ਹੁਣ ਨੇਪਾਲੀ ਸੰਸਦ ਵਿਚ ਹਿੰਦੀ ‘ਤੇ ਰੋਕ ਲਾਉਣ ਦੀਆਂ ਤਿਆਰੀਆਂ

ਨੇਪਾਲ ਭਾਰਤ ਖਿਲਾਫ਼ ਜਾਂਦੇ ਕਦਮ ਦਿਨੋ-ਦਿਨ ਪੁੱਟ ਰਿਹਾ ਹੈ। ਪਹਿਲਾਂ ਹੋਰ ਕਈ ਮੱਤਭੇਦਾਂ ‘ਤੇ ਭਾਰਤ-ਨੇਪਾਲ ਵਿਚ ਖਹਿਬੜਬਾਜ਼ੀ ਚੱਲ ਰਹੀ ਹੈ। ਹੁਣ ਨੇਪਾਲੀ ਸੰਸਦ ਵਿਚ ਹਿੰਦੀ ‘ਤੇ ਰੋਕ ਲਾਉਣ ਦੀਆਂ ਤਿਆਰੀਆਂ ਨੇ ਭਾਰਤ ਨੂੰ ਪਰੇਸ਼ਾਨ ਕੀਤਾ ਹੈ।
ਨਵੇਂ ਰਾਜਨੀਤਕ ਨਕਸ਼ੇ ਵਿਚ ਉਤਰਾਖੰਡ ਦੇ ਤਿੰਨ ਖਿੱਤਿਆਂ ਨੂੰ ਅਪਣੇ ਦੱਸਣ ਤੋਂ ਬਾਅਦ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਸਰਕਾਰ ਨੇ ਸੰਸਦ ਵਿਚ ਹਿੰਦੀ ‘ਤੇ ਪਾਬੰਦੀ ਲਗਾਉਣ ਬਾਰੇ ਗੱਲ ਕਰਨੀ ਸ਼ੁਰੂ ਕਰ ਦਿਤੀ ਹੈ। ਹੈਰਾਨੀ ਦੀ ਗੱਲ ਹੈ ਕਿ ਹੁਣ ਤਕ ਨੇਪਾਲ ਦੀ ਭਾਰਤ ਨਾਲ ‘ਰੋਟੀ-ਬੇਟੀ’ ਦਾ ਰਿਸ਼ਤਾ ਰਿਹਾ ਹੈ। ਨੇਪਾਲ ਭਾਰਤ ਅਤੇ ਚੀਨ ਵਿਚਾਲੇ ਸਥਿਤ ਛੋਟਾ ਜਿਹਾ ਦੇਸ਼ ਹੈ। ਚੀਨ, ਪਾਕਿਸਤਾਨ ਤੋਂ ਬਾਅਦ ਹੁਣ ਨੇਪਾਲ ਭਾਰਤ ਨੂੰ ਅੱਖਾਂ ਦਿਖਾ ਰਿਹਾ ਹੈ।

ਹਾਲਾਂਕਿ ਜਿਵੇਂ ਹੀ ਸੰਸਦ ਵਿਚ ਪ੍ਰਸਤਾਵ ਪੇਸ਼ ਕੀਤਾ ਗਿਆ, ਅਪਣੀ ਪਾਰਟੀ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਦਾ ਵਿਰੋਧ ਕਰਨਾ ਸ਼ੁਰੂ ਕਰ ਦਿਤਾ। ਇਸ ਦਾ ਕਾਰਨ ਇਹ ਹੈ ਕਿ ਨੇਪਾਲ ਵਿਚ ਇਕ ਵੱਡੀ ਆਬਾਦੀ ਹਿੰਦੀ ਬੋਲਦੀ ਹੈ। ਖ਼ਾਸ ਕਰ ਕੇ ਜਿਹੜੇ ਲੋਕ ਤਰਾਈ ਵਿਚ ਰਹਿੰਦੇ ਹਨ, ਉਹ ਸਿਰਫ਼ ਹਿੰਦੀ, ਭੋਜਪੁਰੀ ਜਾਂ ਮੈਥਿਲੀ ਬੋਲਦੇ ਹਨ।

ਜ਼ਿਕਰਯੋਗ ਹੈ ਕਿ ਨੇਪਾਲ ਦੇ ਨੀਵੇਂ ਇਲਾਕਿਆਂ ਵਿਚ ਰਹਿਣ ਵਾਲੇ ਲੋਕ ਹਿੰਦੀ ਬੋਲਦੇ ਹਨ। ਇਹ ਪ੍ਰਗਟਾਵਾ ਨੇਪਾਲ ਵਿਚ ਸਾਲ 2011 ਵਿਚ ਕੀਤੀ ਗਈ ਮਰਦਮਸ਼ੁਮਾਰੀ ਤੋਂ ਹੋਇਆ ਸੀ। ਭਾਰਤ ਦੀ ਸਰਹੱਦ ਨਾਲ ਲਗਦੇ ਇਨ੍ਹਾਂ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਦੀ ਕੁੱਲ ਸੰਖਿਆ 77,569 ਹੈ।
ਇਸ ਦਾ ਅਰਥ ਹੈ ਕਿ ਇਹ ਨੇਪਾਲ ਦੀ ਆਬਾਦੀ ਦਾ ਲਗਭਗ 0.29 ਫ਼ੀ ਸਦੀ ਹੈ। ਇਸ ਤੋਂ ਬਾਅਦ ਵੀ ਨੇਪਾਲ ਦੇ ਵੱਡੇ ਹਿੱਸਿਆਂ ਵਿਚ ਲੋਕ ਹਿੰਦੀ ਬੋਲਦੇ ਅਤੇ ਸਮਝਦੇ ਹਨ। ਜੇਕਰ ਅਜਿਹਾ ਹੋ ਜਾਂਦਾ ਹੈ ਤਾਂ ਭਾਰਤ ਤੇ ਨੇਪਾਲ ਵਿਚਕਾਰ ਆਉਣ ਵਾਲੇ ਕੁੱਝ ਸਾਲਾਂ ਬਾਅਦ ਹਰ ਪ੍ਰਕਾਰ ਦੀ ਸਾਂਝ ਖ਼ਤਮ ਹੋ ਜਾਵੇਗੀ।

  • 199
  •  
  •  
  •  
  •