PSGPC ਵੱਲੋਂ ਕਰਤਾਰਪੁਰ ਸਾਹਿਬ ਲਾਂਘਾ ਮੁੜ ਖੋਲਣ ਬਾਰੇ ਪਾਕਿਸਤਾਨ ਦੇ ਐਲਾਨ ਦਾ ਸਵਾਗਤ

ਲਾਹੌਰ, 28 ਜੂਨ, 2020 : ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀ ਐਸ ਜੀ ਪੀ ਸੀ) ਨੇ ਪਾਕਿਸਤਾਨ ਸਰਕਾਰ ਵੱਲੋਂ ਕਰਤਾਰਪੁਰ ਸਾਹਿਬ ਲਾਂਘਾ ਮੁੜ ਖੋਲਣ ਦੇ ਕੀਤੇ ਐਲਾਨ ਦਾ ਸਵਾਗਤ ਕੀਤਾ ਹੈ।
ਪੀ ਐਸ ਜੀ ਪੀ ਸੀ ਦੇ ਪ੍ਰਧਾਨ ਸਤਵੰਤ ਸਿੰਘ ਨੇ ਕਿਹਾ ਕਿ ਲਾਂਘਾ ਮੁੜ ਖੋਲਣ ਨੂੰ ਧਿਆਨ ਵਿਚ ਰੱਖਦਿਆਂ ਕਮੇਟੀ ਅਤੇ ਇਵੈਕਿਊ ਟਰੱਸਟ ਪ੍ਰਾਪਰਟੀ ਬੋਰਡ (ਈ ਟੀ ਪੀ ਬੀ) ਨੇ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਵਿਖੇ ਭਾਰਤੀ ਸ਼ਰਧਾਲੂਆਂ ਨੂੰ ਸੰਭਾਲਣ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ। ਉਹਨਾਂ ਕਿਹਾ ਕਿ ਅਸੀਂ ਸ਼ਰਧਾਲੂਆਂ ਦਾ ਸਵਾਗਤ ਕਰਾਂਗੇ ਤੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲੋੜੀਂਦੇ ਪ੍ਰਬੰਧ ਕਰਾਂਗੇ।

ਇਥੇ ਦੱਸਣਯੋਗ ਹੈ ਕਿ ਪਾਕਿਸਤਾਨ ਨੇ ਕੱਲ 29 ਜੂਨ ਦਿਨ ਸੋਮਵਾਰ ਤੋਂ ਕਰਤਾਰਪੁਰ ਸਾਹਿਬ ਲਾਂਘਾ ਮੁੜ ਖੋਲਣ ਦਾ ਫੈਸਲਾ ਕੀਤਾ ਹੈ। ਪੀ ਐਸ ਜੀ ਪੀ ਸੀ ਨੇ ਕਿਹਾ ਹੈ ਕਿ ਅਸੀਂ ਦੁਨੀਆਂ ਭਰ ਤੋਂ ਕਰਤਾਰਪੁਰ ਸਾਹਿਬ ਆ ਕੇ ਬਾਬਾ ਜੀ ਦਾ ਆਸ਼ੀਰਵਾਦ ਲੈਣ ਵਾਲੀ ਸੰਗਤ ਦਾ ਸਵਾਗਤ ਕਰਾਂਗੇ।
ਇਥੇ ਇਹ ਵੀ ਦੱਸਣਯੋਗ ਹੈ ਕਿ ਗੁਰਦੁਆਰਾ ਡੇਰਾ ਸਾਹਿਬ ਵਿਚ ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ 181ਵੀਂ ਬਰਸੀ ਮਨਾਉਣ ਲਈ ਦੇ ਸਬੰਧ ਵਿਚ 27 ਜੂਨ ਨੂੰ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਹਨ। ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਵੀ ਇਥੇ ਨੇੜੇ ਹੀ ਹੈ ਤੇ ਇਸ ਮੌਕੇ ਮੁੱਖ ਸਮਾਗਮ 29 ਜੂਨ ਨੂੰ ਹੋਵੇਗਾ।

  • 1.3K
  •  
  •  
  •  
  •