ਬੇਅਦਬੀ ਕਾਂਡ ਦੇ ਕੁੱਝ ਕੇਸਾਂ ਵਿੱਚ ਬਾਦਲ ਮੁਲਜ਼ਮ ਵਜੋਂ ਨਾਮਜ਼ਦ

ਕੋਟਕਪੂਰਾ ਅਤੇ ਬਹਿਬਲ ਗੋਲੀ ਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਅੱਜ ਫਰੀਦਕੋਟ ਦੇ ਸੈਸ਼ਨ ਜੱਜ ਨੂੰ ਲਿਖਤੀ ਸ਼ਿਕਾਇਤ ਦੇ ਕੇ ਕਿਹਾ ਕਿ ਬੇਅਦਬੀ ਕਾਂਡ ਨਾਲ ਸਬੰਧਤ ਕੁੱਝ ਕੇਸਾਂ ਦੀ ਸੁਣਵਾਈ ਅਜਿਹੇ ਜੱਜਾਂ ਨੂੰ ਸੌਂਪੀ ਗਈ ਹੈ, ਜੋ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਪਰਿਵਾਰਕ ਮੈਂਬਰ ਅਤੇ ਬੇਹੱਦ ਕਰੀਬੀ ਹਨ।
ਟੀਮ ਦੇ ਮੈਂਬਰ ਆਈਜੀ ਕੰਵਰ ਵਿਜੈ ਪ੍ਰਤਾਪ ਸਿੰਘ ਨੇ ਜ਼ਿਲ੍ਹਾ ਅਟਾਰਨੀ ਰਾਹੀਂ ਕਾਰਜਕਾਰੀ ਸੈਸ਼ਨ ਜੱਜ ਫਰੀਦਕੋਟ ਦੀ ਅਦਾਲਤ ’ਚ ਅਰਜ਼ੀ ਦੇ ਕੇ ਖੁਲਾਸਾ ਕੀਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਕੋਟਕਪੂਰਾ ਅਤੇ ਬਹਿਬਲ ਗੋਲੀ ਕਾਂਡ ਵਾਪਰੇ ਸਨ, ਜਿਸ ’ਚ ਵਿਸ਼ੇਸ਼ ਜਾਂਚ ਟੀਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੋਂ ਪੁੱਛਗਿੱਛ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਨੂੰ ਕੁੱਝ ਕੇਸਾਂ ’ਚ ਮੁਲਜ਼ਮ ਵਜੋਂ ਸ਼ਾਮਲ ਕੀਤਾ ਜਾ ਸਕਦਾ ਹੈ। ਕੰਵਰ ਵਿਜੈ ਪ੍ਰਤਾਪ ਸਿੰਘ ਨੇ ਕਿਹਾ ਕਿ ਫ਼ਰੀਦਕੋਟ ਦੇ ਇੱਕ ਅਜਿਹੇ ਜੱਜ ਨੂੰ ਇਨ੍ਹਾਂ ਕੇਸਾਂ ਦੀ ਸੁਣਵਾਈ ਦਿੱਤੀ ਗਈ ਹੈ, ਜੋ ਬਾਦਲਾਂ ਦਾ ਪਰਿਵਾਰਕ ਮੈਂਬਰ ਅਤੇ ਕਰੀਬੀ ਦੋਸਤ ਹੈ। ਸੂਤਰਾਂ ਅਨੁਸਾਰ ਕਾਰਜਕਾਰੀ ਸੈਸ਼ਨ ਜੱਜ ਫ਼ਰੀਦਕੋਟ ਨੇ ਸੁਣਵਾਈ ਕਰਨ ਵਾਲੇ ਜੱਜ ਹਰਵਿੰਦਰ ਸਿੰਘ ਸਿੰਧੀਆ ਨੂੰ ਪੱਤਰ ਭੇਜ ਕੇ ਆਈਜੀ ਕੰਵਰ ਵਿਜੇ ਪ੍ਰਤਾਪ ਵੱਲੋਂ ਦਿੱਤੀ ਗਈ ਸ਼ਿਕਾਇਤ ’ਤੇ ਲਿਖਤੀ ਟਿੱਪਣੀ ਕਰਨ ਲਈ ਕਿਹਾ ਹੈ। ਸੈਸ਼ਨ ਜੱਜ ਫ਼ਰੀਦਕੋਟ ਕੰਵਰ ਵਿਜੇ ਪ੍ਰਤਾਪ ਦੀ ਅਰਜ਼ੀ ’ਤੇ 29 ਜੂਨ ਨੂੰ ਦੁਬਾਰਾ ਸੁਣਵਾਈ ਕਰਨਗੇ। ਆਈਜੀ ਕੰਵਰ ਵਿਜੈ ਪ੍ਰਤਾਪ ਸਿੰਘ ਨੇ ਇਸ ਬਾਰੇ ਜਾਣਕਾਰੀ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਹ ਮਾਮਲਾ ਅਦਾਲਤ ਦੇ ਵਿਚਾਰ ਅਧੀਨ ਹੈ।

  •  
  •  
  •  
  •  
  •