ਭਾਰਤ ‘ਚ ਕੋਰੋਨਾ ਨੇ ਪੰਜ ਲੱਖ ਦਾ ਅੰਕੜਾ ਕੀਤਾ ਪਾਰ

ਦੇਸ਼ ਵਿਚ ਜਾਨਲੇਵਾ ਕੋਰੋਨਾ ਵਾਇਰਸ (ਕੋਵਿਡ-19) ਦੇ ਮਾਮਲੇ ਰੋਜ਼ਾਨਾ ਨਵੇਂ ਰਿਕਾਰਡ ਬਣਾ ਰਹੇ ਹਨ। ਭਾਰਤ ਵਿਚ ਇਕ ਦਿਨ ਵਿਚ 18,552 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਕੋਰੋਨਾ ਵਾਇਰਸ ਮਰੀਜ਼ਾਂ ਦਾ ਅੰਕੜਾ 5.08 ਲੱਖ ਦੇ ਪਾਰ ਪਹੁੰਚ ਗਿਆ ਹੈ। ਜਦਕਿ ਪਿਛਲੇ 24 ਘੰਟਿਆਂ ‘ਚ 384 ਲੋਕਾਂ ਦੀ ਮੌਤ ਹੋਈ ਹੈ। ਭਾਰਤ ਵਿਚ ਕੋਰੋਨਾ ਪਾਜ਼ੇਟਿਵ ਮਾਮਲਿਆਂ ਦੀ ਕੁੱਲ ਗਿਣਤੀ 5,08,953 ਹੋ ਗਈ ਹੈ। ਜਿਸ ਵਿਚੋਂ 1,97,387 ਸਰਗਰਮ ਮਾਮਲੇ ਹਨ। ਜਿਸ ਤਰ੍ਹਾਂ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ, ਓਨੀ ਹੀ ਰਫ਼ਤਾਰ ਨਾਲ ਦੇਸ਼ ‘ਚ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵੀ ਵੱਧ ਰਹੀ ਹੈ। ਹੁਣ ਤੱਕ 2,95,881 ਮਰੀਜ਼ ਠੀਕ ਹੋ ਚੁੱਕੇ ਹਨ ਅਤੇ 15,685 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਦੇਸ਼ ਵਿਚ ਮਹਾਰਾਸ਼ਟਰ ਸੂਬਾ ਕੋਰੋਨਾ ਕਾਰਨ ਸਭ ਤੋਂ ਵਧੇਰੇ ਪ੍ਰਭਾਵਿਤ ਹੋਇਆ ਹੈ। ਮਹਾਰਾਸ਼ਟਰ ਵਿਚ ਕੋਰੋਨਾ ਦੇ 1,52,765 ਮਾਮਲੇ ਸਾਹਮਣੇ ਆਏ ਹਨ ਅਤੇ ਮੌਤਾਂ ਦੇ ਮਾਮਲੇ ਵੀ ਵੱਧ ਰਹੇ ਹਨ। ਪ੍ਰਦੇਸ਼ ਵਿਚ ਕੋਰੋਨਾ ਕਾਰਨ ਹੁਣ ਤੱਕ 7106 ਲੋਕਾਂ ਦੀ ਜਾਨ ਜਾ ਚੁੱਕੀ ਹੈ। ਇੱਥੇ ਇਕ ਦਿਨ ਵਿਚ 5000 ਤੋਂ ਵਧੇਰੇ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਦਿੱਲੀ ਵਿਚ 77,240 ਅਤੇ 2,492 ਮੌਤਾਂ ਹੋਈਆਂ ਹਨ, ਤਾਮਿਲਨਾਡੂ ਵਿਚ 74745 ਕੇਸ 957 ਮੌਤਾਂ ਨਾਲ ਹਨ।ਮਹਾਰਾਸ਼ਟਰ, ਦਿੱਲੀ ਤੋਂ ਬਾਅਦ ਤਾਮਿਲਨਾਡੂ ਵਿਚ ਵੀ ਕੋਰੋਨਾ ਨੇ ਰਫ਼ਤਾਰ ਫੜ੍ਹੀ ਹੈ। ਤਾਮਿਲਨਾਡੂ ਵਿਚ ਵਾਇਰਸ ਦੇ 3645 ਅਤੇ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ 3460 ਨਵੇਂ ਕੇਸ ਸਾਹਮਣੇ ਆਏ ਹਨ।

  • 39
  •  
  •  
  •  
  •