ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸਖਸ਼ੀਅਤ ਬਾਰੇ ਕੁਝ ਲੇਖਕਾਂ ਦੇ ਵਿਚਾਰ

ਅੱਜ ਦੇ ਦਿਨ 27 ਜੂਨ 1839 ਨੂੰ ਪੰਜ ਦਰਿਆਵਾਂ ਦਾ ਸ਼ੇਰ, ਮਹਾਰਾਜਾ ਰਣਜੀਤ ਸਿੰਘ ਸਵੇਰ ਦੇ ਸਮੇਂ ਇਸ ਦੁਨੀ ਸਹਾਵੇ ਬਾਗ ਨੂੰ ਸਦਾ ਲਈ ਛੱਡ ਗਿਆ। ਅਗਲੇ ਦਿਨ ਚਿਖਾ ਇਕੱਲੇ ਸ਼ੇਰ-ਇ-ਪੰਜਾਬ ਦੀ ਨਹੀਂ ਸਗੋਂ ਪੰਜਾਬੀਆਂ ਦੀ ਖੁਸ਼ਕਿਸਮਤੀ ਵੀ ਸੜ੍ਹੀ।

ਸ਼ੇਰ-ਏ-ਪੰਜਾਬ ਰਣਜੀਤ ਸਿੰਘ ਦੀ ਸਖ਼ਸ਼ੀਅਤ ਬਾਰੇ ਕੁਝ ਲੇਖਕਾਂ ਦੇ ਵਿਚਾਰ
੧.” ਰਣਜੀਤ ਸਿੰਘ ਨੂੰ ਮੁਹੰਮਦ ਅਲੀ, ਅਤੇ ਨਪੋਲੀਅਨ ਨਾਲ ਤੁਲਨਾ ਦਿਤੀ ਗਈ ਹੈ ।ਮਿਸਟਰ ਜੈਕਮੌਂਟ ਨੇ ਤਾਂ ਉਸਨੂੰ ਨਿੱਕੇ ਪੱਧਰ ਤੇ ਬੋਨਾਪਾਰਟ ਆਖਿਆ ਹੈ । ਉਸ ਵਿਚ ਕੁਝ ਗੱਲਾਂ ਇਹੋ ਜਿਹੀਆਂ ਹਨ ਜਿਹੜੀਆਂ ਇਨ੍ਹਾਂ ਦੋਹਾਂ ਨੇਤਾਵਾਂ ਨਾਲ ਮੇਲ ਖਾਂਦੀਆਂ ਹਨ । ਪਰ ਉਸ ਦੇ ਸੁਭਾਅ ਅਤੇ ਆਚਰਣ ਨੂੰ ਵੇਖਿਆ ਪਤਾ ਲਗਦਾ ਹੈ ਕਿ ਉਹ ਸ਼ਾਇਦ ਇਨ੍ਹਾਂ ਦੋਹਾਂ ਤੋਂ ਉਤੇ ਸੀ ਅਤੇ ਇਨ੍ਹਾਂ ਦੋਹਾਂ ਤੋਂ ਵੱਧ ਪ੍ਰਭਾਵਸ਼ਾਲੀ ਸੀ ।” (ਟੀ.ਐਚ. ਬੌਰਟਨ)

੨.” ਇਕ ਅਸਾਧਾਰਣ ਸਖ਼ਸ਼ੀਅਤ ਦਾ ਮਾਲਕ ਹੋਣ ਕਰਕੇ, ਉਹ ਆਪਣੇ ਸਮੇਂ ਵਿਚ ਕੁਸਤੁਨਤੁਨੀਆਂ ਤੋਂ ਲੈ ਕਿ ਪੀਕਿੰਗ ਤਕ ਬੇਮਿਸਾਲ ਯੋਗਤਾ ਦੇ ਕਾਰਨ ਪ੍ਰਸਿੱਧ ਸੀ ।” (ਜਾਨ ਮਾਰਸ਼ਮੈਨ)

੩.” ਉਹ ਆਪਣੇ ਰਾਜ ਸਿੰਘਾਸਣ ਤੇ ਬੈਠੇ ਹੋਏ ਬਹੁਤੇ ਬਾਰੋਅਬ ਨਹੀ ਸਨ ਜਾਪਦੇ, ਜਿਨ੍ਹੇ ਘੋੜੇ ਦੀ ਪਿੱਠ ਤੇ ਬੈਠੇ ਹੋਏ ਰ੍ਹੋਬੀਲੇ ਜਵਾਨ ਲਗਦੇ ਸਨ ।” (ਐਮਲੀ ਈਡਨ)

੪.”ਮਹਾਰਾਜੇ ਦੀ ਇਕੋ ਅੱਖ ਹੈ, ਜਿਹੜੀ ਕਾਫ਼ੀ ਵਿਸ਼ਾਲ ਹੈ । ਲਗਦਾ ਹੈ ਉਸ ਵਿਚ ਮਸ਼ਾਲਾਂ ਦੀ ਜੋਤ ਭੜਕ ਰਹੀ ਹੈ। ਉਸ ਵਿਚ ਚਮਕ ਵੀ ਹੈ ਤੇ ਅੱਗ ਵੀ। ਜਦੋਂ ਉਹ ਖੁਸ਼ ਹੁੰਦੇ ਹਨ ਤਾਂ ਉਹਨ੍ਹਾਂ ਦੀ ਅੱਖ ਮਿਸ਼ਾਲ ਵਾਂਗ ਚਮਕਦੀ ਹੈ, ਜਦੋਂ ਉਹ ਕਿਸੇ ਗੱਲੋਂ ਗ਼ੁੱਸੇ ਹੋ ਜਾਂਦੇ ਹਨ ਤਾਂ ਉਨ੍ਹਾਂ ਦੀ ਇੱਕੋ ਅੱਖ ਸ਼ੋਹਲਾ ਬਣ ਜਾਂਦੀ ਹੈ । ਮਹਾਰਾਜਾ ਗ਼ੁੱਸੇ ਹਨ ਜਾਂ ਖੁਸ਼ ਇਹ ਉਹਨ੍ਹਾਂ ਦੀ ਅੱਖ ਹੀ ਦਰਸਾ ਦਿੰਦੀ ਹੈ । ਉਨ੍ਹਾਂ ਦਾ ਗੱਲ ਕਰਨ ਦਾ ਢੰਗ ਸਾਦਾ ਪਰ ਦਿਲ ਖਿੱਚਵਾਂ ਹੈ । ਉਹਨ੍ਹਾਂ ਦੀ ਬੋਲਚਾਲ ਚ ਕਦੇ ਵੀ ਕਾਹਲੀ ਜਾਂ ਘਬਰਾਹਟ ਪਰਤੀਤ ਨਹੀ ਹੁੰਦੀ । ਉਹ ਬਾਹਰਲੇ ਦੇਸ਼ਾਂ ਤੋਂ ਆਏ ਯਾਤਰੀਆਂ, ਏਲਚੀਆਂ ਤੇ ਸਫ਼ੀਰਾਂ ਨਾਲ ਖ਼ੁਦ ਗੱਲ ਕਰਦੇ ਹਨ । ਉਹ ਗੱਲ ਦੀ ਤਹਿ ਤੇ ਛੇਤੀ ਪਹੁੰਚ ਜਾਂਦੇ ਹਨ ।” (ਮੈਕਰੈਗਰ)

੫.” ਮੈ ਕਦੀ ਵੀ ਉਹਨ੍ਹਾਂ ਨੂੰ ਜ਼ਰੀ ਵਾਲੇ ਬਸਤਰ ਪਾਇਆਂ ਜਾਂ ਜੇਵਰ ਸਜਾਇਆਂ ਨਹੀ ਵੇਖਿਆ । ਕੋਹੇਨੂਰ ਵਾਲਾ ਬਾਜ਼ੂਬੰਦ ਵੀ ਖ਼ਾਸ ਖ਼ਾਸ ਮੌਕਿਆਂ ਤੇ ਪਾਉਂਦੇ ਸਨ। ਨਹੀਂ ਤਾਂ ਰਣਜੀਤ ਸਿੰਘ ਦੀ ਰਹਿਣੀ ਬਹਿਣੀ ਬਹੁਤ ਕਰਕੇ ਆਮ ਲੋਕਾਂ ਵਰਗੀ ਸੀ ।” (ਹਿਊਗਲ)

੬.” ਰਣਜੀਤ ਸਿੰਘ ਲੋਕਾਂ ਦੇ ਤਸੱਵਰ ਵਿਚ ਅੱਜ ਵੀ ਉਵੇਂ ਹੀ ਜਿਉਂਦੇ ਹਨ ਜਿਵੇਂ ਉਹ ਆਪਣੇ ਪੰਜ ਭੌਤਿਕ ਸਰੀਰ ਵੇਲੇ ਜਿਊਂਦੇ ਸਨ । ਅੱਜ ਉਹ ਸਿਰਫ਼ ਉਥੇ ਹੀ ਨਹੀ ਜਿਉਂਦੇ ਜਿੱਥੇ ਅੱਜ ਕੱਲ ਸਿੱਖਾਂ ਦੀ ਵੱਸੋਂ ਹੈ (ਭਾਰਤ) ,ਬਲਕਿ ਉਥੇ ਵੀ, ਜਿਥੇ ਉਹ ਪਾਕਿਸਤਾਨ ਬਣਨ ਤੋਂ ਪਹਿਲਾਂ ਵਸ ਰਹੇ ਸਨ। ਉਹ ਸਿੱਖਾਂ ਅਤੇ ਮੁਸਲਮਾਨਾਂ ਦੀ ਸਾਂਝੀ ਸਖ਼ਸ਼ੀਅਤਾਂ ਸਨ ਜਿਸ ਨੇ ਦੇਵ ਮਾਲਾਈ ਸਥਾਨ ਗ੍ਰਹਿਣ ਕਰ ਲਿਆ ਸੀ। ਇਸੇ ਲਈ ਪਾਕਿਸਤਾਨ ਬਣਨ ਸਮੇਂ ਜਦੋਂ ਸਿੱਖ ਉਸ ਦੇਸ਼ ਵਿਚੋਂ ਨਿਕਲ ਰਹੇ ਸਨ ਤਾਂ ਮੁਸਲਮਾਨਾਂ ਨੇ ਸਿੱਖਾਂ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਨੂੰ ਪਾਕਿਸਤਾਨ ਤੋਂ ਨਿਕਲਣ ਨਹੀ ਦਿਤਾ । ਉਨ੍ਹਾਂ ਦੀ ਹਰਮਨ ਪਿਆਰੀ ਤਸਵੀਰ ਲੋਕਾਂ ਦਿਆਂ ਮਨਾਂ ਚ ਹੁਣ ਵੀ ਅੰਕਿਤ ਹੈ । ਉਤਸਵੀਰ ਇਕ ਜੇਤੂ ਨਾਇਕ ਦੀ ਨਹੀ,ਸਗੋਂ ਇਕ ਦਿਆਲੂ ਬਾਪ ਦੀ ਹੈ ।” (ਸੱਯਦ ਵਹੀਦ-ਉਦ-ਦੀਨ)

‘‘ਮਹਾਂਬਲੀ ਰਣਜੀਤ ਸਿੰਘ ਹੋਇਆ ਪੈਦਾ,
ਨਾਲ ਜ਼ੋਰ ਦੇ ਮੁਲਕ ਹਿਲਾਇ ਗਿਆ।
ਮੁਲਤਾਨ, ਕਸ਼ਮੀਰ, ਪਸ਼ੌਰ, ਚੰਬਾ,
ਜੰਮੂ, ਕਾਂਗੜਾ ਕੋਟ ਨਿਵਾਇ ਗਿਆ।
ਹੋਰ ਦੇਸ਼ ਲੱਦਾਖ ਤੇ ਚੀਨ ਤੋੜੀ,
ਸਿੱਕਾ ਆਪਣੇ ਨਾਮ ਚਲਾਇ ਗਿਆ।
ਸ਼ਾਹ ਮੁਹੰਮਦਾ ਜਾਣ ਪਚਾਸ ਬਰਸਾਂ
ਅੱਛਾ ਰੱਜ ਕੇ ਰਾਜ ਕਮਾਇ ਗਿਆ।’’(ਸ਼ਾਹ ਮੁਹੰਮਦ)

ਬਲਦੀਪ ਸਿੰਘ ਰਾਮੂੰਵਾਲੀਆ

  • 309
  •  
  •  
  •  
  •