ਪਾਕਿ: ਕਰਾਚੀ ਸਟੌਕ ਐਕਸਚੇਂਜ ‘ਤੇ ਚਾਰ ਹਥਿਆਰਬੰਦਾਂ ਨੇ ਕੀਤਾ ਹਮਲਾ, ਕਰੀਬ 8 ਲੋਕਾਂ ਦੀ ਮੌਤ

ਪਾਕਿਸਤਾਨ ‘ਚ ਕਰਾਚੀ ਸਟੌਕ ਐਕਸਚੇਂਜ ਉੱਤੇ ਹਥਿਆਰਬੰਦ ਹਮਲਾਵਰਾਂ ਨੇ ਹਮਲਾ ਕੀਤੇ ਜਾਣ ਦੀ ਖਬਰ ਆ ਰਹੀ ਹੈ। ਸਥਾਨਕ ਮੀਡੀਆ ਅਨੁਸਾਰ ਕਰਾਚੀ ਸਟਾਕ ਐਕਸਚੇਂਜ ਉੱਤੇ ਹੋਏ ਹਮਲੇ ਵਿੱਚ ਘੱਟੋ-ਘੱਟ 8 ਲੋਕਾਂ ਦੀ ਮੌਤ ਹੋਈ ਹੈ। ਸਿੰਧ ਰੇਂਜਰਜ਼ ਅਨੁਸਾਰ ਹਮਲੇ ਵਿੱਚ ਸ਼ਾਮਿਲ ਚਾਰ ਹਮਲਾਵਰ ਵੀ ਮਾਰੇ ਗਏ ਹਨ ਅਤੇ ਇਮਾਰਤ ਦੀ ਤਲਾਸ਼ੀ ਲਈ ਜਾ ਰਹੀ ਹੈ।

ਬੀਬੀਸੀ ਅਨੁਸਾਰ ਪਾਬੰਦੀਸ਼ੁਦਾ ਜਥੇਬੰਦੀ ਬਲੋਚਿਸਤਾਨ ਲਿਬਰੇਸ਼ਨ ਆਰਮੀ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਜਥੇਬੰਦੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਹਮਲੇ ਨੂੰ ਜਥੇਬੰਦੀ ਦੇ ਮਾਜਿਦ ਗਰੁੱਪ ਨੇ ਅੰਜਾਮ ਦਿੱਤਾ ਹੈ। ਇਹ ਘਟਨਾ ਪਾਕਿਸਤਾਨ ਦੇ ਸਮੇਂ ਅਨੁਸਾਰ ਸਵੇਰੇ 10 ਵਜੇ ਹੋਈ ਸੀ ਅਤੇ ਸ਼ੁਰੂਆਤੀ ਜਾਣਕਾਰੀ ਅਨੁਸਾਰ ਹਮਲਾਵਰ ਪਾਰਕਿੰਗ ਵਾਲੇ ਏਰੀਆ ਤੋਂ ਅੰਦਰ ਵੜੇ ਸਨ।

ਲੋਕਾਂ ਦੀ ਮਦਦ ਲਈ ਆਈ ਈਧੀ ਫਾਊਂਡੇਸ਼ਨ ਦੇ ਮੁਖੀ ਫੈਸਲ ਈਧੀ ਨੇ ਕਿਹਾ ਹੈ ਕਿ ਜ਼ਖਮੀ ਗਾਰਡਾਂ ਨੂੰ ਸਿਵਿਲ ਹਸਪਤਾਲ ਪਹੁੰਚਾਇਆ ਗਿਆ ਹੈ। ਸਿੰਧ ਦੇ ਐਡੀਸ਼ਨਲ ਆਈਜੀ ਗੁਲਾਮ ਨਬੀ ਮੈਮਨ ਨੇ ਬੀਬੀਸੀ ਨੂੰ ਦੱਸਿਆ ਕਿ ਹਮਲਾਵਰ ਸਿਲਵਰ ਕੋਰੋਲਾ ਵਿੱਚ ਆਏ ਸਨ ਅਤੇ ਜਦੋਂ ਸੁਰੱਖਿਆ ਗਾਰਡ ਨੇ ਉਨ੍ਹਾਂ ਨੂੰ ਰੋਕਿਆ ਤਾਂ ਫਾਇਰਿੰਗ ਸ਼ੁਰੂ ਹੋ ਗਈ। ਉਨ੍ਹਾਂ ਕਿਹਾ ਕਿ ਦੋ ਹਮਲਾਵਰਾਂ ਦੀ ਮੌਤ ਗੇਟ ‘ਤੇ ਹੀ ਹੋ ਗਈ ਸੀ ਜਦਕਿ ਦੋ ਹਮਲਾਵਰ ਇਮਾਰਤ ਵਿੱਚ ਦਾਖਿਲ ਹੋਣ ਵਿੱਚ ਕਾਮਯਾਬ ਹੋ ਗਏ ਸਨ ਪਰ ਉਨ੍ਹਾਂ ਨੂੰ ਸੁਰੱਖਿਆ ਮੁਲਾਜ਼ਮਾਂ ਨੇ ਮਾਰ ਦਿੱਤਾ ਹੈ।
ਕਰਾਚੀ ਦੇ ਆਈ.ਜੀ. ਦਾ ਕਹਿਣਾ ਹੈ ਕਿ ਹਮਲਾਵਰਾਂ ਨੇ ਕਥਿਤ ਤੌਰ ‘ਤੇ ਪੁਲਸ ਅਧਿਕਾਰੀਆਂ ਦੇ ਕੱਪੜੇ ਪਹਿਨੇ ਹੋਏ ਸਨ। ਇਮਾਰਤ ਦੇ ਅੰਦਰ ਲੱਗਭਗ 2,000 ਦੇ ਕਰੀਬ ਲੋਕਾਂ ਦੇ ਮੌਜੂਦ ਹੋਣ ਦੀ ਜਾਣਕਾਰੀ ਹੈ।

  • 19
  •  
  •  
  •  
  •