਦੀ ਪਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਹ ਪੈਸਾ ਆਨਲਾਈਨ ਡੀਬੀਟੀ ਜ਼ਰੀਏ ਅਪਲਾਈ ਕਰਨ ਵਾਲਿਆਂ ਦੇ ਖਾਤਿਆਂ ਵਿਚ ਭੇਜਿਆ ਜਾਵੇਗਾ।
ਨਕਵੀ ਨੇ ਦੱਸਿਆ ਕਿ 2300 ਤੋਂ ਜ਼ਿਆਦਾ ਮੁਸਲਿਮ ਔਰਤਾਂ ਨੇ ਬਿਨਾਂ ‘ਮੇਹਰਮ’ ਦੇ ਹੱਜ ‘ਤੇ ਜਾਣ ਲਈ ਅਪਲਾਈ ਕੀਤਾ ਸੀ, ਇਨ੍ਹਾਂ ਔਰਤਾਂ ਨੂੰ ਹੱਜ 2021 ਵਿਚ ਇਸੇ ਐਪਲੀਕੇਸ਼ਨ ਦੇ ਆਧਾਰ ‘ਤੇ ਹੱਜ ਦੀ ਯਾਤਰਾ ‘ਤੇ ਭੇਜਿਆ ਜਾਵੇਗਾ। ਨਾਲ ਹੀ ਅਗਲੇ ਸਾਲ ਵੀ ਜੋ ਔਰਤਾਂ ਬਿਨਾਂ ਮੇਹਰਮ ਹੱਜ ਯਾਤਰਾ ਲਈ ਨਵੇਂ ਤੌਰ ‘ਤੇ ਅਪਲਾਈ ਕਰਨਗੀਆਂ, ਉਨ੍ਹਾਂ ਸਾਰਿਆਂ ਨੂੰ ਵੀ ਹੱਜ ਯਾਤਰਾ ‘ਤੇ ਭੇਜਿਆ ਜਾਵੇਗਾ। ਕੇਂਦਰੀ ਘੱਟ ਗਿਣਤੀ ਕਾਰਜ ਮੰਤਰੀ ਨੇ ਦੱਸਿਆ ਕਿ ਸੋਮਵਾਰ ਨੂੰ ਸਾਊਦੀ ਅਰਬ ਦੇ ਹੱਜ ਅਤੇ ਉਮਰਾਹ ਮੰਤਰੀ ਹੱਜ ਐਕਸੈਲੈਂਸੀ ਡਾ. ਮੁਹੰਮਦ ਸਾਲੇਹ ਬਿਨ ਤਾਹੇਰ ਬੇਨਤੇਨ ਦਾ ਫੋਨ ਆਇਆ ਸੀ, ਉਨ੍ਹਾਂ ਨੇ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਇਸ ਵਾਰ ਹੱਜ ਵਿਚ ਭਾਰਤ ਤੋਂ ਆਉਣ ਵਾਲੇ ਹੱਜ ਯਾਤਰੀਆਂ ਨੂੰ ਨਾ ਭੇਜਣ ਦਾ ਸੁਝਾਅ ਦਿੱਤਾ ਸੀ। ਕੋਰੋਨਾ ਦੀ ਗੰਭੀਰ ਚੁਣੌਤੀ ਤੋਂ ਪੂਰੀ ਦੁਨੀਆ ਪ੍ਰਭਾਵਿਤ ਹੈ। ਸਾਊਦੀ ਅਰਬ ਵਿਚ ਵੀ ਇਸ ਦਾ ਅਸਰ ਦੇਖਿਆ ਜਾ ਰਿਹਾ ਹੈ।

  •  
  •  
  •  
  •  
  •