ਕੋਟਕਪੂਰਾ ਗੋਲੀਕਾਂਡ: ਐਸਐਚਓ ਗੁਰਦੀਪ ਪੰਧੇਰ ਨੂੰ 14 ਦਿਨਾਂ ਲਈ ਜੇਲ੍ਹ ਭੇਜਿਆ

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਵਾਪਰੇ ਕੋਟਕਪੂਰਾ ਗੋਲੀ ਕਾਂਡ ਵਿੱਚ ਵੱਡੀ ਕਾਰਵਾਈ ਕਰਦਿਆਂ ਵਿਸ਼ੇਸ਼ ਜਾਂਚ ਟੀਮ ਨੇ ਥਾਣਾ ਸਿਟੀ ਕੋਟਕਪੁਰਾ ਦੇ ਤੱਤਕਾਲੀ ਐਸਐਚਓ ਇੰਸਪੈਕਟਰ ਗੁਰਦੀਪ ਸਿੰਘ ਪੰਧੇਰ ਦਾ ਪੁਲਿਸ ਰਿਮਾਂਡ ਖਤਮ ਹੋਣ ‘ਤੇ ਅੱਜ ਇੱਥੋਂ ਦੇ ਡਿਊਟੀ ਮੈਜਿਸਟ੍ਰੇਟ ਨੇ 14 ਦਿਨਾਂ ਦੇ ਲਈ ਜੇਲ੍ਹ ਭੇਜ ਦਿੱਤਾ। ਦੱਸਣਯੋਗ ਹੈ ਕਿ ਬੀਤੇ ਦਿਨੀਂ ਅਦਾਲਤ ਨੇ ਗੁਰਦੀਪ ਸਿੰਘ ਨੂੰ 1 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜਿਆ ਸੀ।

ਗੁਰਦੀਪ ਪੰਧੇਰ ਉੱਪਰ ਸਰਕਾਰੀ ਕਾਰਤੂਸਾਂ ਨੂੰ ਖੁਰਦ-ਬੁਰਦ ਕਰਨ ਅਤੇ ਸਿੱਖਾਂ ਸੰਗਤਾਂ ਨੂੰ ਦੋਸ਼ੀ ਸਾਬਤ ਕਰਨ ਲਈ ਕਥਿਤ ਤੌਰ ’ਤੇ ਫਰਜ਼ੀ ਰਿਕਾਰਡ ਤਿਆਰ ਕਰਨ ਦੇ ਦੋਸ਼ ਹਨ। ਸਿਟੀ ਪੁਲੀਸ ਕੋਟਕਪੂਰਾ ਨੇ 14 ਅਕਤੂਬਰ 2015 ਦੀ ਸਵੇਰ ਸ਼ਾਂਤਮਈ ਧਰਨੇ ’ਤੇ ਬੈਠੀ ਸਿੱਖ ਸੰਗਤ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਬਾਅਦ ’ਚ ਉਨ੍ਹਾਂ ਖ਼ਿਲਾਫ਼ ਹੀ ਮੁਕੱਦਮਾ ਨੰ. 192, ਅ/ਧ 307, 353, 332, 323, 382, 435, 120-ਬੀ ਅਤੇ ਜਨਤਕ ਜਾਇਦਾਦ ਨੁਕਸਾਨ ਰੋਕੂ ਐਕਟ ਤਹਿਤ ਕੇਸ ਦਰਜ ਕੀਤਾ ਸੀ। ਇਹ ਪਰਚਾ ਐੱਸਐੱਚਓ ਗੁਰਦੀਪ ਪੰਧੇਰ ਦੀ ਸ਼ਿਕਾਇਤ ’ਤੇ ਦਰਜ ਹੋਇਆ ਸੀ ਜਿਸ ਨੇ ਆਪਣੀ ਸ਼ਿਕਾਇਤ ਵਿੱਚ ਦਾਅਵਾ ਕੀਤਾ ਸੀ ਕਿ ਪੁਲੀਸ ਨੇ ਸਵੈ-ਰੱਖਿਆ ਲਈ ਕੁਝ ਗੋਲੀਆਂ ਚਲਾਈਆਂ ਸਨ। ਇੰਸਪੈਕਟਰ ਪੰਧੇਰ ਅਨੁਸਾਰ ਪੁਲੀਸ ਮੁਲਾਜ਼ਮ ਗੁਰਬਿੰਦਰ ਸਿੰਘ, ਬਲਵੰਤ ਸਿੰਘ, ਜੰਗ ਸਿੰਘ ਅਤੇ ਦੋ ਹੋਰ ਪੁਲੀਸ ਮੁਲਾਜ਼ਮਾਂ ਨੇ ਦੋ-ਦੋ ਫਾਇਰ ਕੀਤੇ ਸਨ ਪਰ ਇਨ੍ਹਾਂ ਸਾਰੇ ਮੁਲਾਜ਼ਮਾਂ ਨੇ ਅਦਾਲਤ ’ਚ ਬਿਆਨ ਦਿੱਤੇ ਕਿ ਉਨ੍ਹਾਂ ਨੇ 14 ਅਕਤੂਬਰ 2015 ਨੂੰ ਕੋਟਕਪੂਰਾ ’ਚ ਕੋਈ ਫਾਇਰਿੰਗ ਨਹੀਂ ਕੀਤੀ। ਵਿਸ਼ੇਸ਼ ਜਾਂਚ ਟੀਮ ਵੱਲੋਂ ਅਦਾਲਤ ’ਚ ਪੇਸ਼ ਹੋਏ ਜ਼ਿਲ੍ਹਾ ਅਟਾਰਨੀ ਰਜਨੀਸ਼ ਕੁਮਾਰ ਗੋਇਲ ਨੇ ਅਦਾਲਤ ਨੂੰ ਦੱਸਿਆ ਕਿ ਅਸਲ ਵਿੱਚ ਗੁਰਦੀਪ ਸਿੰਘ ਪੰਧੇਰ ਨੇ 10 ਸਰਕਾਰੀ ਕਾਰਤੂਸ ਖੁਰਦ-ਬੁਰਦ ਕਰ ਦਿੱਤੇ ਅਤੇ ਇਹ ਕਾਰਤੂਸ ਚੱਲੇ ਦਿਖਾਉਣ ਲਈ ਥਾਣੇ ਦੇ 19 ਨੰਬਰ ਰਜਿਸਟਰ ਵਿੱਚ ਫਰਜ਼ੀ ਇੰਦਰਾਜ ਕਰ ਦਿੱਤੇ।

  •  
  •  
  •  
  •  
  •